Navratri 2023: ਭਲਕੇ ਸ਼ੁਰੂ ਹੋਣਗੇ ਚੇਤ ਦੇ ਨਰਾਤੇ, ਜਾਣੋ ਪੂਜਾ ਵਿਧੀ ਤੇ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ

Tuesday, Mar 21, 2023 - 10:40 AM (IST)

ਜਲੰਧਰ (ਬਿਊਰੋ) - ਹੋਲੀ ਤੋਂ ਬਾਅਦ ਮਾਂ ਦੁਰਗਾ ਦੀ ਅਰਾਧਨਾ ਲਈ ਸਮਰਪਿਤ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੁੰਦੀ ਹੈ। ਮਾਂ ਦੁਰਗਾ ਦੀ ਪੂਜਾ ਕਰਨ ਲਈ ਚੇਤ ਦੇ ਨਰਾਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ 22 ਮਾਰਚ 2023 ਦਿਨ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਹਨ ਅਤੇ 30 ਮਾਰਚ 2023 ਦਿਨ ਵੀਰਵਾਰ ਨੂੰ ਖ਼ਤਮ ਹੋਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਵਮੀ ਦਾ ਤਿਉਹਾਰ ਵੀ ਆਉਂਦਾ ਹੈ। ਚੇਤ ਨਰਾਤੇ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸ ਲਈ ਇਸ ਨੂੰ ਰਾਮ ਨੌਵਮੀ ਕਿਹਾ ਜਾਂਦਾ ਹੈ।
22 ਮਾਰਚ ਤੋਂ ਸ਼ੁਰੂ ਹੋ ਰਹੇ ਚੇਤ ਨਰਾਤਿਆਂ ਦੇ ਪਹਿਲੇ ਦਿਨ, ਘਟਸਥਾਪਨ ਜਾਂ ਕਲਸ਼ ਦੀ ਸਥਾਪਨਾ ਸ਼ੁਭ ਸਮੇਂ 'ਚ ਕੀਤੀ ਜਾਂਦੀ ਹੈ। ਫਿਰ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ, ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਚੇਤ ਦੇ ਨਰਾਤਿਆਂ 'ਚ ਕਲਸ਼ ਲਗਾਉਣ ਦਾ ਸ਼ੁਭ ਸਮਾਂ ਕਿਹੜਾ ਹੈ।

ਕਲਸ਼ ਦੀ ਸਥਾਪਨਾ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਹੋਵੇਗੀ, ਜੋ ਇਸ ਪ੍ਰਕਾਰ ਹੈ :-

ਸ਼ੁੱਭ ਮਹੂਰਤ 22 ਮਾਰਚ ਸਵੇਰੇ 6:29 ਤੋਂ 7:39 ਤੱਕ ਰਹੇਗਾ। 
ਸ਼ੁਕਲ ਯੋਗ : 21 ਮਾਰਚ ਦੁਪਹਿਰ 12:42 ਤੋਂ ਸ਼ੁਰੂ ਹੋ ਕੇ ਅਗਲੇ ਦਿਨ 22 ਮਾਰਚ ਸਵੇਰੇ 09:18 ਤੱਕ ਰਹੇਗਾ।
ਬ੍ਰਹਮਾ ਯੋਗ : 22 ਮਾਰਚ ਨੂੰ ਸਵੇਰੇ 9.18 ਤੋਂ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ 23 ਮਾਰਚ ਸਵੇਰੇ 6 :16 ਵਜੇ ਤੱਕ ਰਹੇਗਾ।

ਕਿਸ ਸਵਾਰੀ 'ਤੇ ਆ ਰਹੀ ਹੈ ਮਾਤਾ ਰਾਣੀ :- ਇਸ ਵਾਰ ਚੇਤਰ ਦੇ ਨਰਾਤੇ 2023 'ਚ ਮਾਤਾ ਰਾਣੀ ਕਿਸ਼ਤੀ 'ਤੇ ਸਵਾਰ ਹੋ ਕੇ ਆ ਰਹੀ ਹੈ।

ਕਿਵੇਂ ਤੈਅ ਹੁੰਦਾ ਹੈ ਕਿ ਮਾਂ ਕਿਸ 'ਤੇ ਸਵਾਰ ਹੋ ਕੇ ਆਵੇਗੀ?
ਦਿਨ ਦੇ ਹਿਸਾਬ ਨਾਲ ਇਹ ਤੈਅ ਹੁੰਦਾ ਹੈ ਕਿ ਮਾਂ ਕਿਸ ਗੱਡੀ 'ਤੇ ਸਵਾਰ ਹੋ ਕੇ ਆਵੇਗੀ। ਜੇਕਰ ਸੋਮਵਾਰ ਨੂੰ ਘਟ ਸਥਾਪਨਾ ਹੈ ਤਾਂ ਮਾਤਾ ਰਾਣੀ ਹਾਥੀ 'ਤੇ, ਸ਼ਨੀਵਾਰ ਅਤੇ ਮੰਗਲਵਾਰ ਨੂੰ ਘੋੜੇ 'ਤੇ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਡੋਲੀ 'ਚ ਬੈਠ ਕੇ, ਬੁੱਧਵਾਰ ਨੂੰ ਕਿਸ਼ਤੀ 'ਤੇ ਸਵਾਰ ਹੋ ਕੇ ਆਉਂਦੀ ਹੈ। ਇਸ ਵਾਰ ਨਰਾਤੇ 22 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਅਜਿਹੇ 'ਚ ਇਸ ਵਾਰ ਦੇਵੀ ਮਾਂ ਕਿਸ਼ਤੀ 'ਤੇ ਸਵਾਰ ਹੋ ਕੇ ਆ ਰਹੀ ਹੈ।

PunjabKesari

ਕਿਸ਼ਤੀ 'ਤੇ ਆਉਣ ਨਾਲ ਕੀ ਹੋਵੇਗਾ ਸ਼ੁਭ ਅਤੇ ਅਸ਼ੁਭ ਪ੍ਰਭਾਵ :-
ਜਦੋਂ ਦੇਵੀ ਹਾਥੀ 'ਤੇ ਸਵਾਰ ਹੋ ਕੇ ਆਉਂਦੀ ਹੈ ਤਾਂ ਬਹੁਤ ਮੀਂਹ ਪੈਂਦਾ ਹੈ। ਜੇਕਰ ਉਹ ਘੋੜੇ 'ਤੇ ਆ ਜਾਵੇ ਤਾਂ ਜੰਗ ਦੀ ਸੰਭਾਵਨਾ ਹੈ। ਜੇਕਰ ਉਹ ਕਿਸ਼ਤੀ 'ਤੇ ਸਵਾਰ ਹੋ ਕੇ ਆਵੇ ਤਾਂ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਜੇਕਰ ਉਹ ਡੋਲੀ ਵਿੱਚ ਬੈਠ ਕੇ ਆ ਜਾਣ ਤਾਂ ਮਹਾਂਮਾਰੀ ਦਾ ਡਰ ਬਣਿਆ ਰਹਿੰਦਾ ਹੈ।

ਚੇਤ ਦੇ ਨਰਾਤਿਆਂ ਦੀਆਂ ਹਾਰਦਿਕ ਸ਼ੁੱਭ ਕਾਮਨਾਵਾਂ
ਪਹਿਲਾ ਨਰਾਤਾ 22 ਮਾਰਚ 2023 ਦਿਨ ਬੁੱਧਵਾਰ : ਮਾਂ ਸ਼ੈਲਪੁੱਤਰੀ
ਦੂਜਾ ਨਰਾਤਾ 23 ਮਾਰਚ 2023 ਦਿਨ ਵੀਰਵਾਰ : ਮਾਂ ਬ੍ਰਹਮਚਾਰਣੀ
ਤੀਜਾ ਨਰਾਤਾ 24 ਮਾਰਚ 2023 ਦਿਨ ਸ਼ੁੱਕਰਵਾਰ : ਮਾਂ ਚੰਦਰਘੰਟਾ
ਚੌਥਾ ਨਰਾਤਾ 25 ਮਾਰਚ 2023 ਦਿਨ ਸ਼ਨੀਵਾਰ : ਮਾਂ ਕੁਸ਼ਮਾਂਡਾ
ਪੰਜਵਾਂ ਨਰਾਤਾ 26 ਮਾਰਚ 2023 ਦਿਨ ਐਤਵਾਰ : ਮਾਂ ਸਕੰਦਮਾਤਾ
ਛੇਵਾਂ ਨਰਾਤਾ 27 ਮਾਰਚ 2023 ਦਿਨ ਸੋਮਵਾਰ : ਮਾਂ ਕਾਤਿਆਨੀ
ਸੱਤਵਾਂ ਨਰਾਤਾ 28 ਮਾਰਚ 2023 ਦਿਨ ਮੰਗਲਵਾਰ : ਮਾਂ ਕਾਲਰਾਤਰੀ ਪੂਜਾ
ਅਸ਼ਟਮੀ 29 ਮਾਰਚ 2023 ਦਿਨ ਬੁੱਧਵਾਰ : ਮਾਂ ਮਹਾਗੌਰੀ, ਮਹਾਅਸ਼ਟਮੀ
ਨੌਵਮੀ 30 ਮਾਰਚ 2023 ਦਿਨ ਵੀਰਵਾਰ : ਮਾਂ ਸਿੱਧੀਦਾਤਰੀ,ਦੁਰਗਾ ਮਹਾਨੌਮਵੀ, ਰਾਮ ਨੌਮਵੀ

ਕਿਉਂ ਕੀਤੀ ਜਾਂਦੀ ਹੈ ਕਲਸ਼ ਸਥਾਪਨਾ?
ਪੂਜਾ ਸਥਾਨ 'ਤੇ ਕਲਸ਼ ਦੀ ਸਥਾਪਨਾ ਕਰਨ ਤੋਂ ਪਹਿਲਾਂ ਉਸ ਜਗ੍ਹਾ ਨੂੰ ਗੰਗਾ ਜਲ ਨਾਲ ਸ਼ੁੱਧ ਕੀਤਾ ਜਾਂਦਾ ਹੈ। ਕਲਸ਼ ਨੂੰ ਪੰਜ ਤਰ੍ਹਾਂ ਦੇ ਪੱਤਿਆਂ ਨੂੰ ਸਜਾਇਆ ਜਾਂਦਾ ਹੈ ਤੇ ਉਸ 'ਚ ਹਲਦੀ ਦੀਆਂ ਗੰਢਾਂ, ਸੁਪਾਰੀ, ਦੂਰਵਾ ਆਦਿ ਰੱਖੀ ਜਾਂਦੀ ਹੈ। ਕਲਸ਼ ਸਥਾਪਿਤ ਕਰਨ ਲਈ ਉਸ ਦੇ ਹੇਠਾਂ ਰੇਤ ਦੀ ਬੇਦੀ ਬਣਾਈ ਜਾਂਦੀ ਹੈ, ਜਿਸ 'ਚ ਜੌਂ ਬੀਜੇ ਜਾਂਦੇ ਹਨ। ਜੌਂ ਬੀਜਣ ਦੀ ਵਿਧੀ ਧਨ ਦੇਣ ਵਾਲੀ ਦੇਵੀ ਅੰਨਪੂਰਨਾ ਨੂੰ ਖੁਸ਼ ਕਰਨ ਲਈ ਕੀਤੀ ਜਾਂਦੀ ਹੈ। ਮਾਂ ਦੁਰਗਾ ਦੀ ਤਸਵੀਰ ਜਾਂ ਮੂਰਤੀ ਨੂੰ ਪੂਜਾ ਸਥਾਨ ਦੇ ਵਿਚਕਾਰ ਸਥਾਪਿਤ ਕਰਦੇ ਹਨ। ਇਸ ਤੋਂ ਬਾਅਦ ਮਾਂ ਦੁਰਗਾ ਦਾ ਸ਼ਿੰਗਾਰ, ਰੋਲੀ, ਚੌਲ, ਸੰਧੂਰ, ਮਾਲਾ, ਫੁੱਲ, ਚੁੰਨੀ, ਸਾੜ੍ਹੀ, ਗਹਿਣੇ ਭੇਟ ਕਰਦੇ ਹਨ। ਕਲਸ਼ 'ਚ ਅਖੰਡ ਜੋਤ ਜਗਾਈ ਜਾਂਦੀ ਹੈ, ਜਿਸ ਨੂੰ ਵਰਤ ਦੇ ਆਖ਼ਰੀ ਦਿਨ ਤਕ ਜਲਾਇਆ ਜਾਣਾ ਚਾਹੀਦਾ ਹੈ।
 


sunita

Content Editor

Related News