ਕਪੂਰਥਲਾ ਕੇਂਦਰੀ ਜੇਲ੍ਹ ’ਚੋਂ 20 ਮੋਬਾਇਲ ਫੋਨ, 12 ਸਿਮ ਕਾਰਡ ਸਣੇ ਹੋਰ ਸਾਮਾਨ ਬਰਾਮਦ
Thursday, Nov 04, 2021 - 10:25 AM (IST)
ਕਪੂਰਥਲਾ (ਭੂਸ਼ਣ/ਮਹਾਜਨ)-ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਬੀਤੀ ਰਾਤ ਸੀ. ਆਰ. ਪੀ. ਐੱਫ. ਨੇ ਜੇਲ੍ਹ ਪੁਲਸ ਦੀ ਮਦਦ ਨਾਲ ਵੱਖ-ਵੱਖ ਬੈਰਕਾਂ ’ਚ ਚਲਾਈ ਚੈਕਿੰਗ ਮੁਹਿੰਮ ਦੌਰਾਨ 20 ਮੋਬਾਇਲ ਫੋਨ, 12 ਸਿਮ ਕਾਰਡ, 2 ਡਾਟਾ ਕੇਬਲ ਅਤੇ 1 ਏਅਰਫੋਨ ਬਰਾਮਦ ਕੀਤਾ ਹੈ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ 8 ਅਣਪਛਾਤੇ ਹਵਾਲਾਤੀਆਂ ਸਮੇਤ 15 ਹਵਾਲਾਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਮਜ਼ਦ ਹਵਾਲਾਤੀਆਂ ’ਚ 2 ਮਹਿਲਾ ਹਵਾਲਾਤੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, PSEB ਨੇ ਡੇਟਸ਼ੀਟ 'ਚ ਕੀਤੀ ਤਬਦੀਲੀ
ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ੍ਹ ਪ੍ਰਵੀਨ ਸਿਨਹਾ ਦੇ ਹੁਕਮਾਂ ’ਤੇ ਸੂਬੇ ਭਰ ਦੀਆਂ ਜੇਲ੍ਹਾਂ ’ਚ ਚੱਲ ਰਹੀ ਚੈਕਿੰਗ ਮੁਹਿੰਮ ਦੌਰਾਨ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਗੁਰਨਾਮ ਲਾਲ ਦੀ ਨਿਗਰਾਨੀ ’ਚ ਬੀਤੀ ਰਾਤ ਸੀ. ਆਰ. ਪੀ. ਐੱਫ. ਅਤੇ ਜੇਲ੍ਹ ਪੁਲਸ ਨੇ ਸਾਂਝੇ ਤੌਰ ’ਤੇ ਮਹਿਲਾ ਪੁਲਸ ਟੀਮ ਨੂੰ ਨਾਲ ਲੈ ਕੇ ਵੱਖ-ਵੱਖ ਬੈਰਕਾਂ ’ਚ ਸਰਚ ਮੁਹਿੰਮ ਚਲਾਈ। ਜਿਸ ਦੌਰਾਨ ਅੰਕੁਸ਼ ਪੁੱਤਰ ਰਘਬੀਰ ਸਿੰਘ ਉਰਫ਼ ਲਾਲੀ ਵਾਸੀ ਮੁਹੱਲਾ ਤੇਜ ਨਗਰ, ਬਸਤੀ ਸ਼ੇਖ ਜਲੰਧਰ, ਗੁਰਪ੍ਰੀਤ ਸਿੰਘ ਗੋਪੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਨਾਹਲਾ, ਲਾਂਬੜਾ, ਜ਼ਿਲ੍ਹਾ ਜਲੰਧਰ, ਸੰਨੀ ਉਰਫ਼ ਮਹਿਮੀ ਪੁੱਤਰ ਸੁਨੀਲ ਦੱਤ ਵਾਸੀ ਕਿਸ਼ਨਪੁਰਾ, ਜਲੰਧਰ, ਵਿਕਰਮ ਜੀਤ ਸਿੰਘ ਉਰਫ਼ ਵਿੱਕੀ ਪੁੱਤਰ ਨਾਜਰ ਸਿੰਘ ਵਾਸੀ ਨੰਗਲ ਖੁਰਾ, ਟਾਂਡਾ, ਜਸਬੀਰ ਸਿੰਘ ਉਰਫ਼ ਜੱਸੀ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਲਖਪੁਰ ਥਾਣਾ ਰਾਵਲਪਿੰਡੀ, ਦਰਸ਼ਨ ਕੌਰ ਉਰਫ ਚਰਨੋ ਪਤਨੀ ਸਰਵਨ ਵਾਸੀ ਚੱਕ ਕਲਾਂ, ਨਕੋਦਰ ਅਤੇ ਪਲਕ ਧੀਰ ਪਤਨੀ ਕੁਨਾਲ ਧੀਰ ਵਾਸੀ ਮਕਸੂਦਾਂ ਜਲੰਧਰ ਸਮੇਤ 8 ਹੋਰ ਮੁਲਜ਼ਮਾਂ ਖ਼ਿਲਾਫ਼ 20 ਮੋਬਾਇਲ ਫੋਨ, 12 ਸਿਮ ਕਾਰਡ, 2 ਡਾਟਾ ਕੇਬਲ ਅਤੇ 1 ਏਅਰਫੋਨ ਬਰਾਮਦਗੀ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਗਿਆ। ਨਾਮਜ਼ਦ ਹਵਾਲਾਤੀਆਂ ਦੇ ਕੋਲ ਜੇਲ ਕੰਪਲੈਕਸ ਦੇ ਅੰਦਰ ਮੋਬਾਇਲ ਫੋਨ ਕਿਵੇਂ ਪਹੁੰਚੇ ਤੇ ਇਨ੍ਹਾਂ ਨੂੰ ਪਹੁੰਚਾਉਣ ਵਾਲੇ ਲੋਕ ਕੌਣ ਸਨ, ਇਸ ਸਬੰਧੀ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਸੜਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ