ਰੇਡ ਕਰਨ ਗਈ ਆਬਕਾਰੀ ਪੁਲਸ ਟੀਮ ਦੀ ਡਿਊਟੀ ''ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Thursday, Oct 20, 2022 - 11:20 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ)- ਟਾਂਡਾ ਪੁਲਸ ਨੇ ਨਾਜਾਇਜ਼ ਸ਼ਰਾਬ ਨੂੰ ਲੈ ਕੇ ਬਿਜਲੀ ਘਰ ਕਾਲੋਨੀ ਵਿਚ ਰੇਡ ਕਰਨ ਗਈ ਆਬਕਾਰੀ ਪੁਲਸ ਟੀਮ ਦੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਵਿਚ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਇੰਸਪੈਕਟਰ ਮਨਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਬਚਨੀ ਪਤਨੀ ਸ਼ਿਵ ਦਿਆਲ, ਉਸ ਦੇ ਪੁੱਤਰ ਰਾਜੂ ਵਾਸੀ ਬਿਜਲੀ ਘਰ ਕਾਲੋਨੀ ਟਾਂਡਾ ਅਤੇ ਹੀਰਾ ਪੁੱਤਰ ਕਾਲਾ ਵਾਸੀ ਚੰਡੀਗੜ ਕਲੋਨੀ ਖ਼ਿਲਾਫ਼ ਦਰਜ ਕੀਤਾ ਹੈ।
ਆਪਣੀ ਸ਼ਿਕਾਇਤ ਵਿਚ ਇੰਸਪੈਕਟਰ ਮਨਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਬਚਨੀ ਅਤੇ ਉਸ ਦੀ ਨੂੰਹ ਘਰ ਵਿਚ ਨਾਜਾਇਜ਼ ਸ਼ਰਾਬ ਵੇਚ ਰਹੀਆਂ ਹਨ ਜਦੋਂ ਪੁਲਸ ਨੇ ਰੇਡ ਕੀਤੀ ਤਾਂ ਮੁਲਜ਼ਮ ਦੀ ਨੂੰਹ ਨੇ ਸ਼ਰਾਬ ਬਾਥਰੂਮ ਵਿਚ ਡੋਲ ਦਿੱਤੀ। ਇਸ ਦੌਰਾਨ ਉਕਤ ਮੁਲਜ਼ਮਾਂ ਨੇ ਪੁਲਸ ਟੀਮ ਦੀ ਡਿਊਟੀ ਵਿਚ ਵਿਘਨ ਪਾਉਂਦੇ ਹੋਏ ਗਾਲੀ ਗਲੋਚ ਕੀਤਾ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਸ਼ਵਤ ਠੁਕਰਾਉਣ ਵਾਲੇ AIG ਮਨਮੋਹਨ ਕੁਮਾਰ ਦਾ ਵੱਡਾ ਬਿਆਨ
ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਆਬਕਾਰੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ 19 ਅਕਤੂਬਰ ਨੂੰ ਉਹ ਆਪਣੀ ਆਬਕਾਰੀ ਟੀਮ ਜਿਸ ਵਿੱਚ ਮਨਜੀਤ ਕੌਰ, ਲਲਿਤ ਕੁਮਾਰ, ਜਸਪਾਲ ਸਿੰਘ, ਭਗਵਾਨ ਸਿੰਘ, ਹਰਭਜਨ ਸਿੰਘ ਅਤੇ ਪਰਗਟ ਸਿੰਘ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਬਿਜਲੀ ਘਰ ਕਾਲੋਨੀ ਸਥਿਤ ਬਚਨੀ ਪਤਨੀ ਸ਼ਿਵਦਿਆਲ ਦੇ ਘਰ ਰੇਡ ਕੀਤੀ ਗਈ ਤਾਂ ਬਚਨੀ ਅਤੇ ਉਸ ਦੀ ਨੂੰਹ ਰਾਧਾ ਰਾਣੀ ਨਾਜਾਇਜ਼ ਸ਼ਰਾਬ ਵੇਚ ਰਹੀਆਂ ਪਾਈਆਂ ਗਈਆਂ ਅਤੇ ਆਬਕਾਰੀ ਟੀਮ ਨੂੰ ਵੇਖ ਕੇ ਰਾਧਾ ਰਾਣੀ ਨੇ ਸ਼ਰਾਬ ਨਾਲ ਭਰੀ ਬਾਲਟੀ ਨੂੰ ਬਾਥਰੂਮ ਵਿੱਚ ਡੋਲ੍ਹ ਦਿੱਤਾ ਅਤੇ ਅੰਦਰੋਂ ਕੁੰਡੀ ਲਾ ਕੇ ਨਹਾਉਣ ਲੱਗ ਪਈ, ਇੰਨੇ ਨੂੰ ਹੀ ਬਚਨੀ ਦਾ ਪੁੱਤਰ ਰਾਜੂ ਅਤੇ ਬਚਨੀ ਦਾ ਦੋਹਤਾ ਹੀਰਾ ਵਾਸੀ ਚੰਡੀਗੜ੍ਹ ਕਾਲੋਨੀ ਸਾਡੇ ਨਾਲ ਤਲਾਸ਼ੀ ਵਿਚ ਸਹਿਯੋਗ ਕਰਨ ਦੀ ਬਜਾਏ ਸਰਕਾਰੀ ਡਿਊਟੀ ਵਿਚ ਵਿਘਨ ਪਾਉਂਦੇ ਹੋਏ ਪੁਲਸ ਨਾਲ ਧੱਕਾ-ਮੁੱਕੀ,ਕਰਦੇ ਹੋਏ ਵੀਡੀਓ ਬਣਾ ਕੇ ਡਰਾਉਣ ਧਮਕਾਉਣ ਲੱਗ ਪਏ। ਦਿੱਤੀ ਗਈ ਸ਼ਿਕਾਇਤ ਵਿਚ ਉਕਤ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਪਰਿਵਾਰ 'ਤੇ ਪਹਿਲਾਂ ਵੀ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਅਤੇ ਕੱਛੂਏ ਆਦਿ ਦੇ ਪਰਚੇ ਦਰਜ ਹਨ। ਟਾਂਡਾ ਪੁਲਸ ਨੇ ਬਚਨੀ ਪਤਨੀ ਸ਼ਿਵਦਿਆਲ, ਰਾਜੂ ਪੁੱਤਰ ਸ਼ਿਵ ਦਿਆਲ ਵਾਸੀ ਬਿਜਲੀ ਘਰ ਕਲੋਨੀ ਟਾਂਡਾ ਅਤੇ ਕਾਲਾ ਵਾਸੀ ਚੰਡੀਗੜ੍ਹ ਕਲੋਨੀ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮਹਿਤਪੁਰ ਵਿਖੇ ਪਤਨੀ, 2 ਬੱਚੇ ਤੇ ਸੱਸ-ਸਹੁਰੇ ਨੂੰ ਜਿਊਂਦਾ ਸਾੜਨ ਵਾਲੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ