ਪ੍ਰਸਿੱਧ ਕੰਪਨੀਆਂ ਦੇ ਪ੍ਰਚਾਰ ਤੇ ਪੰਜਾਬੀ ਫ਼ਿਲਮਾਂ ਲਈ ਫਰਜ਼ੀ ਫੋਟੋਸ਼ੂਟ ਕਰਵਾ ਕੇ ਕਈ ਲੋਕਾਂ ਤੋਂ ਠੱਗੇ ਪੈਸੇ

07/02/2023 2:28:39 PM

ਜਲੰਧਰ (ਜ. ਬ.)–ਛੋਟੇ-ਛੋਟੇ ਬੱਚਿਆਂ ਨੂੰ ਪ੍ਰਸਿੱਧ ਕੰਪਨੀਆਂ ਦੇ ਪ੍ਰਚਾਰ ਅਤੇ ਪੰਜਾਬੀ ਫ਼ਿਲਮਾਂ ਵਿਚ ਰੋਲ ਦੇਣ ਦਾ ਝਾਂਸਾ ਦੇ ਕੇ ਫਰਜ਼ੀ ਫੋਟੋਸ਼ੂਟ ਕਰਵਾ ਕੇ ਲੋਕਾਂ ਤੋਂ ਪੈਸੇ ਠੱਗਣ ਵਾਲੀ ਲੁਧਿਆਣਾ ਦੀ ਡਰੀਮ ਵਰਲਡ ਪ੍ਰੋਡਕਸ਼ਨ ਕੰਪਨੀ ਦੇ ਮਾਲਕ ਕਰਨ ਅਰੋੜਾ ’ਤੇ ਥਾਣਾ ਨੰਬਰ 7 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਉਕਤ ਮੁਲਜ਼ਮ ਕਈ ਲੋਕਾਂ ਨੂੰ ਲਾਲਚ ਦੇ ਕੇ ਵੱਖ-ਵੱਖ ਖ਼ਰਚੇ ਦੱਸ ਕੇ ਪੈਸੇ ਠੱਗ ਚੁੱਕਾ ਸੀ, ਜਿਸ ਬਾਰੇ ਵਿਸ਼ਵ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਰਾਸ਼ਟਰੀ ਪ੍ਰਧਾਨ ਮਹਿਲਾ ਵਿਭਾਗ ਆਰਤੀ ਰਾਜਪੂਤ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਤੋਂ ਬਾਅਦ ਮੁਲਜ਼ਮ ਕਰਣ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ-ਨਕੋਦਰ 'ਚ ਵੱਡੀ ਵਾਰਦਾਤ, ਝੋਨਾ ਲਾਉਣ ਦੀ ਤਿਆਰੀ ਕਰ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਆਰਤੀ ਰਾਜਪੂਤ ਵੱਲੋਂ ਦਿੱਤੀ ਗਈ ਸ਼ਿਕਾਇਤ ਵਿਚ ਉਨ੍ਹਾਂ ਦੱਸਿਆ ਕਿ ਕਰਣ ਅਰੋੜਾ ਪੁੱਤਰ ਜਤਿੰਦਰ ਅਰੋੜਾ ਨਿਵਾਸੀ ਨਿਊ ਸ਼ਿਵਾਜੀ ਨਗਰ ਲੁਧਿਆਣਾ ਨੇ ਸਮਰਾਲਾ ਚੌਂਕ ਵਿਚ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਡਰੀਮ ਵਰਲਡ ਪ੍ਰੋਡਕਸ਼ਨ ਦੇ ਨਾਂ ’ਤੇ ਕੰਪਨੀ ਖੋਲ੍ਹੀ ਹੋਈ ਹੈ। ਉਕਤ ਮੁਲਜ਼ਮ ਲੋਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਝਾਂਸਾ ਦਿੰਦਾ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਪ੍ਰਸਿੱਧ ਕੰਪਨੀਆਂ ਦੇ ਪ੍ਰਚਾਰ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵਿਚ ਰੋਲ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਟੀ ਕਮਾਈ ਹੋਵੇਗੀ। ਮੁਲਜ਼ਮ ਲੋਕਾਂ ਦੇ ਬੱਚਿਆਂ ਨੂੰ ਬੁਲਾ ਕੇ ਉਨ੍ਹਾਂ ਦੇ ਫਰਜ਼ੀ ਫੋਟੋਸ਼ੂਟ ਵੀ ਕਰਵਾਉਂਦਾ ਸੀ, ਜਿਸ ਤੋਂ ਬਾਅਦ ਵੱਖ-ਵੱਖ ਖ਼ਰਚੇ ਦੱਸ ਕੇ 10 ਹਜ਼ਾਰ ਤੋਂ ਲੈ ਕੇ 20 ਹਜ਼ਾਰ ਪ੍ਰਤੀ ਬੱਚਾ ਲੈਂਦਾ ਸੀ। ਇਸ ਦੇ ਲਈ ਉਹ ਐਗਰੀਮੈਂਟ ਵੀ ਕਰਦਾ ਸੀ ਪਰ ਫਰਜ਼ੀ ਫੋਟੋਸ਼ੂਟ ਤੋਂ ਬਾਅਦ ਜਦੋਂ ਬੱਚਿਆਂ ਨੂੰ ਕੋਈ ਰੋਲ ਨਾ ਮਿਲਿਆ ਤਾਂ ਪੁੱਛਣ ’ਤੇ ਮਾਪਿਆਂ ਨੂੰ ਡਰਾਇਆ-ਧਮਕਾਇਆ ਜਾਂਦਾ ਸੀ। ਇੰਨੇ ਕਾਫ਼ੀ ਪਰਿਵਾਰ ਸਾਹਮਣੇ ਆ ਗਏ, ਜਿਨ੍ਹਾਂ ਨਾਲ ਕਰਨ ਅਰੋੜਾ ਨੇ ਫਰਾਡ ਕੀਤਾ ਸੀ। ਅਜਿਹੇ ਵਿਚ ਆਰਤੀ ਰਾਜਪੂਤ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਤਾਂ ਲੰਮੀ ਜਾਂਚ ਤੋਂ ਬਾਅਦ ਮੁਲਜ਼ਮ ਕਰਣ ਅਰੋੜਾ ਖ਼ਿਲਾਫ਼ ਧੋਖਾਧੜੀ ਦਾ ਕੇਸ ਵੀ ਦਰਜ ਕਰ ਲਿਆ। ਲੋਕਾਂ ਨੇ ਪੁਲਸ ਨੂੰ ਸਾਰੇ ਪਰੂਫ ਦਿੱਤੇ, ਜਿਸ ਵਿਚ ਕਰਣ ਅਰੋੜਾ ਨੂੰ ਉਸ ਦੇ ਖ਼ਾਤੇ ਵਿਚ ਪੈਸੇ ਟਰਾਂਸਫਰ ਕੀਤੇ ਗਏ, ਜਦਕਿ ਐਗਰੀਮੈਂਟ ਵੀ ਪੁਲਸ ਨੂੰ ਸੌਂਪੇ ਗਏ ਸਨ।

ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਲੋਕਾਂ ਨੂੰ ਫਸਾਉਂਦਾ ਸੀ ਜਾਲ ’ਚ
ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮ ਕਰਣ ਅਰੋੜਾ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਲੋਕਾਂ ਨੂੰ ਆਪਣੇ ਜਾਲ ਿਵਚ ਫਸਾਉਂਦਾ ਸੀ। ਸੋਸ਼ਲ ਮੀਡੀਆ ’ਤੇ ਹੀ ਉਹ ਦਾਅਵਾ ਕਰਦਾ ਸੀ ਕਿ ਇਕ ਰੋਲ ਦਿਵਾਉਣ ’ਤੇ ਬੱਚੇ ਨੂੰ 30 ਤੋਂ 40 ਹਜ਼ਾਰ ਰੁਪਏ ਮਿਲਣਗੇ। ਉਸ ਤੋਂ ਬਾਅਦ ਜੇਕਰ ਕੋਈ ਮਾਂ-ਪਿਉ ਉਸ ਨਾਲ ਸੰਪਰਕ ਕਰਦਾ ਸੀ ਤਾਂ ਉਹ ਬੱਚਿਆਂ ਦੀਆਂ ਤਸਵੀਰਾਂ ਆਪਣੇ ਵ੍ਹਟਸਐਪ ਨੰਬਰ ’ਤੇ ਮੰਗਵਾ ਲੈਂਦਾ ਸੀ। ਫਿਰ ਉਹ ਵੱਖ-ਵੱਖ ਪ੍ਰਸਿੱਧ ਕੰਪਨੀਆਂ ਅਤੇ ਪੰਜਾਬੀ ਪ੍ਰਸਿੱਧ ਕਲਾਕਾਰਾਂ ਦਾ ਨਾਂ ਲੈ ਕੇ ਦਾਅਵਾ ਕਰਦਾ ਸੀ ਕਿ ਉਨ੍ਹਾਂ ਦੇ ਬੱਚਿਆਂ ਦੀ ਚੋਣ ਹੋ ਗਈ ਹੈ, ਜਿਸ ਤੋਂ ਬਾਅਦ ਉਹ ਰਜਿਸਟ੍ਰੇਸ਼ਨ ਫ਼ੀਸ ਤੋਂ ਇਲਾਵਾ ਫੋਟੋਸ਼ੂਟ ਦਾ ਖ਼ਰਚਾ ਦੱਸ ਕੇ ਲੋਕਾਂ ਨਾਲ ਠੱਗੀ ਮਾਰਦਾ ਸੀ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ- ਕਾਰੋਬਾਰੀ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ 'ਚ ਲੁਟੇਰਿਆਂ ਦੇ ਵੱਡੇ ਖ਼ੁਲਾਸੇ, ਮੈਸੇਂਜਰ 'ਤੇ ਖੇਡੀ ਗਈ ਸਾਰੀ ਖੇਡ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News