ਜਾਨਲੇਵਾ ਹਮਲਾ ਕਰਨ ਦੇ ਦੋਸ਼ ''ਚ 9 ਵਿਅਕਤੀਆਂ ਖਿਲਾਫ਼ ਮਾਮਲਾ ਦਰਜ

09/12/2019 5:28:22 PM

ਟਾਂਡਾ ਉੜਮੁੜ (ਪੰਡਿਤ, ਮੋਮੀ) : ਰਾਣੀਪਿੰਡ ਨਾਲ ਸਬੰਧਤ ਵਿਅਕਤੀ ਨੂੰ ਰੰਜਿਸ਼ ਦੇ ਚੱਲਦਿਆਂ ਜਾਨ-ਲੇਵਾ ਹਮਲਾ ਕਰ ਕੇ ਜ਼ਖ਼ਮੀ ਕਰਨ ਵਾਲੇ 9 ਵਿਅਕਤੀਆਂ ਖਿਲਾਫ਼ ਟਾਂਡਾ ਪੁਲਸ ਨੇ ਇਰਾਦਾ ਕਤਲ ਅਤੇ ਅਸਲਾ ਐਕਟ ਆਦਿ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਹਮਲੇ ਦਾ ਸ਼ਿਕਾਰ ਹੋਏ ਵਿਅਕਤੀ ਰਤਨ ਸਿੰਘ ਪੁੱਤਰ ਪਿਆਰਾ ਸਿੰਘ ਦੇ ਬਿਆਨ ਦੇ ਆਧਾਰ ਮਾਮਲਾ ਦਰਜ ਕੀਤਾ ਹੈ। ਜਿਸ ਅਧੀਨ ਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ, ਸੁਰਜੀਤ ਸਿੰਘ ਪੁੱਤਰ ਚੰਨਣ ਸਿੰਘ, ਦਲਵੀਰ ਸਿੰਘ ਪੁੱਤਰ ਚੰਨਣ ਸਿੰਘ, ਤੇਜਵੀਰ ਸਿੰਘ ਪੁੱਤਰ ਗੁਰਮੰਤਰ ਸਿੰਘ ਸਾਰੇ ਵਾਸੀ ਰਾਣੀਪਿੰਡ, ਮਨਦੀਪ ਸਿੰਘ ਦਾ ਸਾਲਾ ਨਿਵਾਸੀ ਭਟਨੂਰਾ ਲੁਬਾਣਾ ਅਤੇ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕੀਤਾ ਹੈ।

ਸਰਕਾਰੀ ਹਸਪਤਾਲ ਹੁਸ਼ਿਆਰਪੁਰ 'ਚ ਜ਼ੇਰੇ ਇਲਾਜ ਰਤਨ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਸੁਰਜੀਤ ਸਿੰਘ ਖਿਲਾਫ਼ ਥਾਣੇ 'ਚ ਦਰਖ਼ਾਸਤ ਦਿੱਤੀ ਸੀ, ਇਸੇ ਰੰਜਿਸ਼ ਅਧੀਨ ਉਸ 'ਤੇ ਹਮਲਾ ਹੋਇਆ ਹੈ। ਰਤਨ ਸਿੰਘ ਨੇ ਆਪਣੇ ਬਿਆਨ 'ਚ ਦੱਸਿਆ ਕਿ 2 ਸਤੰਬਰ ਨੂੰ ਜਦੋਂ ਉਹ ਮੀਰਾਪੁਰ ਤੋਂ ਸ਼ਾਮ ਨੂੰ ਆ ਰਿਹਾ ਸੀ ਤਾਂ ਮਨਦੀਪ ਸਿੰਘ, ਸੁਰਜੀਤ ਸਿੰਘ, ਦਲਵੀਰ ਅਤੇ ਤੇਜਵੀਰ ਨੇ ਉਸ ਨੂੰ ਰੋਕ ਕੇ ਗਾਲੀ-ਗਲੋਚ ਕੀਤਾ। ਫਿਰ 3 ਸਤੰਬਰ ਨੂੰ ਜਦੋਂ ਉਹ ਸ਼ਾਮ ਨੂੰ ਆਪਣੇ ਦੋਸਤ ਜਸਵਿੰਦਰ ਸਿੰਘ ਦੇ ਘਰ ਮੌਜੂਦ ਸਨ ਤਾਂ ਘਰ ਅੰਦਰ ਦਾਖਲ ਹੋਏ ਮਨਦੀਪ ਸਿੰਘ, ਦਲਵੀਰ ਸਿੰਘ ਅਤੇ ਸੁਰਜੀਤ ਸਿੰਘ ਨੇ ਝਗੜਾ ਕੀਤਾ ਅਤੇ ਸੁਰਜੀਤ ਸਿੰਘ ਨੇ ਰਿਵਾਲਵਰ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਰੌਲਾ ਪੈਣ 'ਤੇ ਜਦੋਂ ਲੋਕ ਇਕੱਠੇ ਹੋਏ ਤਾਂ ਉਹ ਉੱਥੋਂ ਚਲੇ ਗਏ।

ਅਗਲੇ ਦਿਨ 4 ਸਤੰਬਰ ਨੂੰ ਜਦੋਂ ਉਹ ਜਸਵਿੰਦਰ ਸਿੰਘ, ਸਰਪੰਚ ਖੁਸ਼ਦੀਪ ਸਿੰਘ ਅਤੇ ਸਾਬਕਾ ਸਰਪੰਚ ਬਲਵੰਤ ਸਿੰਘ ਨਾਲ ਥਾਣੇ ਤੋਂ ਦਰਖ਼ਾਸਤ ਦੇ ਕੇ ਵਾਪਸ ਕਾਰ 'ਤੇ ਆ ਰਹੇ ਸਨ ਤਾਂ ਨੱਥੂਪੁਰ ਨਜ਼ਦੀਕ ਜੀਪ 'ਤੇ ਆਏ ਉਕਤ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਸ ਨੂੰ ਕਾਰ ਵਿਚੋਂ ਕੱਢ ਕੇ ਕੇ ਦਾਤਰ ਅਤੇ ਬੇਸਬਾਲ ਆਦਿ ਨਾਲ ਵਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇੰਨੇ ਨੂੰ ਜਦੋਂ ਉਸ ਦਾ ਸਾਥੀ ਜਸਵਿੰਦਰ ਸਿੰਘ ਭੱਜਣ ਲੱਗਾ ਤਾਂ ਸੁਰਜੀਤ ਸਿੰਘ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਰੁਕਣ ਲਈ ਕਿਹਾ। ਰਤਨ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਦੀਆਂ ਲੱਤਾਂ-ਬਾਹਾਂ ਤੋੜਣ ਦੇ ਨਾਲ-ਨਾਲ ਸਾਬਕਾ ਸਰਪੰਚ ਬਲਵੰਤ ਸਿੰਘ ਅਤੇ ਸਰਪੰਚ ਖੁਸ਼ਦੀਪ ਸਿੰਘ ਨਾਲ ਵੀ ਗਾਲੀ-ਗਲੋਚ ਅਤੇ ਖਿੱਚ-ਧੂਹ ਕੀਤੀ। ਉਸ ਨੇ ਦੱਸਿਆ ਕਿ ਉਸ 'ਤੇ ਜਾਨ-ਲੇਵਾ ਹਮਲਾ ਕਰਨ ਤੋਂ ਬਾਅਦ ਮਨਦੀਪ ਸਿੰਘ ਨੇ ਉਸ ਦੀ ਜੇਬ 'ਚੋਂ ਮੋਬਾਇਲ ਅਤੇ 7 ਹਜ਼ਾਰ ਰੁਪਏ ਕੱਢ ਲਏ। ਪੁਲਸ ਨੇ ਹੁਣ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਥਾਣੇਦਾਰ ਪਰਮਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।


Anuradha

Content Editor

Related News