ਕਾਰ ਲੋਨ ਕਰਵਾ ਕੇ ਬੈਂਕਾਂ ਨਾਲ ਫਰਾਡ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

03/10/2021 3:57:25 PM

ਜਲੰਧਰ (ਜ. ਬ.)– ਜਲੰਧਰ ਦੇ ਵੱਖ-ਵੱਖ ਬੈਂਕਾਂ ਕੋਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਲਗਜ਼ਰੀ ਗੱਡੀਆਂ ਦੇ ਲੋਨ ਕਰਵਾ ਕੇ ਉਨ੍ਹਾਂ ਨੂੰ ਸਸਤੇ ਭਾਅ ਵੇਚਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 6 ਲਗਜ਼ਰੀ ਗੱਡੀਆਂ, 2 ਸਕੂਟਰੀਆਂ ਅਤੇ ਇਕ 43 ਇੰਚ ਸਮਾਰਟ ਟੀ. ਵੀ. ਬਰਾਮਦ ਕੀਤਾ ਹੈ, ਜਿਹੜਾ ਕਿ ਲੋਨ ਕਰਵਾ ਕੇ ਖਰੀਦਣ ਉਪਰੰਤ ਸਸਤੇ ਭਾਅ ਵੇਚੇ ਜਾ ਚੁੱਕੇ ਸਨ। ਇਹ ਗਿਰੋਹ ਗੱਡੀਆਂ ਦੀਆਂ ਸਿਰਫ 1-2 ਕਿਸ਼ਤਾਂ ਹੀ ਦਿੰਦਾ ਸੀ। ਗ੍ਰਿਫ਼ਤਾਰ ਮੁਲਜ਼ਮਾਂ ਵਿਚ ਪਠਾਨਕੋਟ ਬਾਈਪਾਸ ਸਥਿਤ ਨੋਵੈਲਟੀ ਫੋਰਡ ਏਜੰਸੀ ਦਾ ਫਾਈਨਾਂਸ ਇੰਚਾਰਜ ਵੀ ਸ਼ਾਮਲ ਹੈ, ਜਿਹੜਾ ਜਾਅਲੀ ਦਸਤਾਵੇਜ਼ਾਂ ਨੂੰ ਵੈਲਿਡ ਦੱਸ ਕੇ ਬੈਂਕਾਂ ਕੋਲੋਂ ਲੋਨ ਪਾਸ ਕਰਵਾਉਣ ਵਿਚ ਆਪਣੇ ਸਾਥੀਆਂ ਦੀ ਮਦਦ ਕਰਦਾ ਸੀ। ਇਸ ਮਾਮਲੇ ਵਿਚ ਗਿਰੋਹ ਦੇ ਸਰਗਣੇ ਸਮੇਤ ਅੱਧੀ ਦਰਜਨ ਤੋਂ ਵੱਧ ਮੁਲਜ਼ਮ ਫ਼ਰਾਰ ਹਨ।

ਇਹ ਵੀ ਪੜ੍ਹੋ :ਬਜਟ ਇਜਲਾਸ ਦੌਰਾਨ ‘ਆਪ’ ਦਾ ਹੰਗਾਮਾ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੂੰ ਸੂਚਨਾ ਮਿਲੀ ਸੀ ਕਿ ਬੈਂਕਾਂ ਕੋਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਲਗਜ਼ਰੀ ਗੱਡੀਆਂ ਦਾ ਲੋਨ ਕਰਵਾ ਕੇ ਉਨ੍ਹਾਂ ਨੂੰ ਅੱਗੇ ਵੇਚ ਕੇ ਬੈਂਕਾਂ ਨਾਲ ਫਰਾਡ ਕਰਨ ਵਾਲਾ ਗਿਰੋਹ ਕਾਫੀ ਸਰਗਰਮ ਹੈ। ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਸ ਗਿਰੋਹ ਨੂੰ ਰੋਹਿਤ ਕਤਿਆਲ ਨਿਵਾਸੀ ਨਿਊ ਰਸੀਲਾ ਨਗਰ ਚਲਾ ਰਿਹਾ ਹੈ। ਪੁਲਸ ਨੇ ਰੋਹਿਤ ਦੇ ਘਰ ਛਾਪਾ ਮਾਰਿਆ ਪਰ ਉਹ ਇਸ ਤੋਂ ਪਹਿਲਾਂ ਹੀ ਫਰਾਰ ਹੋ ਚੁੱਕਾ ਸੀ। ਪੁਲਸ ਨੇ ਫਿਰ ਨੋਵੈਲਟੀ ਫੋਰਡ ਏਜੰਸੀ ਦੇ ਫਾਈਨਾਂਸ ਇੰਚਾਰਜ ਨੂੰ ਚੁੱਕ ਲਿਆ, ਜਿਸ ਤੋਂ ਬਾਅਦ 3 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ :  ਕਾਂਗਰਸੀ ਆਗੂ ਰਿੰਕੂ ਸੇਠੀ ਦੀ ਸਫ਼ਾਈ, ਕਿਹਾ-ਸ਼ਰਾਬ ਪੀ ਕੇ ਹੋਈ ਗਲਤੀ, ਕੈਪਟਨ ਤੇ ਮਨੀਸ਼ ਤਿਵਾੜੀ ਤੋਂ ਵੀ ਮੰਗੀ ਮੁਆਫ਼ੀ

ਮੁਲਜ਼ਮਾਂ ਦੀ ਪਛਾਣ ਜਸ਼ਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਨਿਵਾਸੀ ਟਾਵਰ ਐਨਕਲੇਵ ਫੇਜ਼-2, ਕਮਲ ਗਿੱਲ ਪੁੱਤਰ ਅਮੀਰ ਚੰਦ ਨਿਵਾਸੀ ਨਿਊ ਦਸਮੇਸ਼ ਨਗਰ, ਫਾਈਨਾਂਸ ਇੰਚਾਰਜ ਗੌਰਵ ਪੁੱਤਰ ਸੁਰੇਸ਼ ਚੰਦ ਨਿਵਾਸੀ ਨਿਊ ਬਲਦੇਵ ਨਗਰ ਅਤੇ ਕੰਵਲਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਭੁੱਲਰ ਅਠਵਾਲ ਪਿੰਡ ਗੁਰਦਾਸਪੁਰ ਵਜੋਂ ਹੋਈ ਹੈ। ਸੀ. ਪੀ. ਨੇ ਦੱਸਿਆ ਕਿ ਕਮਲ ਗਿੱਲ ਅਤੇ ਰੋਹਿਤ ਕਤਿਆਲ ਇਸ ਗਿਰੋਹ ਨੂੰ ਚਲਾ ਰਹੇ ਸਨ। ਦੋਵੇਂ ਮੁਲਜ਼ਮ ਗੁਰਦਾਸਪੁਰ ਦੇ ਕੈਫੇ ਮਾਲਕ ਕੰਵਲਜੀਤ ਸਿੰਘ ਕੋਲੋਂ ਜਾਅਲੀ ਦਸਤਾਵੇਜ਼ ਤਿਆਰ ਕਰਵਾਉਂਦੇ ਸਨ। ਦਸਤਾਵੇਜ਼ ਤਿਆਰ ਹੋਣ ਤੋਂ ਬਾਅਦ ਉਹੀ ਦਸਤਾਵੇਜ਼ ਪਠਾਨਕੋਟ ਬਾਈਪਾਸ ਸਥਿਤ ਨੋਵੈਲਟੀ ਫੋਰਡ ਏਜੰਸੀ ਦੇ ਫਾਈਨਾਂਸ ਇੰਚਾਰਜ ਗੌਰਵ ਕੋਲ ਪਹੁੰਚਦੇ ਸਨ। ਗਿਰੋਹ ਦੇ ਮੈਂਬਰ ਖੁਦ ਗਾਹਕ ਬਣ ਕੇ ਗੌਰਵ ਕੋਲ ਜਾਂਦੇ ਸਨ, ਜਦੋਂ ਕਿ ਗੌਰਵ ਨੂੰ ਵੀ ਇਸ ਦੀ ਜਾਣਕਾਰੀ ਪਹਿਲਾਂ ਤੋਂ ਹੀ ਹੁੰਦੀ ਸੀ। ਗੌਰਵ ਉਨ੍ਹਾਂ ਦਸਤਾਵੇਜ਼ਾਂ ਨੂੰ ਵੈਲਿਡ ਦੱਸ ਕੇ ਆਪਣੇ ਸਾਥੀਆਂ ਦਾ ਵੱਖ-ਵੱਖ ਬੈਂਕਾਂ ਕੋਲੋਂ ਲੋਨ ਕਰਵਾਉਂਦਾ ਸੀ। ਕਾਰ ਏਜੰਸੀ ਦਾ ਫਾਈਨਾਂਸ ਇੰਚਾਰਜ ਹੋਣ ਕਾਰਣ ਬੈਂਕ ਅਧਿਕਾਰੀ ਗੌਰਵ ’ਤੇ ਸ਼ੱਕ ਵੀ ਨਹੀਂ ਕਰਦੇ ਸਨ।

ਇਹ ਵੀ ਪੜ੍ਹੋ :  ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸੁਲਤਾਨਪੁਰ ਲੋਧੀ ਦੇ ਗ਼ਰੀਬ ਮਜ਼ਦੂਰ ਦੀ ਹੋਈ ਮੌਤ

ਇਸੇ ਤਰ੍ਹਾਂ ਮੁਲਜ਼ਮਾਂ ਨੇ 10 ਲਗਜ਼ਰੀ ਗੱਡੀਆਂ ਦੇ ਲੋਨ ਪਾਸ ਕਰਵਾ ਕੇ ਉਕਤ ਗੱਡੀਆਂ ਸਸਤੇ ਭਾਅ ਵੇਚ ਦਿੱਤੀਆਂ। ਜਸ਼ਨਦੀਪ, ਕਮਲ, ਕੰਵਲਜੀਤ, ਰੋਹਿਤ ਅਤੇ ਹੋਰ ਮੈਂਬਰ ਆਪਣੇ ਜਾਣਕਾਰਾਂ ਨੂੰ ਹੀ ਲਗਜ਼ਰੀ ਗੱਡੀਆਂ ਵਿਕਵਾ ਦਿੰਦੇ ਸਨ। ਮੁਲਜ਼ਮ ਲੋਨ ਦੀ ਗੱਡੀ ਦੀਆਂ ਸਿਰਫ 1-2 ਕਿਸ਼ਤਾਂ ਹੀ ਦਿੰਦੇ ਸਨ। ਜਦੋਂ ਕਿਸ਼ਤਾਂ ਆਉਣੀਆਂ ਬੰਦ ਹੋ ਜਾਂਦੀਆਂ ਸਨ ਤਾਂ ਬੈਂਕ ਵਾਲੇ ਖਰੀਦਦਾਰ ਦੇ ਘਰ ਜਾਂਦੇ ਤਾਂ ਉਹ ਪਤਾ ਗਲਤ ਨਿਕਲਦਾ ਸੀ। ਪੁਲਸ ਦਾ ਕਹਿਣਾ ਹੈ ਕਿ ਗਿਰੋਹ ’ਚ 10 ਦੇ ਕਰੀਬ ਲੋਕ ਕੰਮ ਕਰਦੇ ਸਨ। ਸੀ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇਕ ਕਰੇਟਾ, ਕੀਆ, ਸੈਲਟੋਸ ਦੀਆਂ 2 ਗੱਡੀਆਂ ਅਤੇ ਫੋਰਡ ਵਰਗੀ ਕੰਪਨੀ ਦੀਆਂ 6 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ, ਜਦੋਂ ਕਿ ਹੋਰ ਗੱਡੀਆਂ ਵੀ ਜਲਦ ਬਰਾਮਦ ਹੋਣਗੀਆਂ। ਉਨ੍ਹਾਂ ਕਿਹਾ ਕਿ ਰੋਹਿਤ ਕਤਿਆਲ ਅਜੇ ਫਰਾਰ ਹੈ, ਜਿਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੂੰ ਉਮੀਦ ਹੈ ਕਿ ਰੋਹਿਤ ਕਤਿਆਲ ਦੀ ਨਿਸ਼ਾਨਦੇਹੀ ’ਤੇ 3 ਹੋਰ ਗੱਡੀਆਂ ਬਰਾਮਦ ਹੋ ਸਕਦੀਆਂ ਹਨ। ਕਮਲ ਨਾਂ ਦੇ ਮੁਲਜ਼ਮ ਖ਼ਿਲਾਫ਼ ਥਾਣਾ ਮਕਸੂਦਾਂ ਵਿਚ ਵੀ ਧੋਖਾਦੇਹੀ ਦਾ ਕੇਸ ਦਰਜ ਹੈ।

ਇਹ ਵੀ ਪੜ੍ਹੋ :  ਹੁਸ਼ਿਆਰਪੁਰ ’ਚ ਮੈਡੀਕਲ ਸਟੋਰ ਮਾਲਕ ਦਾ ਬੇਰਹਿਮੀ ਨਾਲ ਕੀਤਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼


shivani attri

Content Editor

Related News