ਬਿਲਡਿੰਗ ਬਰਾਂਚ ਦੇ ਕਲਰਕ ਕਮਲ ਕੁਮਾਰ ਨੂੰ ਨਿਗਮ ਕਮਿਸ਼ਨਰ ਨੇ ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ
Saturday, May 06, 2023 - 10:57 AM (IST)

ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸਖ਼ਤ ਤੇਵਰ ਵਿਖਾਉਂਦੇ ਹੋਏ ਬੀਤੀ ਸ਼ਾਮ ਬਿਲਡਿੰਗ ਵਿਭਾਗ ਦੇ ਕਲਰਕ ਕਮਲ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ ਪਰ ਬਾਅਦ ਵਿਚ ਸਪੱਸ਼ਟੀਕਰਨ ਲੈ ਕੇ ਕਮਿਸ਼ਨਰ ਨੇ ਆਪਣਾ ਫ਼ੈਸਲਾ ਬਦਲ ਲਿਆ। ਜ਼ਿਕਰਯੋਗ ਹੈ ਕਿ ਕਮਲ ਕੋਲ ਡਿਸਪੈਚ ਕਲਰਕ ਦਾ ਕੰਮ ਹੈ। ਕਮਿਸ਼ਨਰ ਨੇ ਜਾਂਚ ਦੌਰਾਨ ਪਾਇਆ ਕਿ ਬਿਲਡਿੰਗ ਵਿਭਾਗ ਦੇ ਡਿਸਪੈਚ ਰਜਿਸਟਰ ’ਤੇ ਵੱਖ-ਵੱਖ ਹੈਂਡਰਾਈਟਿੰਗ ਨਾਲ ਐਂਟਰੀਆਂ ਹੋ ਰਹੀਆਂ ਸਨ ਅਤੇ ਸਬੰਧਤ ਅਧਿਕਾਰੀਆਂ ਤੱਕ ਫਾਈਲਾਂ ਅਤੇ ਸ਼ਿਕਾਇਤਾਂ ਆਦਿ ਪਹੁੰਚਾਉਣ ਦੇ ਕੰਮ ਵਿਚ ਵੀ ਕੋਤਾਹੀ ਵਰਤੀ ਜਾ ਰਹੀ ਸੀ।
ਖ਼ਾਸ ਗੱਲ ਇਹ ਹੈ ਕਿ ਬਿਲਡਿੰਗ ਵਿਭਾਗ ਵਿਚ ਹੇਠਲੇ ਪੱਧਰ ਦੇ ਕਈ ਕਰਮਚਾਰੀ ਅਜਿਹੇ ਹਨ, ਜਿਹੜੇ ਪਿਛਲੇ ਕਈ ਸਾਲਾਂ ਤੋਂ ਇਕ ਹੀ ਸੀਟ ’ਤੇ ਟਿਕੇ ਹੋਏ ਹਨ, ਜਿਸ ਕਾਰਨ ਫਾਈਲਾਂ ਅਤੇ ਦਸਤਾਵੇਜ਼ਾਂ ’ਤੇ ਉਨ੍ਹਾਂ ਦੀ ਮਨਾਪਲੀ ਬਣੀ ਹੋਈ ਹੈ। ਪਤਾ ਲੱਗਾ ਹੈ ਕਿ ਕਮਿਸ਼ਨਰ ਨੇ ਹੁਣ ਬਿਲਡਿੰਗ ਵਿਭਾਗ ਵਿਚ ਪ੍ਰਸ਼ਾਸਨਿਕ ਸੁਧਾਰਾਂ ਤਹਿਤ ਕਲਰਕ ਪੱਧਰ ’ਤੇ ਕੁਝ ਬਦਲੀਆਂ ਕਰਨ ਦਾ ਵੀ ਫੈਸਲਾ ਲਿਆ ਹੈ, ਜਿਸ ਨੂੰ ਕੋਡ ਆਫ਼ ਕੰਡਕਟ ਖ਼ਤਮ ਹੋਣ ਤੋਂ ਬਾਅਦ ਅੰਜਾਮ ਵਿਚ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ ਤੋਂ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਘਟਨਾ ਦੀਆਂ ਖ਼ੌਫ਼ਨਾਕ ਤਸਵੀਰਾਂ ਆਈਆਂ ਸਾਹਮਣੇ
ਸ਼ਿਕਾਇਤਾਂ ’ਤੇ ਕਾਰਵਾਈ ਨਹੀਂ ਕਰ ਰਿਹਾ ਬਿਲਡਿੰਗ ਵਿਭਾਗ
ਬੀਤੇ ਦਿਨੀਂ ਨਿਗਮ ਕਮਿਸ਼ਨਰ ਨੇ ਜਦੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਇਕ ਮੀਟਿੰਗ ਕੀਤੀ ਤਾਂ ਪਾਇਆ ਗਿਆ ਕਿ ਸ਼ਿਕਾਇਤ ਸੈੱਲ ਵੱਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਮਾਰਕ ਆਦਿ ਕਰ ਕੇ ਦੂਜੇ ਵਿਭਾਗਾਂ ਵਿਚ ਭੇਜ ਤਾਂ ਦਿੱਤਾ ਜਾਂਦਾ ਹੈ ਪਰ ਇਸਦਾ ਫਾਲੋਅਪ ਨਹੀਂ ਹੁੰਦਾ ਅਤੇ ਸ਼ਿਕਾਇਤਾਂ ਲੰਮੇ ਸਮੇਂ ਤੱਕ ਪੈਂਡਿੰਗ ਰਹਿੰਦੀਆਂ ਹਨ। ਮੀਟਿੰਗ ਦੌਰਾਨ ਪਤਾ ਲੱਗਾ ਹੈ ਕਿ ਸਿਰਫ਼ ਬਿਲਡਿੰਗ ਵਿਭਾਗ ਕੋਲ ਪੈਂਡਿੰਗ ਸ਼ਿਕਾਇਤਾਂ ਦੀ ਗਿਣਤੀ ਹੀ 2000 ਤੋਂ ਪਾਰ ਹੈ। ਅਜਿਹੇ ਵਿਚ ਨਿਗਮ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ।
ਸ਼ਿਕਾਇਤਾਂ ਤੋਂ ਬਾਅਦ ਸਟਾਫ਼ ਕਰਦਾ ਰਹਿੰਦਾ ਹੈ ਵਸੂਲੀ
ਬਿਲਡਿੰਗ ਵਿਭਾਗ ਵਿਚ ਹੁਣ ਤਾਂ ਨਵੇਂ ਅਧਿਕਾਰੀ ਆਏ ਹਨ ਪਰ ਪਿਛਲੇ ਸਾਲਾਂ ਦੌਰਾਨ ਜਦੋਂ ਬਿਲਡਿੰਗ ਵਿਭਾਗ ’ਤੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕਬਜ਼ਾ ਹੁੰਦਾ ਸੀ, ਉਦੋਂ ਵਿਭਾਗ ਨੂੰ ਪ੍ਰਾਪਤ ਸ਼ਿਕਾਇਤਾਂ ’ਤੇ ਹੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਨਿੱਜੀ ਵਸੂਲੀ ਤੱਕ ਕਰ ਲਿਆ ਕਰਦੇ ਸਨ। ਪਤਾ ਲੱਗਾ ਹੈ ਕਿ ਇਹ ਅਜਿਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਬਿਲਡਿੰਗ ਵਿਭਾਗ ਵਿਚ ਰਹੇ ਏ. ਟੀ. ਪੀ. ਰਵੀ ਪੰਕਜ ਸ਼ਰਮਾ ਨੇ ਵੀ ਕੁਝ ਥਾਵਾਂ ਤੋਂ ਵਸੂਲੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਜੀਲੈਂਸ ਨੇ ਕਾਬੂ ਕੀਤਾ ਸੀ। ਹੁਣ ਵਿਜੀਲੈਂਸ ਵਿਭਾਗ ਵੱਲੋਂ ਸਾਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ, ਜਿਸ ਵਿਚ ਕੁਝ ਹੋਰ ਅਧਿਕਾਰੀਆਂ ਦੇ ਵੀ ਫਸਣ ਦੀ ਸੰਭਾਵਨਾ ਹੈ। ਵਿਜੀਲੈਂਸ ਇਹ ਵੀ ਪਤਾ ਲਾ ਰਹੀ ਹੈ ਕਿ ਨਿਗਮ ਨੂੰ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਕਿਹੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਸੂਲੀ ਆਦਿ ਕੀਤੀ ਅਤੇ ਉਸ ਤੋਂ ਬਾਅਦ ਸ਼ਿਕਾਇਤਾਂ ਨੂੰ ਨਾ ਸਿਰਫ ਪੈਂਡਿੰਗ ਰੱਖਿਆ ਗਿਆ, ਸਗੋਂ ਕਈ ਫਾਈਲਾਂ ਨੂੰ ਤਾਂ ਗਾਇਬ ਤੱਕ ਕਰ ਦਿੱਤਾ ਗਿਆ। ਬਿਲਡਿੰਗ ਵਿਭਾਗ ਵਿਚ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ’ਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਨਾਲ ਸਬੰਧਤ ਕਈ ਫਾਈਲਾਂ ਵਿਚੋਂ ਮਹੱਤਵਪੂਰਨ ਦਸਤਾਵੇਜ਼ ਆਦਿ ਪਾੜ ਦਿੱਤੇ ਹਨ ਤਾਂ ਕਿ ਉਨ੍ਹਾਂ ਦੀ ਮਿਲੀਭੁਗਤ ਦਾ ਕੋਈ ਸਬੂਤ ਹੀ ਨਾ ਬਚੇ।
ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਪੁਲਸ ਦੀ ਵੱਡੀ ਕਾਰਵਾਈ, ਸੁਰਜਨ ਚੱਠਾ ਗ੍ਰਿਫ਼ਤਾਰ
ਕੋਡ ਆਫ ਕੰਡਕਟ ਦਾ ਫਾਇਦਾ ਉਠਾ ਕੇ ਬਣ ਰਹੀਆਂ ਹਨ ਨਾਜਾਇਜ਼ ਬਿਲਡਿੰਗਾਂ
ਇਨ੍ਹੀਂ ਦਿਨੀਂ ਸ਼ਹਿਰ ਵਿਚ ਲੋਕ ਸਭਾ ਚੋਣਾਂ ਦਾ ਰੌਲਾ ਹੈ ਅਤੇ ਵਧੇਰੇ ਲੋਕ ਚੋਣਾਵੀ ਕੰਮਾਂ ਵਿਚ ਰੁੱਝੇ ਹੋਏ ਹਨ। ਨਗਰ ਨਿਗਮ ਦੇ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਚੋਣ ਡਿਊਟੀ ਤੱਕ ਲੱਗੀ ਹੋਈ ਹੈ, ਜਿਸ ਕਾਰਨ ਨਿਗਮ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ ਵਿਚ ਕੋਡ ਆਫ ਕੰਡਕਟ ਦਾ ਫਾਇਦਾ ਉਠਾ ਕੇ ਸ਼ਹਿਰ ਵਿਚ ਧੜਾਧੜ ਨਾਜਾਇਜ਼ ਬਿਲਡਿੰਗਾਂ ਬਣ ਰਹੀਆਂ ਹਨ ਅਤੇ ਨਿਊ ਹਰਗੋਬਿੰਦ ਨਗਰ ਦੇ ਨੇੜੇ ਅਤੇ ਭਾਰਗੋ ਕੈਂਪ ਥਾਣੇ ਨਜ਼ਦੀਕ ਨਾਜਾਇਜ਼ ਢੰਗ ਨਾਲ ਕਾਲੋਨੀਆਂ ਤੱਕ ਕੱਟੀਆਂ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਖਤਮ ਹੁੰਦੇ ਹੀ ਨਿਗਮ ਵੱਲੋਂ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ’ਤੇ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਨਿਗਮ ਕਮਿਸ਼ਨਰ ਨੇ ਸ਼ੁੱਕਰਵਾਰ ਬਿਲਡਿੰਗ ਵਿਭਾਗ ਵਿਚ ਕੁਝ ਫੇਰਬਦਲ ਕੀਤਾ ਹੈ ਅਤੇ ਕੁਝ ਅਧਿਕਾਰੀਆਂ ਦੇ ਸੈਕਟਰ ਆਦਿ ਬਦਲ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਨਡਾਲਾ 'ਚ ਵੱਡੀ ਵਾਰਦਾਤ, 2 ਨਕਾਬਪੋਸ਼ ਲੁਟੇਰਿਆਂ ਨੇ ਜਿਊਲਰ ਤੋਂ ਲੁੱਟੀ 35 ਲੱਖ ਰੁਪਏ ਦੀ ਨਕਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ