ਖੱਡ ''ਚ ਆਏ ਤੇਜ਼ ਵਹਾਅ ਕਾਰਨ ਕਾਜ਼ਵੇ ਪੁਲ ਰੁੜ੍ਹਿਆ

07/15/2019 2:02:43 AM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਪਿੰਡ ਬਲੋਲੀ ਅਤੇ ਰਾਏਪੁਰ ਸਾਹਨੀ ਨੂੰ ਜਾਂਦੀ ਲਿੰਕ ਸੜਕ ਵਿਚਕਾਰ ਖੱਡ (ਚੋਅ) ਉੱਪਰ ਲੋਕਾਂ ਵੱਲੋਂ ਬਣਾਇਆ ਪੁਲ (ਕਾਜ਼ਵੇ) ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਕਾਰਣ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰ ਕੇ ਉਕਤ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।
ਪੱਤਰਕਾਰਾਂ ਨੂੰ ਮੌਕਾ ਦਿਖਾਉਂਦੇ ਹੋਏ ਪਿੰਡ ਬਲੋਲੀ ਦੇ ਸਰਪੰਚ ਪ੍ਰੇਮ ਚੰਦ, ਗੁਰਪਾਲ ਸਿੰਘ, ਸੁਰਿੰਦਰ ਸਿੰਘ, ਦਿਲਬਾਗ ਸਿੰਘ, ਪੰਚ ਓਮ ਪ੍ਰਕਾਸ਼, ਗਿਆਨ ਸਿੰਘ, ਸਰਬਜੀਤ ਸਿੰਘ, ਗੁਰਦੇਬ ਸਿੰਘ, ਅਮਰੀਕ ਸਿੰਘ, ਅਰਜਨ ਸਿੰਘ, ਭਜਨ ਸਿੰਘ, ਕੇਵਲ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਆਦਿ ਸਮੇਤ ਪਿੰਡ ਵਾਸੀਆਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਵੱਲੋਂ ਤਿੰਨ ਕੁ ਸਾਲ ਪਹਿਲਾਂ ਕਰੀਬ 11 ਲੱਖ ਰੁਪਏ ਇਕੱਠਾ ਕਰ ਕੇ ਅਤੇ ਮਗਨਰੇਗਾ ਸਕੀਮ ਅਧੀਨ 8 ਲੱਖ ਰੁਪਏ ਖਰਚ ਕਰ ਕੇ ਪਿੰਡ ਬਲੋਲੀ ਤੋਂ ਪਿੰਡ ਰਾਏਪੁਰ ਸਾਹਨੀ ਨੂੰ ਜਾਂਦੇ ਪੁਰਾਣੇ ਰਸਤੇ ਵਿਚਕਾਰ ਪੈਂਦੀ ਖੱਡ (ਚੋਅ) ਉੱਪਰ ਇਕ ਪੁਲਨੁਮਾ ਕਾਜ਼ਵੇ ਨੂੰ ਬਣਾਇਆ ਸੀ, ਜਿਸ ਦੀਆਂ ਸਾਈਡਾਂ 'ਤੇ ਆਰ. ਸੀ. ਸੀ. ਦੇ ਡੰਗੇ ਲਾਏ ਗਏ ਸਨ ਅਤੇ ਹੇਠਾਂ ਖੱਡ ਵਿਚ ਆਉਂਦੇ ਪਾਣੀ ਦੀ ਨਿਕਾਸੀ ਲਈ ਵੱਡੇ-ਵੱਡੇ ਪਾਈਪ ਪਾਏ ਗਏ ਸਨ। ਇਸ ਦਾ ਉਦਘਾਟਨ ਉਸ ਸਮੇਂ ਦੇ ਸੰਤ ਬਾਬਾ ਲਾਭ ਸਿੰਘ ਜੀ ਮੁੱਖ ਸੇਵਾਦਾਰ ਕਾਰ-ਸੇਵਾ ਕਿਲਾ ਅਨੰਦਗੜ੍ਹ ਸਾਹਿਬ ਨੇ ਕਰਵਾਇਆ ਸੀ।
ਪਿਛਲੇ ਦਿਨੀਂ ਭਾਰੀ ਮੀਂਹ ਕਾਰਣ ਖੱਡ ਵਿਚ ਪਾਣੀ ਆ ਗਿਆ ਸੀ। ਪਾਣੀ ਦੀ ਨਿਕਾਸੀ ਲਈ ਜੋ ਵੱਡੇ ਪਾਈਪ ਪਾਏ ਗਏ ਸਨ, ਉਨ੍ਹਾਂ ਵਿਚੋਂ ਸਾਰੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਤੇਜ਼ ਪਾਣੀ ਨੇ ਆਲੇ-ਦੁਆਲੇ ਦੀ ਮਿੱਟੀ ਨੂੰ ਖੋਰਾ ਲਾ ਦਿੱਤਾ ਅਤੇ ਜੋ ਸਾਈਡਾਂ 'ਤੇ ਡੰਗੇ ਲਾਏ ਗਏ ਸਨ, ਨੂੰ ਆਪਣੇ ਤੇਜ਼ ਵਹਾਅ ਵਿਚ ਰੋੜ੍ਹ ਕੇ ਲੈ ਗਿਆ, ਜਿਸ ਕਾਰਣ ਇਹ ਰਸਤਾ ਆਵਾਜਾਈ ਲਈ ਬਿਲਕੁਲ ਬੰਦ ਹੋ ਗਿਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਸਮੇਤ ਚੰਗਰ ਇਲਾਕੇ ਦੇ 10 ਪਿੰਡਾਂ ਦੇ ਲੋਕ ਇਸ ਰਸਤੇ ਰਾਹੀਂ ਪਿੰਡ ਰਾਏਪੁਰ ਸਾਹਨੀ ਤੋਂ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਂਦੇ-ਜਾਂਦੇ ਸਨ। ਇਸ ਰਸਤੇ ਰਾਹੀਂ ਸ੍ਰੀ ਕੀਰਤਪੁਰ ਸਾਹਿਬ ਸਿਰਫ਼ ਪੰਜ ਕਿਲੋਮੀਟਰ ਪੈਂਦਾ ਸੀ ਜਦਕਿ ਵਾਇਆ ਕੋਟਲਾ ਅਤੇ ਮੱਸੇਵਾਲ ਰਾਹੀਂ ਘੁੰਮ ਕੇ ਆਉਣ ਕਾਰਣ 12 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਸੀ।
ਲੋਕਾਂ ਨੇ ਦੱਸਿਆ ਕਿ ਇਸ ਰਸਤੇ ਤੋਂ ਛੋਟੇ-ਵੱਡੇ ਵਾਹਨ ਲੰਘਦੇ ਸਨ ਪਰ ਹੁਣ ਇਹ ਕਾਜ਼ਵੇ ਪੁਲ ਰੁੜ੍ਹ ਜਾਣ ਕਾਰਣ ਪੈਦਲ ਵਿਅਕਤੀ ਦਾ ਵੀ ਲੰਘਣਾ ਔਖਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਰੁੜ੍ਹੇ ਕਾਜ਼ਵੇ ਪੁਲ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਲੋਕ ਆਸਾਨੀ ਨਾਲ ਇਸ ਰਸਤੇ ਤੋਂ ਆ-ਜਾ ਸਕਣ।


KamalJeet Singh

Content Editor

Related News