ਜਲੰਧਰ ’ਚ ਵੱਡੀ ਵਾਰਦਾਤ, ਨੌਜਵਾਨ ਦਾ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼
Saturday, Sep 11, 2021 - 02:49 PM (IST)
ਜਲੰਧਰ/ਛਾਉਣੀ (ਮਹੇਸ਼)— ਕਮਿਸ਼ਨਰੇਟ ਪੁਲਸ ਦੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਹੁਸ਼ਿਆਰਪੁਰ ਰੋਡ ’ਤੇ ਪਿੰਡ ਪਤਾਰਾ ਦੇ ਗੇਟ ਨੇੜੇ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਝੋਨੇ ਦੇ ਖੇਤਾਂ ਵਿਚ ਸੁੱਟ ਕੇ ਹੱਤਿਆਰੇ ਫ਼ਰਾਰ ਹੋ ਗਏ।। ਉਕਤ ਨੌਜਵਾਨ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕੀਤਾ ਗਿਆ ਹੈ। ਵਾਰਦਾਤ ਵਾਲੀ ਜਗ੍ਹਾ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਵੀ ਪੁਲਸ ਵੱਲੋਂ ਚੈੱਕ ਕੀਤੀ ਜਾ ਰਹੀ ਹੈ। ਨੌਜਵਾਨ ਦੀ ਬਾਂਹ ’ਤੇ ਸੁਖਵਿੰਦਰ ਕੌਰ ਦਾ ਨਾਂ ਲਿਖਿਆ ਹੋਇਆ ਮਿਲਿਆ ਹੈ। ਇਸ ਦੇ ਨਾਲ ਹੀ ਇਕ ਟੈਟੂ ਵੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਫਰੈਂਡਜ਼ ਕਾਲੋਨੀ ਦੇ ਬਹੁ-ਚਰਚਿਤ ਰਾਣਾ ਜੋੜੇ ਦੇ ਖ਼ੁਦਕੁਸ਼ੀ ਕੇਸ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ
ਨੌਜਵਾਨ ਦੀ ਉਮਰ ਕਰੀਬ 16 ਸਾਲਾ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਪਾ ਕੇ ਪੁਲਸ ਚੌਂਕੀ ਦਕੋਹਾ ਦੇ ਇੰਚਾਰਜ ਗੁਰਵਿੰਦਰ ਸਿੰਘ ਪੁਲਸ ਪਾਰਟੀ ਨਾਲ ਪਹੁੰਚੇ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਖੇਤਾਂ ਦੇ ਮਾਲਕ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਖੇਤਾਂ ’ਚ ਇਕ ਅਣਪਛਾਤੇ ਵਿਅਕਤੀ ਦੀ ਕਤਲ ਕੀਤੀ ਲਾਸ਼ ਪਈ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਸਮੇਂ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਪੁਲਸ ਲਾਈਨ ਵਿਚ ਸੀਨੀਅਰ ਅਧਿਕਾਰੀਆਂ ਅਤੇ ਐੱਸ. ਐੱਚ. ਓਜ਼ ਨਾਲ ਕ੍ਰਾਈਮ ਸਮੀਖਿਆ ਮੀਟਿੰਗ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਜੁਰਮਾਂ ਨੂੰ ਰੋਕਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਦਿਸ਼ਾ-ਨਿਰਦੇਸ਼ ਦੇ ਰਹੇ ਸਨ।
ਵਾਰਦਾਤ ਵਾਲੀ ਜਗ੍ਹਾ ਪੁੱਜੇ ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ, ਏ. ਸੀ. ਪੀ. ਸਤਿੰਦਰ ਕੁਮਾਰ ਅਤੇ ਦਕੋਹਾ ਚੌਕੀ ਅਤੇ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਾਹੁਲ ਕੁਮਾਰ ਪੁੱਤਰ ਸੁਖਦੇਵ ਲਾਲ ਨਿਵਾਸੀ ਹਰਦਿਆਲ ਨਗਰ ਨਜ਼ਦੀਕ ਲੰਮਾ ਪਿੰਡ ਚੌਕ ਜਲੰਧਰ ਵਜੋਂ ਹੋਈ ਹੈ। ਏ. ਸੀ. ਪੀ. ਕਾਹਲੋਂ ਨੇ ਦੱਸਿਆ ਕਿ ਗੋਬਿੰਦ ਸਿੰਘ ਪੁੱਤਰ ਬਖਤਾਵਰ ਸਿੰਘ ਨਿਵਾਸੀ ਪਿੰਡ ਭੋਜੋਵਾਲ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਹ ਜਦੋਂ ਖੇਤਾਂ ਵਿਚ ਸਵੇਰੇ 7 ਵਜੇ ਪਾਣੀ ਵੇਖਣ ਲਈ ਪੁੱਜਾ ਤਾਂ ਉਸ ਨੇ ਵੇਖਿਆ ਕਿ ਇਕ ਨੌਜਵਾਨ ਮ੍ਰਿਤਕ ਹਾਲਤ ਵਿਚ ਉਥੇ ਪਿਆ ਹੋਇਆ ਸੀ। ਉਸ ਦੇ ਗਲੇ ਵਿਚੋਂ ਖ਼ੂਨ ਨਿਕਲ ਰਿਹਾ ਸੀ ਅਤੇ ਗਲੇ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਗੋਬਿੰਦ ਸਿੰਘ ਅਨੁਸਾਰ ਉਸ ਨੇ ਇਹ ਖੇਤ ਵਾਹੀ ਕਰਨ ਲਈ ਠੇਕੇ ’ਤੇ ਲਏ ਹੋਏ ਹਨ, ਜਦੋਂ ਕਿ ਇਨ੍ਹਾਂ ਦਾ ਮਾਲਕ ਗਗਨਦੀਪ ਸਿੰਘ ਪ੍ਰਿੰਸ ਪੁੱਤਰ ਚਰਨਜੀਤ ਸਿੰਘ ਨਿਵਾਸੀ ਨਜ਼ਦੀਕ ਗੁਰੂ ਰਵਿਦਾਸ ਚੌਕ ਜਲੰਧਰ ਹੈ। ਪੁਲਸ ਨੇ ਗੋਬਿੰਦ ਸਿੰਘ ਦੇ ਬਿਆਨਾਂ ’ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਆਈ. ਪੀ. ਸੀ. ਦੀ ਧਾਰਾ 302 ਤਹਿਤ ਐੱਫ. ਆਈ. ਆਰ. ਨੰਬਰ 194 ਦਰਜ ਕੀਤੀ ਹੈ।
ਬਾਂਹ ’ਤੇ ਟੈਟੂ ਨਾਲ ਫੋਟੋ ਬਣਾ ਕੇ ਮਾਂ ਦਾ ਲਿਖਿਆ ਨਾਂ
ਮ੍ਰਿਤਕ ਰਾਹੁਲ ਕੁਮਾਰ ਦੀ ਖੱਬੀ ਬਾਂਹ ’ਤੇ ਟੈਟੂ ਬਣਾ ਕੇ ਉਸ ਨੇ ਆਪਣੀ ਮਾਂ ਦੀ ਫੋਟੋ ਅਤੇ ਨਾਂ ਸੁਖਜਿੰਦਰ ਕੌਰ ਲਿਖਵਾਇਆ ਹੋਇਆ ਸੀ। ਰਾਹੁਲ ਦੀ ਮਾਂ ਸੁਖਜਿੰਦਰ ਕੌਰ ਦੀ 2 ਸਾਲ ਪਹਿਲਾਂ ਅਤੇ ਪਿਤਾ ਸੁਖਦੇਵ ਲਾਲ ਦੀ 13-14 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦਾ ਇਕ ਵੱਡਾ ਭਰਾ ਹੈ, ਜਿਹੜਾ ਧਾਰਮਿਕ ਅਸਥਾਨ ’ਤੇ ਰਹਿ ਕੇ ਸੇਵਾ ਕਰਦਾ ਹੈ, ਜਦੋਂ ਕਿ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ। ਰਾਹੁਲ ਖ਼ੁਦ ਪਲੰਬਰ ਦਾ ਕੰਮ ਕਰਦਾ ਸੀ। ਭਰਾ ਦੇ ਦੱਸਣ ਮੁਤਾਬਕ ਰਾਹੁਲ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।
ਦੇਰ ਰਾਤ ਤੱਕ ਕਾਤਲਾਂ ਦਾ ਨਹੀਂ ਮਿਲਿਆ ਕੋਈ ਸੁਰਾਗ
ਰਾਹੁਲ ਦੀ ਹੱਤਿਆ ਨੂੰ ਲੈ ਕੇ ਦੇਰ ਰਾਤ ਤੱਕ ਪੁਲਸ ਨੂੰ ਮੁਲਜ਼ਮਾਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਸੀ। ਕਮਿਸ਼ਨਰੇਟ ਪੁਲਸ ਦੀਆਂ ਕਈ ਟੀਮਾਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀਆਂ ਹਨ। ਵਾਰਦਾਤ ਵਾਲੀ ਜਗ੍ਹਾ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਘੋਖੀ ਜਾ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਬਹੁਤ ਜਲਦ ਇਸ ਹੱਤਿਆ ਦੇ ਕੇਸ ਨੂੰ ਟਰੇਸ ਕਰ ਲਿਆ ਜਾਵੇਗਾ। ਪੁਲਸ ਹੱਤਿਆ ਦੇ ਪਿੱਛੇ ਦੇ ਕਾਰਨਾਂ ਦਾ ਵੀ ਪਤਾ ਲਾ ਰਹੀ ਹੈ।
25 ਦਿਨਾਂ ’ਚ ਤੀਜਾ ਕਤਲ
ਪਿਛਲੇ 25 ਦਿਨਾਂ ਵਿਚ ਕਮਿਸ਼ਨਰੇਟ ਪੁਲਸ ਦੇ ਇਲਾਕੇ ਵਿਚ ਸ਼ਨੀਵਾਰ ਨੂੰ ਤੀਜਾ ਕਤਲ ਹੋਇਆ ਹੈ। ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ ਤੋਂ ਪਹਿਲਾਂ 14 ਅਗਸਤ ਦੀ ਰਾਤ ਨੂੰ ਜਲੰਧਰ ਕੈਂਟ ਏਰੀਆ ਵਿਚ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ 3 ਨੌਜਵਾਨਾਂ ਵੱਲੋਂ ਪੀ. ਏ. ਪੀ. ਦੇ ਏ. ਐੱਸ. ਆਈ. ਕੁਲਦੀਪ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਾਬੀ ਦਾ ਕਤਲ ਕਰ ਦਿੱਤਾ ਗਿਆ ਸੀ, ਜਿਹੜਾ ਕਿ ਅਜੇ ਤੱਕ ਟਰੇਸ ਨਹੀਂ ਹੋ ਸਕਿਆ। ਉਸ ਤੋਂ ਬਾਅਦ ਨਵੇਂ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਨਿਯੁਕਤੀ ਤੋਂ ਬਾਅਦ 31 ਅਗਸਤ ਨੂੰ ਦਿਨ-ਦਿਹਾੜੇ ਥਾਣਾ ਸਦਰ ਦੇ ਇਲਾਕੇ ਪਿੰਡ ਖਾਂਬਰਾ ਨੇੜੇ ਧਰਮਪੁਰਾ ਆਬਾਦੀ ਵਿਚ ਹੰਸਰਾਜ ਕਾਕੂ ਨਾਂ ਦੇ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਪੁਲਸ ਨੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ, ਜਦੋਂ ਕਿ ਬਾਕੀ ਫ਼ਰਾਰ ਹਨ। ਹੁਣ ਤੀਜਾ ਕਤਲ ਰਾਹੁਲ ਕੁਮਾਰ ਨਿਵਾਸੀ ਹਰਦਿਆਲ ਨਗਰ ਦੀ ਥਾਣਾ ਰਾਮਾ ਮੰਡੀ ਵਿਚ ਪੈਂਦੇ ਪਿੰਡ ਪਤਾਰਾ ਦੇ ਗੇਟ ਨੇੜੇ ਕਰ ਦਿੱਤੀ ਗਈ ਹੈ।
ਰਾਹੁਲ ਦਾ ਐਤਵਾਰ ਹੋਵੇਗਾ ਪੋਸਟਮਾਰਟਮ
ਦਕੋਹਾ (ਨੰਗਲਸ਼ਾਮਾ) ਪੁਲਸ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਮ੍ਰਿਤਕ ਰਾਹੁਲ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।
ਵਧਦੇ ਜੁਰਮਾਂ ਨੂੰ ਲੈ ਕੇ ਲੋਕਾਂ ਵਿਚ ਖ਼ੌਫ਼
ਸ਼ਹਿਰ ਵਿਚ ਵਧ ਰਹੇ ਜੁਰਮਾਂ ਨੂੰ ਲੈ ਕੇ ਆਮ ਲੋਕਾਂ ਵਿਚ ਮੁਲਜ਼ਮਾਂ ਦਾ ਕਾਫ਼ੀ ਖ਼ੌਫ਼ ਵੇਖਿਆ ਜਾ ਰਿਹਾ ਹੈ। ਬੇਖ਼ੌਫ਼ ਘੁੰਮ ਰਹੇ ਮੁਜਰਿਮ ਪੁਲਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨ-ਚਿੰਨ੍ਹ ਲਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਕੋਲੋਂ ਉਨ੍ਹਾਂ ਦੀ ਮੰਗ ਹੈ ਕਿ ਵਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਉਹ ਪੁਲਸ ਮੁਲਾਜ਼ਮਾਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਨ। ਪੁਲਸ ਨਾਕਿਆਂ ਅਤੇ ਗਸ਼ਤ ਨੂੰ ਵੀ ਹਰ ਹਾਲਤ ਵਿਚ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ: ਨੂਰਮਹਿਲ 'ਚ ਖ਼ੂਨ ਨਾਲ ਲਥਪਥ ਮਿਲੀ ਔਰਤ ਦੀ ਲਾਸ਼, ਪੁੱਤ ਤੇ ਨੂੰਹ 'ਤੇ ਕਤਲ ਦਾ ਸ਼ੱਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ