ਸਿਆਚਿਨ 'ਚ ਭਾਰੀ ਬਰਫਬਾਰੀ ਕਾਰਨ ਪਿੰਡ ਸੈਦੋਂ ਨੌਸ਼ਹਿਰਾ ਦਾ ਜਵਾਨ ਸ਼ਹੀਦ

11/20/2019 3:04:24 PM

ਹਾਜੀਪੁਰ (ਜੋਸ਼ੀ)— ਸੋਮਵਾਰ ਨੂੰ ਸਿਆਚਿਨ ਗਲੇਸ਼ੀਅਰ 'ਚ ਡਿਊਟੀ ਦੌਰਾਨ ਆਏ ਬਰਫੀਲੇ ਤੂਫਾਨ 'ਚ ਭਾਰਤੀ ਸੈਨਾ ਦੇ ਚਾਰ ਜਵਾਨ ਸ਼ਹੀਦ ਹੋਣ ਦੇ ਸਮਾਚਾਰ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ ਇਕ ਜਵਾਨ ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਪਿੰਡ ਸੈਦੋਂ ਨੌਸ਼ਹਿਰਾ ਪੁਲਸ ਸਟੇਸ਼ਨ ਹਾਜੀਪੁਰ ਦਾ ਡਿੰਪਲ ਕੁਮਾਰ ਹੈ। ਜਿਸ ਦੀ ਪੁਸ਼ਟੀ ਸੈਨਿਕ ਭਲਾਈ ਦਫਤਰ ਹੁਸ਼ਿਆਰਪੁਰ ਵੱਲੋਂ ਕੀਤੀ ਗਈ ਹੈ। 
ਵਰਨਣਯੋਗ ਹੈ ਕਿ ਪਿੰਡ ਸੈਦੋਂ ਨੌਸ਼ਹਿਰਾ ਦਾ ਜਵਾਨ ਡਿੰਪਲ ਕੁਮਾਰ ਭਾਰਤੀ ਸੈਨਾ 'ਚ ਕਰੀਬ ਡੇਢ ਸਾਲ ਪਹਿਲਾਂ ਭਰਤੀ ਹੋਇਆ ਸੀ ਅਤੇ ਟਰੇਨਿੰਗ ਪਿਛੋਂ ਪਹਿਲੀ ਵਾਰ ਸਿਆਚਿਨ ਗਲੇਸ਼ੀਅਰ ਇਲਾਕੇ 'ਚ ਡਿਊਟੀ 'ਤੇ ਗਿਆ ਸੀ। ਲਗਭਗ 20 ਹਜ਼ਾਰ ਫੁੱਟ ਦੀ ਉਚਾਈ 'ਤੇ ਪੈਂਦੇ ਸਿਆਚਿਨ ਗਲੇਸ਼ੀਅਰ 'ਤੇ ਸ਼ਹੀਦ ਡਿੰਪਲ ਕੁਮਾਰ ਆਪਣੇ ਹੋਰ ਸਾਥੀਆਂ ਨਾਲ ਡਿਊਟੀ ਦੌਰਾਨ ਗਸ਼ਤ ਕਰ ਰਿਹਾ ਸੀ, ਜਿਸ ਦੌਰਾਨ ਆਏ ਬਰਫੀਲੇ ਤੂਫਾਨ 'ਚ ਸਾਰੇ ਜਵਾਨ ਦੱਬ ਗਏ।
ਸੂਚਨਾ ਮਿਲਣ 'ਤੇ ਸੈਨਾ ਦੇ ਬਚਾਓ ਦਲ ਨੇ ਸਾਰਿਆਂ ਨੂੰ ਬਾਹਰ ਕੱਢਿਆ, ਜਿਨ੍ਹਾਂ 'ਚੋਂ ਚਾਰ ਜਵਾਨ ਸ਼ਹੀਦ ਹੋ ਗਏ। ਸ਼ਹੀਦ ਡਿੰਪਲ ਕੁਮਾਰ ਦੇ ਪਿਤਾ ਜੱਗਾ ਸਿੰਘ, ਜੋ ਸੀ. ਆਰ. ਪੀ. ਐੱਫ. 'ਚ ਹਨ, ਮਾਤਾ ਪਰਮਲਾ ਦੇਵੀ ਘਰੇਲੂ ਕੰਮ ਕਾਰ ਕਰਦੀ ਹੈ ਅਤੇ ਦੋ ਛੋਟੇ ਭੈਣ-ਭਰਾ ਅਜੇ ਪੜ੍ਹਦੇ ਹਨ।


shivani attri

Content Editor

Related News