ਵੱਡੀ ਖਬਰ : ਕਿਸਾਨਾਂ ਨੇ ਹੁਣ ਰੇਲ ਟਰੈਕ ਕੀਤਾ ਜਾਮ, ਟਰੇਨਾਂ ਦੀ ਆਵਾਜਾਈ ਰੁਕੀ
Friday, Aug 20, 2021 - 07:50 PM (IST)
ਜਲੰਧਰ (ਗੁਲਸ਼ਨ)-ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਗੁੱਸਾ ਘੱਟਦਾ ਨਜ਼ਰ ਨਹੀਂ ਆ ਰਿਹਾ ਹੈ। ਹੁਣ ਵੱਡੀ ਖਬਰ ਸਹਾਮਣੇ ਆ ਰਹੀ ਹੈ ਕਿ ਕਿਸਾਨਾਂ ਨੇ ਧੰਨੋਵਾਲੀ ਨੇੜੇ ਰੇਲ ਟਰੈਕ ਨੂੰ ਜਾਮ ਕਰ ਦਿੱਤਾ ਹੈ। ਟਰੈਕ ਜਾਮ ਹੋਣ ਨਾਲ ਟਰੇਨਾਂ ਦੀ ਆਵਾਜਾਈ ਰੁਕ ਗਈ ਹੈ ਜਿਸ ਨਾਲ ਯਾਤਰੀ ਬੇਹੱਦ ਪ੍ਰੇਸ਼ਾਨ ਹਨ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਸਵੇਰੇ ਨੈਸ਼ਨਲ ਹਾਈਵੇਅ ਜਾਮ ਕਰਨ ਤੋਂ ਬਾਅਦ ਸ਼ਾਮੀਂ ਲਗਭਗ 4 ਵਜੇ ਸਥਾਨਕ ਧੰਨੋਵਾਲੀ ਫਾਟਕ ਨੇੜੇ ਰੇਲਵੇ ਟਰੈਕ ਵੀ ਜਾਮ ਕਰ ਦਿੱਤਾ, ਜਿਸ ਕਾਰਨ ਰੇਲ ਪ੍ਰਸ਼ਾਸਨ ਨੇ ਅੰਮ੍ਰਿਤਸਰ-ਨਵੀਂ ਦਿੱਲੀ ਅਤੇ
ਇਹ ਵੀ ਪੜ੍ਹੋ : 'ਕੋਰੋਨਾ ਦੇ ਡੈਲਟਾ ਵੇਰੀਐਂਟ ਵਿਰੁੱਧ ਘੱਟ ਅਸਰਦਾਰ ਦਿਖੀ ਵੈਕਸੀਨ, ਬੂਸਟਰ ਖੁਰਾਕ ਦੀ ਪਵੇਗੀ ਲੋੜ'
ਜੰਮੂ-ਤਵੀ ਵੱਲ ਜਾਣ ਵਾਲੀਆਂ ਸਾਰੀਆਂ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ। ਜਿਹੜੀਆਂ ਟਰੇਨਾਂ ਜਿਸ ਸਟੇਸ਼ਨ ’ਤੇ ਪੁੱਜੀਆਂ ਸਨ, ਉਨ੍ਹਾਂ ਨੂੰ ਉਥੇ ਹੀ ਰੋਕ ਦਿੱਤਾ ਗਿਆ।
ਕਿਸਾਨ ਅੰਦੋਲਨ ਕਾਰਨ 2 ਦਰਜਨ ਟਰੇਨਾਂ ਦੇ ਪ੍ਰਭਾਵਿਤ ਹੋਣ ਦੀ ਸੂਚਨਾ ਮਿਲੀ ਹੈ। ਇਸ ਵਿਚ 9 ਟਰੇਨਾਂ ਅੰਮ੍ਰਿਤਸਰ-ਚੰਡੀਗੜ੍ਹ ਇੰਟਰਸਿਟੀ (04562), ਗੋਲਡਨ ਟੈਂਪਲ ਮੇਲ (02904), ਅੰਮ੍ਰਿਤਸਰ-ਦੇਹਰਾਦੂਨ ਐਕਸਪ੍ਰੈੱਸ (04664), ਜੰਮੂ-ਤਵੀ ਦਿੱਲੀ ਰਾਜਧਾਨੀ ਸਪੈਸ਼ਲ (02426), ਜੇਹਲਮ ਐਕਸਪ੍ਰੈੱਸ ਸਪੈਸ਼ਲ (01078), ਸ਼੍ਰੀ ਸ਼ਕਤੀ ਐਕਸਪ੍ਰੈੱਸ ਏ. ਸੀ. ਸੁਪਰਫਾਸਟ (02462), ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ (04012), ਜੰਮੂ-ਤਵੀ-ਬਰਮਰ ਸਪੈਸ਼ਲ (04662) ਅਤੇ ਅਮਰਨਾਥ ਐਕਸਪ੍ਰੈੱਸ (05654) ਨੂੰ ਰੱਦ ਕਰਨਾ ਪਿਆ।
ਸਿਟੀ ਸਟੇਸ਼ਨ ’ਤੇ 3 ਘੰਟੇ ਖੜ੍ਹੀ ਰਹੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ, ਯਾਤਰੀ ਹੋਏ ਪ੍ਰੇਸ਼ਾਨ
ਅੰਮ੍ਰਿਤਸਰ ਤੋਂ ਚੱਲ ਕੇ ਨਵੀਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ (04068), ਜਿਸ ਦਾ ਸਮਾਂ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਸ਼ਾਮ 4.15 ਵਜੇ ਹੈ, ਉਸ ਨੂੰ ਲਗਭਗ 7.10 ਵਜੇ ਜਲੰਧਰ ਸਿਟੀ ਤੋਂ ਵਾਇਆ ਨਕੋਦਰ ਤੇ ਫਿਲੌਰ ਹੁੰਦੇ ਹੋਏ ਲੁਧਿਆਣਾ ਭੇਜਿਆ ਗਿਆ । ਇਸੇ ਤਰ੍ਹਾਂ ਡਿਬਰੂਗੜ੍ਹ ਐਕਸਪ੍ਰੈੱਸ, ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ, ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਨੂੰ ਵੀ ਕਈ ਘੰਟਿਆਂ ਦੀ ਦੇਰੀ ਨਾਲ ਵਾਇਆ ਨਕੋਦਰ ਚਲਾਇਆ ਗਿਆ। ਇਸ ਦੌਰਾਨ ਸਿਟੀ ਰੇਲਵੇ ਸਟੇਸ਼ਨ ਵੀ ਯਾਤਰੀਆਂ ਨਾਲ ਖਚਾਖਚ ਭਰਿਆ ਰਿਹਾ। ਯਾਤਰੀ ਲਗਭਗ 3 ਘੰਟੇ ਟਰੇਨ ਚੱਲਣ ਦੀ ਉਡੀਕ ਕਰਦੇ ਰਹੇ। ਟਰੇਨਾਂ ਦੀ ਜਾਣਕਾਰੀ ਲੈਣ ਲਈ ਪੁੱਛਗਿੱਛ ਕੇਂਦਰ ’ਤੇ ਵੀ ਯਾਤਰੀਆਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਦੌਰਾਨ ਕੋਰੋਨਾ ਨਿਯਮਾਂ ਦੀਆਂ ਵੀ ਖੂਬ ਧੱਜੀਆਂ ਉੱਡੀਆਂ।
ਸ਼ਤਾਬਦੀ ਅਤੇ ਗਰੀਬ ਰੱਥ ਐਕਸਪ੍ਰੈੱਸ ਨੂੰ ਲੁਧਿਆਣਾ ’ਚ ਕੀਤਾ ਸ਼ਾਰਟ ਟਰਮੀਨੇਟ
ਸਹਰਸਾ-ਅੰਮ੍ਰਿਤਸਰ ਗਰੀਬ ਰੱਥ ਐਕਸਪ੍ਰੈੱਸ (04687) ਅਤੇ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ (02013) ਨੂੰ ਲੁਧਿਆਣਾ ਸਟੇਸ਼ਨ ’ਤੇ ਹੀ ਟਰਮੀਨੇਟ ਕਰਨਾ ਪਿਆ। ਇਸ ਤੋਂ ਇਲਾਵਾ ਬੇਗਮਪੁਰਾ ਐਕਸਪ੍ਰੈੱਸ ਫੈਸਟੀਵਲ ਸਪੈਸ਼ਲ, ਪਸ਼ਚਿਮ ਐਕਸਪ੍ਰੈੱਸ, ਸੱਚਖੰਡ ਐਕਸਪ੍ਰੈੱਸ, ਚੰਡੀਗੜ੍ਹ-ਅੰਮ੍ਰਿਤਸਰ ਇੰਟਰਸਿਟੀ ਆਦਿ ਟਰੇਨਾਂ ਨੂੰ ਵੀ ਰੂਟ ਬਦਲ ਕੇ ਚਲਾਇਆ ਗਿਆ। ਟਰੇਨਾਂ ਦੇ ਰੱਦ, ਸ਼ਾਰਟ ਟਰਮੀਨੇਟ ਅਤੇ ਕਈ ਘੰਟੇ ਲੇਟ ਹੋਣ ਨਾਲ ਰੇਲਵੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਹਰਿਆਣਾ ਦੇ ਕਿਸਾਨਾਂ ਦੇ ਬਰਾਬਰ ਸਟੇਟ ਐਗੀਰੇਡ ਪ੍ਰਾਈਸ (ਐੱਸ.ਏ.ਪੀ.) ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਗੰਨੇ ਦੀ ਬਕਾਏ ਰਾਸ਼ੀ ਦਾ ਭੁਗਤਾਨ ਕਰਨ ਅਤੇ ਕੀਮਤਾਂ 'ਚ ਵਿਸਤਾਰ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਜਲੰਧਰ 'ਚ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਦੇਣ ਦੀ ਚਿਤਾਵਨੀ ਤੋਂ ਬਾਅਦ ਕੈਪਟਨ ਸਰਕਾਰ ਨੇ 15 ਰੁਪਏ ਪ੍ਰਤੀ ਕੁਇੰਟਲ ਰੇਟ ਵਧਾ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।