ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ ''ਤੇ ਉੱਠੇ ਵੱਡੇ ਸਵਾਲ
Thursday, Aug 06, 2026 - 01:47 PM (IST)
ਜਲੰਧਰ (ਪਾਹਵਾ)-ਜਲੰਧਰ ਦੇ ਭਾਰਗੋ ਕੈਂਪ ਇਲਾਕੇ ਵਿਚ ਮੰਗਲਵਾਰ ਦੇਰ ਰਾਤ ਹੋਈ ਫਾਇਰਿੰਗ ਦੀ ਘਟਨਾ ਨੇ ਕਈ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਵਿਚ ਕੋਈ ਗੰਭੀਰ ਰੂਪ ਵਿਚ ਜ਼ਖ਼ਮੀ ਨਹੀਂ ਹੋਇਆ ਪਰ ਸਾਹਮਣੇ ਆਏ ਸੀ. ਸੀ. ਟੀ. ਵੀ. ਫੁਟੇਜ ਨੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਦੀ ਟੀਮ ਇਲਾਕੇ ਵਿਚ ਛਾਪੇਮਾਰੀ ਕਰਨ ਪੁੱਜੀ ਸੀ। ਇਸੇ ਦੌਰਾਨ ਦੋਵਾਂ ਧਿਰਾਂ ਵਿਚਾਲੇ ਫਾਇਰਿੰਗ ਹੋਈ ਅਤੇ ਜਵਾਬੀ ਫਾਇਰਿੰਗ ਦੀ ਵੀ ਗੱਲ ਸਾਹਮਣੇ ਆਈ।
ਇਸ ਦੌਰਾਨ ਵਾਇਰਲ ਸੀ. ਸੀ. ਟੀ. ਵੀ. ਫੁਟੇਜ ਵਿਚ ਮਾਡਲ ਟਾਊਨ ਦੇ ਸ਼ਰਾਬ ਕਾਰੋਬਾਰੀ ਘਟਨਾ ਵਾਲੀ ਥਾਂ ’ਤੇ ਮੌਜੂਦ ਵਿਖਾਈ ਦੇ ਰਹੇ ਹਨ। ਫੁਟੇਜ ਵਿਚ ਕਥਿਤ ਤੌਰ ’ਤੇ ਉਹੀ ਗੱਡੀ ਨਜ਼ਰ ਆਉਂਦੀ ਹੈ, ਜਿਸ ਵਿਚ ਉਹ ਮੌਕੇ ’ਤੇ ਪਹੁੰਚੇ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸੇ ਗੱਡੀ ’ਚੋਂ ਉੱਤਰੇ ਇਕ ਵਿਅਕਤੀ ਨੇ ਫਾਇਰਿੰਗ ਕੀਤੀ ਅਤੇ ਘਟਨਾ ਤੋਂ ਬਾਅਦ ਸਾਰੇ ਲੋਕ ਉਸੇ ਵਾਹਨ ਵਿਚ ਸਵਾਰ ਹੋ ਕੇ ਉੱਥੋਂ ਚਲੇ ਗਏ।
ਇਹ ਵੀ ਪੜ੍ਹੋ: ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ
ਇਥੋਂ ਹੀ ਪੂਰੇ ਘਟਨਾਕ੍ਰਮ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਜੇਕਰ ਐਕਸਾਈਜ਼ ਵਿਭਾਗ ਦੀ ਟੀਮ ਸਰਕਾਰੀ ਕਾਰਵਾਈ ਲਈ ਮੌਕੇ ’ਤੇ ਗਈ ਸੀ ਤਾਂ ਇਕ ਨਿੱਜੀ ਸ਼ਰਾਬ ਠੇਕੇਦਾਰ ਦੀ ਉੱਥੇ ਕੀ ਭੂਮਿਕਾ ਸੀ? ਜੇਕਰ ਉਸ ਕੋਲ ਕਿਸੇ ਨਾਜਾਇਜ਼ ਗਤੀਵਿਧੀ ਦੀ ਸੂਚਨਾ ਸੀ, ਤਾਂ ਉਹ ਸਿਰਫ਼ ਵਿਭਾਗ ਨੂੰ ਜਾਣਕਾਰੀ ਦੇ ਕੇ ਕਾਰਵਾਈ ਹੋਣ ਦਿੰਦਾ। ਅਜਿਹੇ ਵਿਚ ਉਸ ਦਾ ਖ਼ੁਦ ਮੌਕੇ ’ਤੇ ਮੌਜੂਦ ਹੋਣਾ ਅਤੇ ਫਾਇਰਿੰਗ ਦੌਰਾਨ ਉੱਥੇ ਹੀ ਦਿਖਾਈ ਦੇਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।
ਮਾਮਲੇ ਦਾ ਇਕ ਹੋਰ ਅਹਿਮ ਪਹਿਲੂ ਇਹ ਹੈ ਕਿ ਹੁਣ ਤੱਕ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਜਾਂ ਦਰਜ ਕੀਤੇ ਗਏ ਮਾਮਲੇ ਵਿਚ ਸ਼ਰਾਬ ਕਾਰੋਬਾਰੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ, ਜਦਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਉਸ ਦੀ ਕਥਿਤ ਮੌਜੂਦਗੀ ਸਾਫ਼ ਦਿਖਾਈ ਦੇ ਰਹੀ ਹੈ। ਅਜਿਹੇ ’ਚ ਸਵਾਲ ਉੱਠ ਰਹੇ ਹਨ ਕਿ ਕੀ ਪੁਲਸ ਇਸ ਪਹਿਲੂ ਦੀ ਵੀ ਜਾਂਚ ਕਰੇਗੀ ਅਤੇ ਘਟਨਾ ਵਾਲੀ ਥਾਂ ’ਤੇ ਮੌਜੂਦ ਸਾਰੇ ਲੋਕਾਂ ਦੀ ਭੂਮਿਕਾ ਦੀ ਨਿਰਪੱਖ ਪੜਤਾਲ ਹੋਵੇਗੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਧਿਕਾਰਤ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੂਰੇ ਘਟਨਾਕ੍ਰਮ ਦੀ ਅਸਲ ਤਸਵੀਰ ਸਾਹਮਣੇ ਆ ਸਕੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
