ਮਨਪ੍ਰੀਤ ਬਾਦਲ ''ਤੇ ਵਰ੍ਹੇ CM ਭਗਵੰਤ ਮਾਨ, ਕਿਹਾ-ਸਭ ਤੋਂ ਵੱਡਾ ਡਰਾਮੇਬਾਜ਼, ਮਿਲਣਾ ਚਾਹੀਦਾ ਹੈ ''ਆਸਕਰ ਐਵਾਰਡ''

Monday, Jul 31, 2023 - 06:58 PM (IST)

ਜਲੰਧਰ/ਸੁਨਾਮ (ਵੈੱਬ ਡੈਸਕ) -ਪੰਜਾਬ ਦੇ ਮੁੱਖ ਮਤਰੀ ਭਗਵੰਤ ਮਾਨ ਅੱਜ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰੱਖੇ ਗਏ ਸੂਬਾ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਸੰਬੋਧਨ ਵਿਚ ਪਿਛਲੀਆਂ ਸਰਕਾਰਾਂ 'ਤੇ ਤਿੱਖੇ ਤੰਜ ਕੱਸੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਤੋਂ ਭਾਵੇਂ ਸਾਨੂੰ ਆਜ਼ਾਦੀ ਮਿਲ ਗਈ ਹੈ ਪਰ ਆਪਣਿਆਂ ਤੋਂ ਆਜ਼ਾਦੀ ਲੈਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਹੁਣ ਆਪਣਿਆਂ ਤੋਂ ਆਜ਼ਾਦੀ ਲੈਣੀ ਹੈ ਅਤੇ ਪੰਜਾਬ ਨੂੰ ਸ਼ਹੀਦਾਂ ਦੇ ਸੁਫ਼ਨਿਆਂ ਦਾ ਪੰਜਾਬ ਬਣਾਉਣਾ ਹੈ। ਕੇਂਦਰ ਸਰਕਾਰ ਤੋਂ ਸ਼ਹੀਦਾਂ ਦੇ ਸਨਮਾਨ ਲੈਣ ਦੀ ਲੋੜ ਨਹੀਂ ਹੈ। 

ਸ਼ਹੀਦ ਊਧਮ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਸ਼ਹੀਦ ਦਾ ਦਰਜਾ ਦੇਣ ਦੇ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਸ਼ਹੀਦ ਦਾ ਦਰਜਾ ਅਤੇ ਰਾਸ਼ਟਰਵਾਦ ਦਾ ਸਰਟੀਫਿਕੇਟ ਦੇਣ ਵਾਲੀ ਕੇਂਦਰ ਸਰਕਾਰ ਕੌਣ ਹੈ। ਜੇਕਰ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ ਤਾਂ ਇਸ ਨਾਲ ਭਾਰਤ ਰਤਨ ਦਾ ਮਾਣ ਵਧੇਗਾ। ਲੋਕ ਪਹਿਲਾਂ ਹੀ ਸ਼ਹੀਦਾਂ ਦਾ ਬਹੁਤ ਵੱਡਾ ਰੁਤਬਾ ਰੱਖਦੇ ਹਨ। ਅਜਿਹੇ ਵਿੱਚ ਕੇਂਦਰ ਸਰਕਾਰ  ਐੱਨ.ਓ.ਸੀ. ਦੇਣ ਵਾਲੀ ਕੌਣ ਹੁੰਦੀ ਹੈ ਕਿ ਕੌਣ ਸ਼ਹੀਦ ਹੈ ਅਤੇ ਕੌਣ ਨਹੀਂ।

PunjabKesari

ਉਥੇ ਹੀ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਤਾਂ ਆਸਕਰ ਐਵਾਰਡ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਮਨਪ੍ਰੀਤ ਬਾਦਲ ਨੇ ਹੀ ਮੈਨੂੰ ਸਿਆਸਤ ਵਿਚ ਲਿਆਉਂਦਾ ਸੀ ਅਤੇ ਉਸ ਸਮੇਂ ਉਨ੍ਹਾਂ ਨੇ ਪੰਜਾਬ ਦਾ ਸੁਨੇਹਾ ਦਿੱਤਾ ਸੀ ਮੈਂ ਤਾਂ ਉਥੇ ਹੀ ਖੜ੍ਹਾ ਹਾਂ ਪਰ ਮਨਪ੍ਰੀਤ ਬਾਦਲ ਕਾਂਗਰਸ ਵਿਚ ਅਤੇ ਕਾਂਗਰਸ ਤੋਂ ਭਾਜਪਾ ਵਿਚ ਚਲੇ ਗਏ। ਸਾਰੀ ਕਾਂਗਰਸ ਤਾਂ ਹੁਣ ਭਾਜਪਾ ਵਿਚ ਚਲੀ ਗਈ ਹੈ। ਅਸੀਂ ਤਾਂ ਉਥੇ ਹੀ ਖੜ੍ਹੇ ਹਾਂ। ਇਹ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ, ਕਾਂਗਰਸ ਵੇਲੇ ਕਾਂਗਰਸ ਨਾਲ, ਭਾਜਪਾ ਵੇਲੇ ਭਾਜਪਾ ਨਾਲ ਹੋ ਜਾਂਦੇ ਹਨ, ਜਦਕਿ ਕਦੇ ਵੀ ਲੋਕਾਂ ਨਾਲ ਨਹੀਂ ਖੜ੍ਹੇ ਸਗੋਂ ਸਹੁੰ ਖਾ ਕੇ ਭੁੱਲ ਗਏ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮਿੱਟੀ ਦੀ ਸਹੁੰ ਖਾ ਕੇ ਕਾਂਗਰਸ ਵਿਚ ਆਉਣਾ ਅਤੇ ਫਿਰ ਭਾਜਪਾ ਵਿਚ ਜਾਣਾ, ਇਸ ਤੋਂ ਵੱਡਾ ਕੋਈ ਡਰਾਮੇਬਾਜ਼ ਨਹੀਂ ਹੋ ਸਕਦਾ। 

ਮਨਪ੍ਰੀਤ ਬਾਦਲ ਨੂੰ ਤਾਂ ਆਸਕਰ ਐਵਾਰਡ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਢ ਸਾਲ ਵਿਚ ਮੈਂ ਕਦੇ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਜਦਕਿ ਮਨਪ੍ਰੀਤ ਬਾਦਲ ਇਹੀ ਕਹਿੰਦੇ ਰਹੇ ਹਨ ਖਜ਼ਾਨਾ ਖਾਲੀ। ਮਨਪ੍ਰੀਤ ਬਾਦਲ 'ਤੇ ਪਰਚਾ ਦਰਜ ਹੋ ਚੁੱਕਾ ਹੈ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਮੈਂ ਕੋਈ ਧਮਕੀਆਂ ਨਹੀਂ ਦੇ ਰਿਹਾ ਸਗੋਂ ਇਨ੍ਹਾਂ ਤੋਂ ਹਿਸਾਬ ਲੈ ਰਿਹਾ ਹਾਂ ਅਤੇ ਕਿਸੇ ਤੋਂ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਥੋੜ੍ਹੀ-ਥੋੜ੍ਹੀ ਆਜ਼ਾਦੀ ਦੀ ਝਲਕ ਮਿਲਣੀ ਸ਼ੁਰੂ ਹੋ ਗਈ ਹੈ, ਜਦੋਂ ਮਨਪ੍ਰੀਤ ਸਿੰਘ ਬਾਦਲ 'ਤੇ ਵੀ ਪਰਚਾ ਦਰਜ ਹੁੰਦਾ ਹੈ। ਸੁਨੀਲ ਜਾਖੜ ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸੁਨੀਲ ਜਾਖੜ ਕਾਂਗਰਸ ਵਿਚ ਸੀ ਤਾਂ ਉਦੋਂ ਕਾਂਗਰਸ ਦਾ ਪੰਜਾਬ ਪ੍ਰਧਾਨ ਬਣਾ ਦਿੱਤਾ ਗਿਆ ਅਤੇ ਹੁਣ ਭਾਜਪਾ ਵਿਚ ਹਨ ਤਾਂ ਭਾਜਪਾ ਵਿਚ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਭਾਜਪਾ ਵਿਚ ਜਾ ਕੇ ਕੀ ਇਹ ਸਾਰੇ ਜਿੱਤ ਜਾਣਗੇ। 

ਇਹ ਵੀ ਪੜ੍ਹੋ-  ਫਿਲੌਰ ਦੀ ਪੰਜਾਬ ਪੁਲਸ ਅਕੈਡਮੀ ਦੀਆਂ ਮੁਸ਼ਕਿਲਾਂ ਵਧੀਆਂ, ਭੇਜੇ ਗਏ ਕਾਨੂੰਨੀ ਨੋਟਿਸ, ਜਾਣੋ ਵਜ੍ਹਾ

ਹੜ੍ਹ 'ਚ ਹੋਏ ਹਰ ਨੁਕਸਾਨ ਦਾ ਮੁਆਵਜ਼ਾ ਮਿਲੇਗਾ, ਮਰੀ ਮੁਰਗੀ ਤੇ ਬਕਰੀ ਦੇ ਵੀ ਦੇਵਾਂਗੇ ਪੈਸੇ  

ਉਥੇ ਹੀ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਨੂੰ ਲੈ ਕੇ ਬੋਲਦੇ ਹੋਏ ਭਗਵੰਤ ਮਾਨ ਕਿਹਾ ਕਿ ਹੜ੍ਹਾਂ ਵਿਚ ਹੋਏ ਹਰ ਨੁਕਸਾਨ ਦਾ ਮੁਆਵਜ਼ਾ ਮਿਲੇਗਾ। ਕੁਦਰਤੀ ਆਫ਼ਤ ਵਿਚ ਮਰੀਆਂ ਬਕਰੀਆਂ ਅਤੇ ਮੁਰਗੀਆਂ ਦੇ ਵੀ ਮੈਂ ਪੈਸੇ ਦੇਵਾਂਗਾ। ਅਜੇ ਮੇਰੇ ਅਫ਼ਸਰ ਲੋਕਾਂ ਦੀ ਸਾਂਭ-ਸੰਭਾਲ ਵਿਚ ਲੱਗੇ ਹੋਏ ਹਨ। ਅਫ਼ਸਰਾਂ ਨੂੰ ਗਿਰਦਾਵਰੀ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। 15 ਅਗਸਤ ਤੱਕ ਗਿਰਦਾਵਰੀ ਕਰਕੇ ਮੁਆਵਜ਼ਾ ਦਿੱਤਾ ਜਾਵੇਗਾ। 

ਪਾਕਿਸਾਨ 'ਚ ਮੌਜੂਦ ਹਨ ਸ਼ਹੀਦਾਂ ਦੀਆਂ ਨਿਸ਼ਾਨੀਆਂ 
ਸੀ. ਐੱਮ. ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਸ਼ਹੀਦਾਂ ਦੀਆਂ ਕੁਝ ਨਿਸ਼ਾਨੀਆਂ ਮੌਜੂਦ ਹਨ। ਇਨ੍ਹਾਂ ਵਿਚ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਫਾਂਸੀ ਦੇ ਰੱਸੇ ਅਤੇ ਕੁਝ ਹੋਰ ਨਿਸ਼ਾਨੀਆਂ ਹਨ ਪਰ ਪਾਕਿਸਤਾਨ ਵਿਚ ਸਿਆਸੀ ਉਥਲ-ਪੁਥਲ ਜਾਰੀ ਹੈ। ਇਨ੍ਹਾਂ ਸਾਰੇ ਚਿੰਨ੍ਹਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।


ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News