ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਂਗਰਸ ਤੇ ਸ਼੍ਰੋਮਣੀ ਕਮੇਟੀ ਦੀ ਇਕਸੁਰਤਾ ਨਾ ਬਣਨਾ ਵੱਡੀ ਨਾਲਾਇਕੀ : ਮਾਨ

10/14/2019 11:07:29 AM

ਫਗਵਾੜਾ (ਹਰਜੋਤ)— ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੀ ਇਕਸੁਰਤਾ ਨਾ ਬਣਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਬਹੁਤ ਵੱਡੀ ਨਾਲਾਇਕੀ ਦੱਸਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਕੌਮ ਦੀ ਖਾਤਰ ਕੀਤਾ, ਉਸ ਨੂੰ ਮੁੱਖ ਰੱਖਦਿਆਂ ਕੋਈ ਵੀ ਸਿਆਸਤ ਨਹੀਂ ਹੋਣੀ ਚਾਹੀਦੀ, ਸਗੋਂ ਇਕ ਚੰਗੀ ਭਾਵਨਾ ਅਤੇ ਚੰਗੀ ਇਨਸਾਨੀਅਤ ਪੇਸ਼ ਕਰਕੇ ਇਸ ਕਾਰਜ ਨੂੰ ਸਿਰੇ ਲਗਾਉਣ ਲਈ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ 'ਤੇ ਜੋ ਵਿਵਾਦ ਛਿੜਿਆ ਹੈ, ਇਸ ਤੋਂ ਲੱਗਦਾ ਹੈ ਕਿ ਦੋਹਾਂ ਧਿਰਾਂ ਦੀ ਸੋਚ ਮਾੜੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹਿਬਕਲ ਕਲਾਂ ਸਮੇਤ ਹੋਰ ਥਾਵਾਂ 'ਤੇ ਹੋਈ ਬੇਅਦਬੀ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਅਜੇ ਤੱਕ ਸਰਕਾਰ ਵੱਲੋਂ ਦੋਸ਼ੀਆਂ ਨੂੰ ਸਲਾਖਾ ਪਿੱਛੇ ਨਾ ਦੇਣਾ ਵੀ ਮੰਦਭਾਗੀ ਗੱਲ ਹੈ। ਮਾਨ ਨੇ ਫੂਲਕਾ ਵੱਲੋਂ ਵਿਧਾਨ ਸਭਾ ਦੀ ਮੈਂਬਰੀ ਅੱਧ ਵਿਚਕਾਰ ਛੱਡਣ ਅਤੇ ਇਸ 'ਤੇ ਵੱਡਾ ਖਰਚ ਚੋਣ ਕਮਿਸ਼ਨ ਵੱਲੋਂ ਉਗਰਾਹੇ ਜਾਣ ਦੇ ਸੁਝਾਅ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਲੋਕ ਸਭਾ 'ਚ ਇਸ ਸਬੰਧੀ ਇਕ ਨਿੱਜੀ ਮੈਂਬਰ ਬਿੱਲ ਲਿਆਉਣਗੇ, ਜਿਸ 'ਚ ਉਹ ਇਹ ਮੰਗ ਕਰਨਗੇ ਕਿ ਚੋਣ ਜਿੱਤਣ ਵਾਲੇ ਵਿਅਕਤੀ 'ਤੇ ਇਹ ਫਿਕਸ ਕੀਤਾ ਜਾਵੇ ਕਿ ਜਿੰਨਾ ਚਿਰ ਉਸ ਦੀ ਮਿਆਦ ਹੈ ਉਹ ਪੂਰੀ ਕਰੇ ਕਿਉਂਕਿ ਅੱਧ ਵਿਚਕਾਰ ਮੈਂਬਰੀ ਛੱਡਣ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਹੈ, ਜਿਸ ਨਾਲ ਸਮਾਂ ਅਤੇ ਪੈਸਾ ਦੋਵੇਂ ਹੀ ਵਿਅਰਥ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫੂਲਕਾ ਨੂੰ ਅਸੀਂ ਅਪੀਲ ਕੀਤੀ ਸੀ ਕਿ ਉਹ ਆਪਣੀ ਮੈਂਬਰੀ ਅੱਧ ਵਿਚਕਾਰ ਨਾ ਛੱਡਣ ਪਰ ਉਨ੍ਹਾਂ ਸਾਡੀਆਂ ਗੱਲਾਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਲੋਕਤੰਤਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ।

ਬੰਗਾ ਤੋਂ ਵਾਇਆ ਗੜ੍ਹਸ਼ੰਕਰ, ਤਖਤ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਬਹੁਤ ਮੰਦੀ ਹਾਲਤ ਹੋਣ ਅਤੇ ਕੇਂਦਰ ਸਰਕਾਰ ਵੱਲੋਂ ਇਸ ਦਾ ਨੀਂਹ ਪੱਥਰ ਰੱਖ ਕੇ ਇਸ ਦੇ ਕੰਮ ਨੂੰ ਚਾਲੂ ਨਾ ਕਰਨ ਦੇ ਸੁਆਲ ਦੇ ਜੁਆਬ 'ਚ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮਿਲਣਗੇ ਅਤੇ ਜੇ ਲੋੜ ਪਈ ਤਾਂ ਉਹ ਲੋਕ ਸਭਾ 'ਚ ਵੀ ਇਹ ਮਸਲਾ ਉਠਾਉਣਗੇ। ਇਸ ਮੌਕੇ ਗੜ੍ਹਸ਼ੰਕਰ ਵਿਧਾਇਕ ਮਹਾ ਸਿੰਘ ਰੋੜੀ, ਵਿਨੋਦ ਭਾਸਕਰ, ਕੁਲਦੀਪ ਸਿੰਘ, ਬਿੱਲਾ ਖੜੋਦੀ, ਪਰਵਿੰਦਰ ਸਿੰਘ ਦੁਸਾਂਝ, ਕਸ਼ਮੀਰ ਸਿੰਘ ਮੱਲ੍ਹੀ ਵੀ ਸ਼ਾਮਲ ਸਨ।


shivani attri

Content Editor

Related News