ਪਰਦੇ ਦੇ ਪਿੱਛੇ : ਸਿਰਫ ਹਾਰ-ਜਿੱਤ ਨਹੀਂ, ਲੜਾਈ ਤੀਜੇ ਨੰਬਰ ਦੀ ਵੀ

Tuesday, May 09, 2023 - 01:40 AM (IST)

ਪਰਦੇ ਦੇ ਪਿੱਛੇ : ਸਿਰਫ ਹਾਰ-ਜਿੱਤ ਨਹੀਂ, ਲੜਾਈ ਤੀਜੇ ਨੰਬਰ ਦੀ ਵੀ

ਜਲੰਧਰ : ਜਲੰਧਰ ਉਪ-ਚੋਣ ’ਚ ਕਈ ਪਾਰਟੀਆਂ ਦੇ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਜਿੱਤੇਗਾ ਤਾਂ ਕੋਈ ਇਕ ਹੀ, ਇਸ ਤਰ੍ਹਾਂ ਲੜਾਈ ਨੂੰ ਨਜ਼ਦੀਕੀ ਬਣਾਉਣ ਵਿਚ ਰਾਜਨੀਤਕ ਪਾਰਟੀਆਂ ਲੱਗੀਆਂ ਹੋਈਆਂ ਹਨ ਪਰ ਇਸ ਸਭ ਵਿਚਕਾਰ ਪਰਦੇ ਦੇ ਪਿੱਛੇ ਤੀਜੇ ਨੰਬਰ ਨੂੰ ਲੈ ਕੇ ਵੀ ਪਾਰਟੀਆਂ ਵਿਚ ਜੱਦੋ-ਜਹਿਦ ਜਾਰੀ ਹੈ। ਦਰਅਸਲ ਹਰੇਕ ਪਾਰਟੀ ਨੂੰ ਪਤਾ ਹੈ ਕਿ ਉਸ ਦਾ ਕਿੰਨਾ ਸਕੋਪ ਜਲੰਧਰ ਵਿਚ ਬਣਦਾ ਦਿਸ ਰਿਹਾ ਹੈ। ਘਾਗ ਸਿਆਸਤਦਾਨ ਹਨ, ਤਾਂ ਸਾਫ਼ ਹੈ ਸਾਰਾ ਗੁਣਾ-ਤਕਸੀਮ ਕਰ ਕੇ ਬੈਠੇ ਹਨ। ਜਲੰਧਰ ਵਿਚ ਜੋ ਖਿਚੜੀ ਪੱਕੇਗੀ, ਉਸਦਾ ਅੰਦਾਜ਼ਾ ਹੁਣ ਤੋਂ ਇਨ੍ਹਾਂ ਪਾਰਟੀਆਂ ਨੂੰ ਹੈ। ਉਨ੍ਹਾਂ ਦਾ ਤਜ਼ਰਬਾ ਉਨ੍ਹਾਂ ਨੂੰ ਜਮੀਨੀ ਸੱਚਾਈ ਪਹਿਲਾਂ ਹੀ ਦੱਸ ਚੁੱਕਿਆ ਹੈ ਕਿ ਉਹ ਕਿੰਨੇ ਪਾਣੀ ਵਿਚ ਹਨ। ਖੈਰ, ਇਸ ਵਾਰ ਨੰਬਰ 3 ਦੀ ਲੜਾਈ ਨੂੰ ਆਪਣੇ ਹੱਕ ਵਿਚ ਕਰਨ ਲਈ ਪੂਰੀ ਜ਼ੋਰ-ਅਜਮਾਇਸ਼ ਕਰਨ ਤੋਂ ਕੁਝ ਪਾਰਟੀਆਂ ਖੁੰਝ ਨਹੀਂ ਰਹੀਆਂ। ਇਸ ਉਪ ਚੋਣ ਦਾ ਨਤੀਜਾ ਹੀ ਸਾਲ 2024 ਦੀ ਲੋਕ ਸਭਾ ਚੋਣ ਵਿਚ ਉਨ੍ਹਾਂ ਦੀ ਭੂਮਿਕਾ ਬਣਾਵੇਗਾ ਅਤੇ ਇਹੀ ਕਾਰਨ ਹੈ ਕਿ ਇਸ ਜੰਗ ਨੂੰ ਜਿੱਤਣ ਵਿਚ ਇਹ ਪਾਰਟੀਆਂ ਕੋਈ ਕਸਰ ਨਹੀਂ ਛੱਡ ਰਹੀਆਂ। ਸਾਲ 2027 ਦੀਆਂ ਵਿਧਾਨ ਸਭਾ ਚੋਣ ਵਿਚ ਵੀ ਇਸ ਉਪ ਚੋਣ ਦਾ ਅਸਰ ਵਿਖੇਗਾ। ਕਾਰਨ ਸਾਫ਼ ਹੈ, ਉਪ ਚੋਣ ਵਿਚ ਜਿੱਤ ਤੋਂ ਬਾਅਦ ਨੇਤਾਵਾਂ ਦਾ ਆਪਣੀ ਪਾਰਟੀ ਛੱਡ ਕੇ ਜੋ ਆਉਣਾ-ਜਾਣਾ ਹੋਰ ਪਾਰਟੀਆਂ ਵਿਚ ਰਹੇਗਾ, ਉਹ ਕੁਝ ਪਾਰਟੀਆਂ ਨੂੰ ਤਾਕਤ ਦੇਵੇਗਾ ਤਾਂ ਕਿਸੇ ਨੂੰ ਕਮਜ਼ੋਰ ਬਣਾਵੇਗਾ। ਸੂਬੇ ਵਿਚ ਲੋਕ ਸਭਾ ਸੀਟਾਂ ਤਾਂ ਸਿਰਫ਼ 13 ਹੀ ਹਨ, ਅਜਿਹੇ ਵਿਚ ਪਾਰਟੀ ਛੱਡ ਕੇ ਹੋਰ ਪਾਰਟੀਆਂ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਨੇਤਾ ਇਹ ਵੀ ਪਰਖਣਗੇ ਕਿ ਉਨ੍ਹਾਂ ਨੂੰ ਟਿਕਟ ਮਿਲ ਸਕਦੀ ਹੈ ਜਾਂ ਨਹੀਂ।

ਪਰ ਵਿਧਾਨ ਸਭਾ ਦੀਆਂ 117 ਸੀਟਾਂ ਹੋਣ ਕਾਰਨ ਇਸ ’ਤੇ ਦਾਅ ਲੱਗਣਾ ਆਸਾਨ ਹੈ, ਬਸ਼ਰਤੇ ਪਹਿਲਾਂ ਤੋਂ ਕੋਈ ਦਿੱਗਜ਼ ਦਾਅਵੇਦਾਰ ਉੱਥੇ ਨਾ ਬੈਠਾ ਹੋਵੇ। ਚੋਣ ਹਵਾ ਦਾ ਅੰਦਾਜ਼ਾ ਲਾਉਣ ਵਿਚ ਮਾਹਰ ਕੁਝ ਨੇਤਾ ਉਪ ਚੋਣ ਦੇ ਨਤੀਜਿਆਂ ਤੋਂ ਬਾਅਦ ਪਲਟੀ ਮਾਰਨ ਦੀ ਫਿਰਾਕ ਵਿਚ ਹਨ ਤਾਂ ਕਿ ਦੂਜੀਆਂ ਪਾਰਟੀਆਂ ਵਿਚ ਜਾ ਕੇ ਵਿਧਾਨ ਸਭਾ ਚੋਣਾਂ ਤੱਕ ਪਾਰਟੀ ਅਤੇ ਹਲਕੇ ਵਿਚ ਆਪਣਾ ਪ੍ਰਭਾਵ ਬਣਾਉਣ ਲਈ ਉਨ੍ਹਾਂ ਨੂੰ ਸਮਾਂ ਮਿਲ ਜਾਵੇ।

-ਹਰੀਸ਼ਚੰਦਰ, ਚੰਡੀਗੜ੍ਹ।


author

Anmol Tagra

Content Editor

Related News