ਹਾਊਸ ਦੀ ਮੀਟਿੰਗ ਤੋਂ ਪਹਿਲਾਂ ਸਾਢੇ 3 ਘੰਟੇ ਚੱਲੀ ਰੀਵਿਊ ਮੀਟਿੰਗ : ਸ਼ਹਿਰ ਦੀਆਂ ਸੜਕਾਂ ’ਤੇ ਫੋਕਸ

Friday, Feb 14, 2025 - 12:31 PM (IST)

ਹਾਊਸ ਦੀ ਮੀਟਿੰਗ ਤੋਂ ਪਹਿਲਾਂ ਸਾਢੇ 3 ਘੰਟੇ ਚੱਲੀ ਰੀਵਿਊ ਮੀਟਿੰਗ : ਸ਼ਹਿਰ ਦੀਆਂ ਸੜਕਾਂ ’ਤੇ ਫੋਕਸ

ਜਲੰਧਰ (ਪੁਨੀਤ)–ਹਾਊਸ ਦੀ ਮੀਟਿੰਗ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਤਿਆਰੀਆਂ ਦੀ ਸਮੀਖਿਆ ਲਈ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਮੇਅਰ ਵਿਨੀਤ ਧੀਰ, ਨਿਗਮ ਕਮਿਸ਼ਨਰ ਗੌਤਮ ਜੈਨ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸਮੇਤ ਸੀਨੀਅਰ ਅਧਿਕਾਰੀ ਹਾਜ਼ਰ ਰਹੇ। ਲਗਭਗ ਸਾਢੇ 3 ਘੰਟੇ ਚੱਲੀ ਇਸ ਮੀਟਿੰਗ ਵਿਚ ਸ਼ਹਿਰ ਦੇ ਸੁੰਦਰੀਕਰਨ ’ਤੇ ਫੋਕਸ ਕੀਤਾ ਗਿਆ, ਜਿਸ ਦੇ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੋਂ ਮੇਅਰ ਵੱਲੋਂ ਵਿਸਤ੍ਰਿਤ ਰਿਪੋਰਟ ਮੰਗੀ ਗਈ ਹੈ ਤਾਂ ਕਿ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਤੇਜ਼ ਰਫ਼ਤਾਰ ਨਾਲ ਅੱਗੇ ਵਧਾਇਆ ਜਾ ਸਕੇ। ਵਿਸ਼ੇਸ਼ ਤੌਰ ’ਤੇ ਸੜਕਾਂ, ਬਰਸਾਤੀ ਪਾਣੀ ਦੇ ਨਿਕਾਸ ਸਬੰਧੀ ਕੰਮਾਂ ਨੂੰ ਤੁਰੰਤ ਪ੍ਰਭਾਵ ਨਾਲ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਬਰਸਾਤ ਦੌਰਾਨ ਲੋਕਾਂ ਨੂੰ ਰਾਹਤ ਮਿਲੇ। ਮੇਅਰ ਵਨੀਤ ਧੀਰ ਦੀ ਇਹ ਪਹਿਲੀ ਮੀਟਿੰਗ ਹੋਵੇਗੀ, ਜਿਹੜੀ ਕਿ ਸਾਢੇ 3 ਘੰਟੇ ਚੱਲੀ ਹੋਵੇਗੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਕਾਸ ਕਾਰਜਾਂ ’ਤੇ ਫੋਕਸ ਕੀਤਾ ਜਾ ਰਿਹਾ ਹੈ।

ਇਸ ਵਿਚ ਬੀ. ਐਂਡ ਆਰ., ਓ. ਐਂਡ ਐੱਮ., ਹਾਰਟੀਕਲਚਰ (ਬਾਗਬਾਨੀ) ਸੀ. ਐਂਡ ਡੀ. ਵੈਸਟ, ਤਹਿਬਾਜ਼ਾਰੀ, ਹੈਲਥ ਸਮੇਤ ਅਹਿਮ ਵਿਭਾਗਾਂ ਦੇ ਕੰਮਕਾਜ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਹਰੇਕ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਨ ਅਤੇ ਰੇਹੜੀਆਂ ਦੀ ਭੀੜ ਹਟਾਉਣ ’ਤੇ ਫੋਕਸ ਕਰਦੇ ਹੋਏ ਸਟਰੀਟ ਵੈਂਡਿੰਗ ਜ਼ੋਨ ’ਤੇ ਯੋਜਨਾ ਤਿਆਰ ਕਰਨ, ਸੜਕਾਂ ਬਣਾਉਣ ਅਤੇ ਸੜਕਾਂ ਦੀ ਮੁਰੰਮਤ ਲਈ ਪੈਚਵਰਕ ਕਰਵਾਉਣ ਵਰਗੇ ਮੁੱਦੇ ਫੋਕਸ ਵਿਚ ਰਹੇ।  ਹਾਊਸ ਦੀ ਮੀਟਿੰਗ ਤੋਂ ਪਹਿਲਾਂ ਨਿਗਮ ਤਿਆਰੀਆਂ ’ਤੇ ਫੋਕਸ ਕਰ ਰਿਹਾ ਹੈ ਤਾਂ ਕਿ ਏਜੰਡਿਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਅਤੇ ਵਿਰੋਧੀ ਧਿਰ ਨੂੰ ਕਿਸੇ ਤਰ੍ਹਾਂ ਦਾ ਕੋਈ ਸਵਾਲ ਉਠਾਉਣ ਦਾ ਮੌਕਾ ਨਾ ਮਿਲ ਸਕੇ। ਮੀਟਿੰਗ ਵਿਚ ਐਡੀਸ਼ਨਲ ਕਮਿਸ਼ਨਰ ਰਾਕੇਸ਼ ਗਰਗ, ਜੁਆਇੰਟ ਕਮਿਸ਼ਨਰ ਡਾ. ਮਨਦੀਪ ਕੌਰ, ਡਾ. ਸੁਮਨਦੀਪ ਕੌਰ, ਅਸਿਸਟੈਂਟ ਕਮਿਸ਼ਨਰ ਵਿਕ੍ਰਾਂਤ ਵਰਮਾ, ਰਾਜੇਸ਼ ਖੋਖਰ, ਐੱਸ. ਈ. ਰਜਨੀਸ਼ ਡੋਗਰਾ, ਰਾਹੁਲ ਧਵਨ, ਰਾਹੁਲ ਗਗਨੇਜਾ, ਐਕਸੀਅਨ ਬਲਜੀਤ ਸਿੰਘ, ਰਾਮਪਾਲ, ਜਸਪਾਲ, ਅਸਿਸਟੈਂਟ ਹੈਲਥ ਅਾਫਿਸਰ ਡਾ. ਸ਼੍ਰੀਕ੍ਰਿਸ਼ਨ ਆਦਿ ਹਾਜ਼ਰ ਰਹੇ। ਉਥੇ ਹੀ, ਨਿਗਮ ਕਮਿਸ਼ਨਰ ਆਈ. ਏ. ਐੱਸ. ਗੌਤਮ ਜੈਨ ਨੇ ਕਿਹਾ ਕਿ ਰਿਪੋਰਟ ਆਉਣ ਦੇ ਬਾਅਦ ਉਸ ’ਤੇ ਮੁੜ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮਹਾਕੁੰਭ ਗਏ ਪੰਜਾਬ ਦੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਦੋ ਦੀ ਮੌਤ, ਮਚਿਆ ਚੀਕ-ਚਿਹਾੜਾ

ਸੜਕ ਸਹੂਲਤਾਂ ’ਤੇ ਹੋਇਆ ਫੋਕਸ, ਮੇਨਟੀਨੈਂਸ ’ਤੇ ਜ਼ੋਰ
ਮੇਅਰ ਵਿਨੀਤ ਧੀਰ ਵੱਲੋਂ ਸ਼ਹਿਰ ਦੀਆਂ ਸੜਕਾਂ ਨੂੰ ਲੈ ਕੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮੀਟਿੰਗ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਨਵੀਆਂ ਸੜਕਾਂ ਲਈ ਟੈਂਡਰ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਨਾਲ-ਨਾਲ ਸੜਕਾਂ ਦੀ ਮੇਨਟੀਨੈਂਸ ਲਈ ਵੀ ਟੈਂਡਰ ਲਾਏ ਜਾਣ। ਪੁਰਾਣੀਆਂ ਬਣੀਆਂ ਸੜਕਾਂ ’ਤੇ ਮੁਰੰਮਤ ਦਾ ਕੰਮ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ ਤਾਂ ਕਿ ਨਵੀਆਂ ਸੜਕਾਂ ਦੇ ਬਣਨ ਤਕ ਲੋਕਾਂ ਨੂੰ ਦਿੱਕਤਾਂ ਨਾ ਪੇਸ਼ ਆਉਣ। ਇਸੇ ਸਿਲਸਿਲੇ ਵਿਚ ਪੈਚਵਰਕ ਦੇ ਕੰਮ ਦੀ ਹਰੇਕ ਮਹੀਨੇ ਸਮੀਖਿਆ ਕਰਨ ਲਈ ਕਿਹਾ ਗਿਆ ਹੈ। ਇਸ ਦੇ ਲਈ ਮੁੱਖ ਸੜਕਾਂ ’ਤੇ ਰੁਟੀਨ ਵਿਚ ਚਰਚਾ ਕੀਤੀ ਜਾਵੇਗੀ।

ਸ਼ਹਿਰ ਦੇ ਪਾਰਕਾਂ ਨੂੰ ਸੁੰਦਰ ਬਣਾਉਣ ’ਤੇ ਰੱਖੀ ਜਾਵੇਗੀ ਨਜ਼ਰ
ਉਥੇ ਹੀ, ਸ਼ਹਿਰ ਦੇ ਪਾਰਕਾਂ ਨੂੰ ਸੁੰਦਰ ਬਣਾਉਣ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਮੇਅਰ ਵੱਲੋਂ ਪਾਰਕਾਂ ਦੇ ਕੰਮ ਸਬੰਧੀ ਮੀਟਿੰਗਾਂ ’ਤੇ ਖੁਦ ਧਿਆਨ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਿਕ ਅਜੋਕੇ ਸਮੇਂ ਸਿਹਤ ਪ੍ਰਤੀ ਜਾਗਰੂਕਤਾ ਹੋਣ ਕਰ ਕੇ ਪਾਰਕਾਂ ਪ੍ਰਤੀ ਲੋਕਾਂ ਦਾ ਰੁਝਾਨ ਵਧ ਰਿਹਾ ਹੈ, ਜਿਸ ਕਰ ਕੇ ਪਾਰਕਾਂ ਦਾ ਰੱਖ-ਰਖਾਅ ਹੋਣਾ ਬੇਹੱਦ ਜ਼ਰੂਰੀ ਹੈ, ਇਸ ਦੇ ਲਈ ਟੈਂਡਰ ਲਾਉਣ ਅਤੇ ਕੰਮਕਾਜ ’ਤੇ ਧਿਆਨ ਦੇਣ ਲਈ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ। ਵਿਸ਼ੇਸ਼ ਤੌਰ ’ਤੇ ਸ਼ਹਿਰ ਦੇ ਅੰਦਰੂਨੀ ਪਾਰਕਾਂ ਦੇ ਰੱਖ-ਰਖਾਅ ਪ੍ਰਤੀ ਵਿਸ਼ੇਸ਼ ਕਮੇਟੀ ਨੂੰ ਧਿਆਨ ਦੇਣ ਦੇ ਹੁਕਮ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੋਬਾਇਲ ਕੰਪਨੀ ਦਾ ਟਾਵਰ ਲਾਉਂਦੇ ਵਾਪਰਿਆ ਵੱਡਾ ਹਾਦਸਾ, ਮੁਲਾਜ਼ਮ ਦੀ ਦਰਦਨਾਕ ਮੌਤ

ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਤੁਰੰਤ ਪੂਰੇ ਕੀਤੇ ਜਾਣਗੇ
ਹੁਕਮ ਦਿੱਤੇ ਗਏ ਹਨ ਕਿ ਸੀਵਰੇਜ ਜਾਮ ਵਰਗੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਬਰਸਾਤੀ ਸੀਜ਼ਨ ਦੌਰਾਨ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾਵੇ, ਇਸ ਦੇ ਲਈ ਮੁੱਖ ਅਤੇ ਅੰਦਰੂਨੀ ਸੀਵਰੇਜਾਂ ਦੀ ਸਫਾਈ ਪਹਿਲਾਂ ਹੀ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਬਰਸਾਤੀ ਮੌਸਮ ਵਿਚ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਸਾਹਮਣੇ ਨਹੀਂ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਨੂੰ ਜਿਹੜੀ ਵੀ ਮਸ਼ੀਨਰੀ ਚਾਹੀਦੀ ਹੈ, ਉਹ ਮੁਹੱਈਆ ਕਰਵਾਈ ਜਾਵੇਗੀ।

ਡੰਪਾਂ ’ਤੇ ਬਾਊਂਡਰੀ ਵਾਲ ਕਰਵਾ ਕੇ ਤਾਲੇ ਲਾਏ ਜਾਣਗੇ
ਉਥੇ ਹੀ, ਸ਼ਹਿਰ ਵਿਚ ਕੂੜੇ ਦੇ ਡੰਪਾਂ ਦੇ ਬਾਹਰ ਬਾਊਂਡਰੀ ਵਾਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਕੂੜੇ ਦੇ ਡੰਪ ਨੂੰ ਖੁੱਲ੍ਹਾ ਨਾ ਛੱਡਿਆ ਜਾਵੇ। ਗੇਟ ਵੀ ਲਾਉਣ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਡੰਪਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਣ। ਬਾਹਰ ਦਾ ਕੋਈ ਵਿਅਕਤੀ ਕੂੜਾ ਨਾ ਸੁੱਟ ਸਕੇ। ਇਸ ਦੇ ਨਾਲ-ਨਾਲ ਡੰਪਾਂ ਦੇ ਬਾਹਰ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ ਤੇ ਕਾਲਜ

ਹਰੇਕ ਵਿਧਾਨ ਸਭਾ ਹਲਕੇ ’ਚ ਬਣੇਗਾ ਸਟਰੀਟ ਵੈਂਡਿੰਗ ਜ਼ੋਨ
ਚਾਰਾਂ ਵਿਧਾਨ ਸਭਾ ਹਲਕਿਆਂ ’ਚ ਸਟਰੀਟ ਵੈਂਡਿੰਗ ਜ਼ੋਨ ਬਣਾਏ ਜਾਣਗੇ, ਜੋ ਕਿ ਮਾਡਲ ਦੇ ਤੌਰ ’ਤੇ ਕੰਮ ਕਰਨਗੇ। ਇਸ ਨਾਲ ਸ਼ਹਿਰ ਵਿਚ ਰੇਹੜੀਆਂ ਦੀ ਭੀੜ ਘੱਟ ਹੋਵੇਗੀ, ਜਿਸ ਨਾਲ ਭਿਆਨਕ ਹੁੰਦੀ ਜਾ ਰਹੀ ਟ੍ਰੈਫਿਕ ਸਮੱਸਿਆ ਤੋਂ ਰਾਹਤ ਮਿਲ ਸਕੇਗੀ। ਚੋਣਵੀਆਂ ਥਾਵਾਂ ’ਤੇ ਸਟਰੀਟ ਵੈਂਡਿੰਗ ਜ਼ੋਨ ਸ਼ੁਰੂ ਕਰਵਾਏ ਜਾਣਗੇ, ਜਿਸ ਦੀ ਤਰਜ਼ ’ਤੇ ਦੂਜੇ ਇਲਾਕਿਆਂ ਵਿਚ ਇਸੇ ਢੰਗ ਨਾਲ ਕੰਮ ਨੂੰ ਅੱਗੇ ਵਧਾਇਆ ਜਾਵੇਗਾ। ਇਸ ਵਿਚ ਬੱਸ ਅੱਡੇ ਨਜ਼ਦੀਕ ਬੇਅੰਤ ਸਿੰਘ ਪਾਰਕ ਆਦਿ ਇਲਾਕੇ ਸ਼ਾਮਲ ਹਨ।

ਅਧਿਕਾਰੀਆਂ ਨੇ ਉਠਾਇਆ ਸਟਾਫ਼ ਸ਼ਾਰਟੇਜ ਦਾ ਮੁੱਦਾ
ਉਥੇ ਹੀ, ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸਟਾਫ ਦੀ ਸ਼ਾਰਟੇਜ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਕੰਮਕਾਜ ਨੂੰ ਚੰਗੀ ਤਰ੍ਹਾਂ ਨਾਲ ਨਿਪਟਾਉਣ ਲਈ ਮੈਨਪਾਵਰ ਦੀ ਬੇਹੱਦ ਕਮੀ ਹੈ, ਜਿਸ ਕਾਰਨ ਕੰਮਕਾਜ ਵਿਚ ਰੁਕਾਵਟ ਪੈਦਾ ਹੋ ਰਹੀ ਹੈ। ਸੀਨੀਅਰ ਅਧਿਕਾਰੀਆਂ ਵੱਲੋਂ ਇਸ ਮੁੱਦੇ ਨੂੰ ਨੋਟ ਕੀਤਾ ਗਿਆ ਹੈ ਤਾਂ ਕਿ ਸਮੇਂ ’ਤੇ ਇਸ ਦਾ ਹੱਲ ਕੱਢਿਆ ਜਾ ਸਕੇ।

ਮਲਬਾ ਚੁੱਕਣ ਲਈ ਵੱਖਰੇ ਟੈਂਡਰ ਲਾਏ ਜਾਣਗੇ
ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਮਲਬਾ ਚੁੱਕਣ ਲਈ ਵੱਖਰੇ ਟੈਂਡਰ ਲਾਏ ਜਾਣ ਤਾਂ ਕਿ ਸ਼ਹਿਰ ਵਿਚ ਜਗ੍ਹਾ-ਜਗ੍ਹਾ ਪਏ ਮਲਬੇ ਨੂੰ ਚੁਕਵਾਉਣ ਦਾ ਕੰਮ ਵੱਡੇ ਪੱਧਰ ’ਤੇ ਪੂਰਾ ਹੋ ਸਕੇ। ਅਧਿਕਾਰੀਆਂ ਨੇ ਕਿਹਾ ਕਿ ਸੜਕਾਂ ਦੇ ਕੰਢਿਆਂ ਸਮੇਤ ਹੋਰਨਾਂ ਥਾਵਾਂ ’ਤੇ ਮਲਬਾ ਪਏ ਹੋਣ ਕਾਰਨ ਸ਼ਹਿਰ ਦੀ ਖੂਬਸੂਰਤੀ ਨੂੰ ਦਾਗ ਲੱਗਦਾ ਹੈ, ਇਸ ਲਈ ਇਸ ’ਤੇ ਫੋਕਸ ਕਰ ਕੇ ਯੋਜਨਾਵਾਂ ਤਹਿਤ ਟੈਂਡਰ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਦੇ ਇਹ ਰਸਤੇ ਰਹਿਣਗੇ ਬੰਦ, ਜਾਣੋ ਕੀ ਹੈ ਕਾਰਨ

ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣਾ ਟੀਚਾ : ਵਿਨੀਤ ਧੀਰ
ਮੇਅਰ ਵਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ, ਇਸ ਦੇ ਲਈ ਹਰੇਕ ਵਿਭਾਗ ਨੂੰ ਸਹੀ ਢੰਗ ਨਾਲ ਕੰਮਕਾਜ ਕਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸਦਾ ਰਿਜ਼ਲਟ ਜਲਦ ਜਨਤਾ ਦੇ ਸਾਹਮਣੇ ਆਵੇਗਾ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ: ਦੁਬਈ 'ਚ ਨਵਾਂਸ਼ਹਿਰ ਦੇ ਵਿਅਕਤੀ ਦੀ ਮੌਤ, 8 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News