ਨਿਗਮ ਦੀ ਐਡਵਰਟਾਈਜ਼ਮੈਂਟ ਬ੍ਰਾਂਚ ਦੀ ਲਾਪ੍ਰਵਾਹੀ ਨਾਲ ਸੁੰਦਰੀਕਰਨ ਮੁਹਿੰਮ ਦੀਆਂ ਉੱਡ ਰਹੀਆਂ ਧੱਜੀਆਂ

Friday, Nov 07, 2025 - 05:27 PM (IST)

ਨਿਗਮ ਦੀ ਐਡਵਰਟਾਈਜ਼ਮੈਂਟ ਬ੍ਰਾਂਚ ਦੀ ਲਾਪ੍ਰਵਾਹੀ ਨਾਲ ਸੁੰਦਰੀਕਰਨ ਮੁਹਿੰਮ ਦੀਆਂ ਉੱਡ ਰਹੀਆਂ ਧੱਜੀਆਂ

ਜਲੰਧਰ(ਖੁਰਾਣਾ)–ਇਕ ਪਾਸੇ ਜਿੱਥੇ ਨਗਰ ਨਿਗਮ ਜਲੰਧਰ ਦੇ ਮੇਅਰ ਵਨੀਤ ਧੀਰ ਸ਼ਹਿਰ ਨੂੰ ਹਰਿਆ-ਭਰਿਆ ਅਤੇ ਸੁੰਦਰ- ਸਮਾਰਟ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ, ਉਥੇ ਹੀ ਦੂਜੇ ਪਾਸੇ ਨਿਗਮ ਦੀ ਐਡਵਰਟਾਈਜ਼ਮੈਂਟ ਬ੍ਰਾਂਚ ਦੀ ਲਾਪ੍ਰਵਾਹੀ ਨੇ ਉਨ੍ਹਾਂ ਦੀ ਇਸ ਮੁਹਿੰਮ ਨੂੰ ਫੇਲ੍ਹ ਕਰਨ ਦਾ ਕੰਮ ਕੀਤਾ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿਚ ਨਿਗਮ ਵੱਲੋਂ ਸੁੰਦਰੀਕਰਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਲਈ ਪ੍ਰਮੁੱਖ ਕਾਰਪੋਰੇਟ ਸੰਸਥਾਵਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਨਿਗਮ ਦੇ ਖਜ਼ਾਨੇ ਵਿਚੋਂ ਲੱਖਾਂ-ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਸ਼ਹਿਰ ਦੀ ਸੂਰਤ ਵਿਗੜੀ ਹੋਈ ਹੈ।
ਐਡਵਰਟਾਈਜ਼ਮੈਂਟ ਬ੍ਰਾਂਚ ਦੀ ਨਾਲਾਇਕੀ ਕਾਰਨ ਅੱਜ ਵੀ ਸ਼ਹਿਰ ਦੀਆਂ ਸੜਕਾਂ, ਕੰਧਾਂ ਅਤੇ ਚੌਕ-ਚੌਰਾਹਿਆਂ ’ਤੇ ਹਜ਼ਾਰਾਂ ਦੀ ਗਿਣਤੀ ਪੁਰਾਣੇ ਪੋਸਟਰ, ਬੈਨਰ ਅਤੇ ਹੋਰਡਿੰਗ ਲਟਕੇ ਹੋਏ ਹਨ, ਜਿਨ੍ਹਾਂ ਨੂੰ ਹਟਾਉਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਇਹ ਇਸ਼ਤਿਹਾਰ ਸਾਲਾਂ ਪੁਰਾਣੇ ਹਨ, ਜਿਹੜੇ ਹੁਣ ਫਟੇ ਅਤੇ ਮੈਲੇ ਹੋ ਕੇ ਸ਼ਹਿਰ ਦੀ ਖੂਬਸੂਰਤੀ ’ਤੇ ਦਾਗ ਲਾ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ

ਪਿਛਲੇ ਕੁਝ ਸਾਲਾਂ ਵਿਚ ਜਲੰਧਰ ਵਿਚ ਸੰਸਦੀ ਜ਼ਿਮਨੀ ਚੋਣ, ਲੋਕ ਸਭਾ ਚੋਣ, ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਅਤੇ ਨਿਗਮ ਚੋਣਾਂ ਹੋਈਆਂ, ਜਿਨ੍ਹਾਂ ਦੌਰਾਨ ਲਾਏ ਗਏ ਉਮੀਦਵਾਰਾਂ ਦੇ ਇਸ਼ਤਿਹਾਰ ਅੱਜ ਵੀ ਸ਼ਹਿਰ ਵਿਚ ਜਗ੍ਹਾ-ਜਗ੍ਹਾ ਲੱਗੇ ਹੋਏ ਹਨ। ਸ਼ਹਿਰ ਦੀਆਂ ਵਧੇਰੇ ਸੜਕਾਂ ’ਤੇ ਕਾਗਜ਼ੀ ਪੋਸਟਰ ਧੁੱਪ ਅਤੇ ਬਰਸਾਤ ਨਾਲ ਗਲ਼ ਚੁੱਕੇ ਹਨ ਪਰ ਨਿਗਮ ਨੇ ਇਨ੍ਹਾਂ ਨੂੰ ਹਟਾਉਣ ਜਾਂ ਸਫ਼ਾਈ ਕਰਵਾਉਣ ਦੀ ਕੋਈ ਕਾਰਵਾਈ ਨਹੀਂ ਕੀਤੀ। ਇੰਨਾ ਹੀ ਨਹੀਂ, ਪਿਛਲੇ ਫੈਸਟੀਵਲ ਸੀਜ਼ਨ ਵਿਚ ਸ਼ਹਿਰ ਵਿਚ ਲੱਗੀਆਂ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਆਯੋਜਨਾਂ ਦੇ ਹਜ਼ਾਰਾਂ ਨਾਜਾਇਜ਼ ਇਸ਼ਤਿਹਾਰ ਵੀ ਅੱਜ ਤਕ ਨਹੀਂ ਉਤਾਰੇ ਗਏ ਹਨ। ਜਗ੍ਹਾ-ਜਗ੍ਹਾ ਝੂਲ ਰਹੇ ਇਹ ਬੈਨਰ ਅਤੇ ਪੋਸਟਰ ਨਾ ਸਿਰਫ ਗੰਦਗੀ ਫੈਲਾਅ ਰਹੇ ਹਨ, ਸਗੋਂ ਜਲੰਧਰ ਦੀ ਸੁੰਦਰੀਕਰਨ ਮੁਹਿੰਮ ਦੀਆਂ ਵੀ ਧੱਜੀਆਂ ਉਡਾ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਕਦਮ! ਹੁਣ ਇਨ੍ਹਾਂ ਕਾਲਜਾਂ ਦੇ ਵਿਦਿਆਰਥੀ ਵੀ ਲੈ ਸਕਣਗੇ ਸਕਾਲਰਸ਼ਿਪ ਦਾ ਲਾਭ

ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਮੇਅਰ ਹੋਏ ਸਖ਼ਤ
ਇਸ਼ਤਿਹਾਰ ਬ੍ਰਾਂਚ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਲਾਪ੍ਰਵਾਹੀ ਨੂੰ ਲੈ ਕੇ ਮੇਅਰ ਵਨੀਤ ਧੀਰ ਅੱਜ ਕਾਫੀ ਸਖ਼ਤ ਦਿਖਾਈ ਦਿੱਤੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਨਾਜਾਇਜ਼ ਇਸ਼ਤਿਹਾਰਾਂ ’ਤੇ ਸਖ਼ਤੀ ਨਾਲ ਰੋਕ ਲਾਈ ਜਾਵੇ। ਮੇਅਰ ਦੇ ਸਖ਼ਤ ਤੇਵਰ ਉਸ ਸਮੇਂ ਹੋਰ ਵੀ ਸਪੱਸ਼ਟ ਹੋ ਗਏ, ਜਦੋਂ ਉਨ੍ਹਾਂ ਨੇ ਐਡਵਰਟਾਈਜ਼ਮੈਂਟ ਬ੍ਰਾਂਚ ਦੇ ਸੁਪਰਿੰਟੈਂਡੈਂਟ ਦਾ ਵਾਧੂ ਕਾਰਜਭਾਰ ਮਨਦੀਪ ਸਿੰਘ ਮਿੱਠੂ ਨੂੰ ਸੌਂਪਣ ਦੇ ਹੁਕਮ ਜਾਰੀ ਕੀਤੇ। ਜ਼ਿਕਰਯੋਗ ਹੈ ਕਿ ਮਨਦੀਪ ਸਿੰਘ ਮਿੱਠੂ ਨਾਜਾਇਜ਼ ਇਸ਼ਤਿਹਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਜਾਣੇ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਉਨ੍ਹਾਂ ਤੋਂ ਇਹ ਚਾਰਜ ਵਾਪਸ ਲੈ ਲਿਆ ਗਿਆ ਸੀ, ਜਿਸ ਤੋਂ ਬਾਅਦ ਸ਼ਹਿਰ ਵਿਚ ਨਾਜਾਇਜ਼ ਇਸ਼ਤਿਹਾਰਾਂ ਦਾ ਹੜ੍ਹ ਜਿਹਾ ਆ ਗਿਆ ਸੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਨਿਗਮ ਦੇ ਐਡਵਰਟਾਈਜ਼ਮੈਂਟ ਵਿਭਾਗ ਵਿਚ ਸਖ਼ਤੀ ਅਤੇ ਕਾਰਵਾਈ ਤੋਂ ਬਾਅਦ ਸ਼ਹਿਰ ਦੀ ਸੁੰਦਰਤਾ ਨੂੰ ਵਿਗਾੜ ਰਹੇ ਇਨ੍ਹਾਂ ਪੁਰਾਣੇ ਪੋਸਟਰਾਂ ਅਤੇ ਬੈਨਰਾਂ ਤੋਂ ਜਲਦ ਹੀ ਨਿਜਾਤ ਮਿਲ ਸਕੇਗੀ।

ਇਹ ਵੀ ਪੜ੍ਹੋ: ਸੰਤ ਸੀਚੇਵਾਲ ਸਦਕਾ ਮਲੇਸ਼ੀਆ ਤੋਂ ਨੌਜਵਾਨ ਦੀ ਘਰ ਵਾਪਸੀ, ਰੋ-ਰੋ ਸੁਣਾਇਆ ਜੇਲ੍ਹ 'ਚ ਬਿਤਾਇਆ ਭਿਆਨਕ ਮੰਜ਼ਰ

ਹੈਰਾਨੀਜਨਕ-ਦਸੂਹਾ ਦੇ ਐਡਵਰਟਾਈਜ਼ਰ ਨੇ ਜਲੰਧਰ ਆ ਕੇ ਲਾ ਲਈ ਨਾਜਾਇਜ਼ ਐੱਲ. ਈ. ਡੀ. ਸਕ੍ਰੀਨ
ਮੇਅਰ ਨੇ ਦਿੱਤੇ ਐੱਫ. ਆਈ. ਆਰ. ਅਤੇ ਕਾਰਵਾਈ ਦੇ ਹੁਕਮ

ਨਗਰ ਨਿਗਮ ਦੀ ਐਡਵਰਟਾਈਜ਼ਮੈਂਟ ਬ੍ਰਾਂਚ ਦੀ ਲਾਪ੍ਰਵਾਹੀ ਅਤੇ ਮਿਲੀਭੁਗਤ ਦਾ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਦੀ ਇਸ਼ਤਿਹਾਰ ਪਾਲਿਸੀ ਦੀਆਂ ਧੱਜੀਆਂ ਉਡਾਉਂਦੇ ਹੋਏ ਮਾਡਲ ਟਾਊਨ ਸਥਿਤ ਇਕ ਕਮਰਸ਼ੀਅਲ ਬਿਲਡਿੰਗ ’ਤੇ ਬਿਨਾਂ ਕਿਸੇ ਆਗਿਆ ਦੇ ਇਕ ਵੱਡੀ ਐੱਲ. ਈ. ਡੀ. ਸਕ੍ਰੀਨ ਲਾ ਦਿੱਤੀ ਗਈ। ਇਸ ਮਾਮਲੇ ਦਾ ਖ਼ੁਲਾਸਾ ਅਖ਼ਬਾਰਾਂ ਵਿਚ ਖ਼ਬਰ ਛਪਣ ਤੋਂ ਬਾਅਦ ਹੋਇਆ, ਜਿਸ ਨਾਲ ਨਿਗਮ ਪ੍ਰਸ਼ਾਸਨ ਵਿਚ ਹੰਗਾਮਾ ਮਚ ਗਿਆ। ਸੂਤਰਾਂ ਅਨੁਸਾਰ ਇਹ ਨਾਜਾਇਜ਼ ਐੱਲ. ਈ. ਡੀ. ਸਕ੍ਰੀਨ ਜਲੰਧਰ ਦੇ ਕਿਸੇ ਸਥਾਨਕ ਐਡਵਰਟਾਈਜ਼ਰ ਨੇ ਨਹੀਂ, ਸਗੋਂ ਦਸੂਹਾ ਦੇ ਐਡਵਰਟਾਈਜ਼ਰ ਨੇ ਲਾਈ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਐਡਵਰਟਾਈਜ਼ਰ ਨੇ ਨਗਰ ਨਿਗਮ ਦੀ ਐਡਵਰਟਾਈਜ਼ਮੈਂਟ ਬ੍ਰਾਂਚ ਦੇ ਇਕ ਪ੍ਰਭਾਵਸ਼ਾਲੀ ਕਰਮਚਾਰੀ ਨਾਲ ਸੈਟਿੰਗ ਕਰ ਲਈ ਸੀ ਅਤੇ ਉਸ ਨੂੰ ਹਰ ਮਹੀਨੇ ਮੋਟੀ ਰਕਮ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਬਾਅਦ ਉਸ ਨੇ ਜਲੰਧਰ ਦੇ ਕਈਕਾਰਪੋਰੇਟ ਘਰਾਣਿਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਮਹਿੰਗੇ ਇਸ਼ਤਿਹਾਰ ਲਏ ਅਤੇ ਉਨ੍ਹਾਂ ਨੂੰ ਇਸ ਨਾਜਾਇਜ਼ ਐੱਲ. ਈ. ਡੀ. ਸਕ੍ਰੀਨ ’ਤੇ ਦਿਖਾਉਣਾ ਸ਼ੁਰੂ ਕਰ ਦਿੱਤਾ।

ਸੂਤਰਾਂ ਦਾ ਕਹਿਣਾ ਹੈ ਕਿ ਹੁਣ ਇਸ ਤਰ੍ਹਾਂ ਦੇ ਕਾਰੋਬਾਰ ਦਾ ਨਵਾਂ ਟ੍ਰੈਂਡ ਸ਼ਹਿਰ ਵਿਚ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਕੁਝ ਹੋਰ ਥਾਵਾਂ ’ਤੇ ਵੀ ਅਜਿਹੀਆਂ ਐੱਲ. ਈ. ਡੀ. ਸਕ੍ਰੀਨਾਂ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੇਅਰ ਵਨੀਤ ਧੀਰ ਨੇ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਨਾਜਾਇਜ਼ ਐੱਲ. ਈ. ਡੀ. ਸਕ੍ਰੀਨ ਲਾ ਕੇ ਨਾਜਾਇਜ਼ ਵਸੂਲੀ ਕਰਨ ਵਾਲੇ ਐਡਵਰਟਾਈਜ਼ਮੈਂਟ ਖ਼ਿਲਾਫ਼ ਐੱਫ. ਆਈ.ਆਰ. ਦਰਜ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਨਾਲ ਹੀ ਸਬੰਧਤ ਬਿਲਡਿੰਗ ’ਤੇ ਲਾਈ ਗਈ ਐੱਲ. ਈ. ਡੀ. ਨੂੰ ਤੁਰੰਤ ਹਟਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ 1-2 ਦਿਨਾਂ ਵਿਚ ਮਾਡਲ ਟਾਊਨ ਸਥਿਤ ਇਸ ਐੱਲ. ਈ. ਡੀ. ਸਕ੍ਰੀਨ ’ਤੇ ਕਾਰਵਾਈ ਹੋ ਸਕਦੀ ਹੈ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ ਆਗੂ 'ਤੇ ਹਮਲਾ, ਇਕ ਦੀ ਮੌਤ

ਖ਼ਾਸ ਗੱਲ ਇਹ ਰਹੀ ਕਿ ਇਸ ਪੂਰੀ ਸਰਗਰਮੀ ਦੀ ਜਾਣਕਾਰੀ ਨਿਗਮ ਦੀ ਐਡਵਰਟਾਈਜ਼ਮੈਂਟ ਬ੍ਰਾਂਚ ਦੇ ਸਾਰੇ ਅਧਿਕਾਰੀਆਂ ਨੂੰ ਪਹਿਲਾਂ ਤੋਂ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਭਾਗ ਅੰਦਰ ਵੱਡੇ ਪੱਧਰ ’ਤੇ ਮਿਲੀਭੁਗਤ ਦੀ ਖੇਡ ਚੱਲ ਰਹੀ ਹੈ ਅਤੇ ਨਿਗਮ ਦੇ ਰੈਵੇਨਿਊ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਮੇਅਰ ਧੀਰ ਨੇ ਕਿਹਾ ਕਿ ਜਲੰਧਰ ਵਿਚ ਨਾਜਾਇਜ਼ ਇਸ਼ਤਿਹਾਰ ਅਤੇ ਐੱਲ. ਈ. ਡੀ. ਦੇ ਇਸ ਗੋਰਖਧੰਦੇ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਵਿਚ ਸ਼ਾਮਲ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Punjab: ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ! ਕੀਤੇ ਗਏ ਅਹਿਮ ਬਦਲਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News