ਗਲਤੀ ''ਪੁੱਤ'' ਦੀ, ਅਣਮਨੁੱਖੀ ਸਜ਼ਾ ਪੁਲਸ ਵੱਲੋਂ ਬਜ਼ੁਰਗ ਮਾਪਿਆਂ ਨੂੰ

Tuesday, May 14, 2019 - 01:19 PM (IST)

ਕਾਲਾ ਸੰਘਿਆਂ (ਨਿੱਜਰ)— ਸਥਾਨਕ ਬਜ਼ੁਰਗ ਪਤੀ-ਪਤਨੀ ਵੱਲੋਂ ਥਾਣਾ ਕੋਤਵਾਲੀ ਕਪੂਰਥਲਾ ਦੇ ਕੁਝ ਪੁਲਸ ਮੁਲਾਜ਼ਮਾਂ 'ਤੇ ਕੁੱਟਮਾਰ ਕਰਕੇ ਗੰਭੀਰ ਅੰਦਰੂਨੀ ਸੱਟਾਂ ਲਾਉਣ ਦੇ ਦੋਸ਼ ਲਾਏ ਹਨ। ਸਰਕਾਰੀ ਹਸਪਤਾਲ ਕਾਲਾ ਸੰਘਿਆਂ ਵਿਖੇ ਜ਼ੇਰੇ ਇਲਾਜ ਸੁਖਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਹਰਬੇਲ ਸਿੰਘ ਅਤੇ ਬੱਚਿਆਂ ਨਾਲ ਪਿਛਲੇ ਕਰੀਬ 20 ਸਾਲਾਂ ਤੋਂ ਆਪਣੇ ਮਾਂ-ਬਾਪ ਦੇ ਕੋਲ ਕਾਲਾ ਸੰਘਿਆਂ ਵਿਖੇ ਰਹਿ ਰਹੇ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਸ਼ੇਖੂਪੁਰ ਜ਼ਿਲਾ ਕਪੂਰਥਲਾ ਸਥਿਤ ਇਕ ਫਾਰਮ 'ਤੇ ਕੰਮ ਕਰਦੇ ਹਨ।

ਸੁਖਜੀਤ ਕੌਰ ਅਤੇ ਹਰਬੇਲ ਸਿੰਘ ਨੇ ਕਿਹਾ ਕੇ ਸਾਡਾ ਪੁੱਤਰ ਕਰਨੈਲ ਸਿੰਘ ਅਤੇ ਇਕ ਲੜਕੀ ਇਕ-ਦੂਜੇ ਨੂੰ ਪਸੰਦ ਕਰਦੇ ਸਨ ਅਤੇ ਦੋਵੇਂ ਸਾਨੂੰ ਬਿਨਾਂ ਦੱਸੇ ਕਿੱਤੇ ਚਲੇ ਗਏ, ਜਿਨ੍ਹਾਂ ਨੂੰ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਆਪ ਵੀ ਲੱਭ ਰਹੇ ਹਾਂ ਪਰ ਸਾਨੂੰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ ਅਤੇ ਲੜਕੀ ਵਾਲਿਆਂ ਦੀ ਸ਼ਿਕਾਇਤ 'ਤੇ ਸਾਨੂੰ ਥਾਣਾ ਕੋਤਵਾਲੀ ਕਪੂਰਥਲਾ ਦੇ ਪੁਲਸ ਕਥਿਤ ਤੌਰ 'ਤੇ ਪ੍ਰੇਸ਼ਾਨ ਕਰ ਰਹੇ ਹਨ ਅਤੇ ਉਨ੍ਹਾਂ ਕਿਹਾ ਕੁਝ ਦਿਨ ਪਹਿਲਾਂ ਸਾਡੇ ਬਜ਼ੁਰਗ ਅਤੇ ਦੂਜੇ ਲੜਕੇ ਨੂੰ ਪੁਲਸ ਫੜ ਕੇ ਲੈ ਗਈ ਅਤੇ ਪੁੱਛਗਿੱਛ ਮਗਰੋਂ ਛੱਡ ਦਿੱਤਾ, ਫਿਰ ਜਿਸ ਫਾਰਮ 'ਚ ਅਸੀਂ ਕੰਮ ਕਰਦੇ ਸੀ ਉਸ ਫਾਰਮ ਦੇ ਮਾਲਕ ਨੇ ਸਾਨੂੰ ਟੈਲੀਫੋਨ 'ਤੇ ਕਿਹਾ ਕੇ ਤੁਸੀਂ ਇਥੇ ਆਓ ਅਤੇ ਪੁਲਸ ਨੇ ਤੁਹਾਡੇ ਤੋਂ ਵੀ ਪੁਛਗਿੱਛ ਕਰਨੀ ਹੈ, ਜਿਸ ਵੇਲੇ ਅਸੀਂ ਫਾਰਮ 'ਤੇ ਗਏ ਤਾਂ ਪੁਲਸ ਮੁਲਾਜ਼ਮ ਸਾਡੇ ਤੋਂ ਪੁੱਛ ਪੜਤਾਲ ਕਰਨ ਬਹਾਨੇ ਸਾਨੂੰ ਗੱਡੀ 'ਚ ਬਿਠਾ ਕੇ ਥਾਣੇ ਲੈ ਗਏ ਅਤੇ ਉੱਥੇ ਲਿਜਾ ਕੇ ਸਾਡੇ ਨਾਲ ਕਥਿਤ ਬੇਤਹਾਸ਼ਾ ਕੁੱਟਮਾਰ ਕੀਤੀ।

ਹਰਬੇਲ ਸਿੰਘ ਨੇ ਕਿਹਾ ਕਿ ਮੈਨੂੰ ਇਕ ਮੁਲਾਜ਼ਮ ਨੇ ਹੀ ਕੁਝ ਗਾਲ੍ਹਾਂ ਕੱਢੀਆਂ ਤੇ ਮਾਰ ਕੁਟਾਈ ਕੀਤੀ ਅਤੇ ਸੁਖਜੀਤ ਕੌਰ ਜਿਸ ਤੋਂ ਤੁਰਿਆ ਫਿਰਿਆ ਵੀ ਮੁਸ਼ਕਲ ਨਾਲ ਜਾ ਰਿਹਾ ਸੀ, ਨੇ ਰੋਂਦੇ ਹੋਏ ਦੱਸਿਆ ਕੇ ਮੇਰੇ ਨਾਲ ਦੋ ਪੁਲਸ ਮੁਲਾਜ਼ਮਾਂ ਨੇ ਕਾਫੀ ਮਾਰ ਕੁਟਾਈ ਕੀਤੀ ਅਤੇ ਇਕ ਮਹਿਲਾ ਪੁਲਸ ਮੁਲਾਜ਼ਮ ਜਿਸ ਨੇ ਮੇਰੀਆਂ ਬਾਹਾਂ ਫੜੀਆਂ ਅਤੇ ਬਾਕੀਆਂ ਨੇ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਮੇਰੇ ਲੜਕੇ ਬਾਰੇ ਪੁਛਦੇ ਰਹੇ ਸੁਖਜੀਤ ਕੌਰ ਨੇ ਕਿਹਾ ਕਿ ਮੈਂ ਬਲੱਡ ਪ੍ਰੈੱਸ਼ਰ ਦੀ ਮਰੀਜ਼ ਹਾਂ ਅਤੇ ਮੇਰੀ ਪਿਛਲੇ ਦੋ ਸਾਲ ਤੋਂ ਦਵਾਈ ਚਲ ਰਹੀ ਹੈ ਪਰ ਫਿਰ ਵੀ ਪੁਲਸ ਮੁਲਾਜ਼ਮਾਂ ਨੇ ਮੇਰੀ ਇਕ ਨਾ ਸੁਣੀ ਅਤੇ ਸ਼ਾਮ ਵੇਲੇ ਸਾਨੂੰ ਫਾਰਮ ਮਾਲਕ ਛੁਡਵਾ ਕੇ ਆਪਣੀ ਗੱਡੀ ਵਿਚ ਲੈ ਕੇ ਗਿਆ।

ਉਨ੍ਹਾਂ ਕਿਹਾ ਕਿ ਜੇਕਰ ਸਾਡਾ ਲੜਕਾ ਅਤੇ ਉਹ ਲੜਕੀ ਘਰੋਂ ਕਿਧਰੇ ਚਲੇ ਗਏ ਤਾਂ ਇਸ 'ਚ ਸਾਡਾ ਕੀ ਦੋਸ਼ ਹੈ। ਬਜ਼ੁਰਗ ਪਤੀ ਪਤਨੀ ਵੱਲੋਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਗਈ ਅਤੇ ਮਾਰ-ਕੁਟਾਈ ਕਰਨ ਵਾਲੇ ਪੁਲਸ ਮੁਲਾਜ਼ਮ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਸਬੰਧੀ ਜਦੋਂ ਡੀ. ਐੱਸ. ਪੀ. ਹਰਿੰਦਰ ਸਿੰਘ ਗਿੱਲ ਨਾਲ ਟੈਲੀਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਕਰਨ 'ਤੇ ਉਨ੍ਹਾਂ ਵੱਲੋਂ ਫੋਨ ਨਹੀਂ ਚੁਕਿਆ।

ਕੀ ਕਹਿਣਾ ਹੈ ਥਾਣਾ ਮੁਖੀ ਦਾ 
ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਜੀਵਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੁੱਟਮਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸੁਖਜੀਤ ਕੌਰ ਅਤੇ ਹਰਬੇਲ ਸਿੰਘ ਨੂੰ ਸਿਰਫ ਪੁੱਛ ਪੜਤਾਲ ਲਈ ਥਾਣੇ ਲਿਆਂਦਾ ਗਿਆ ਸੀ ਅਤੇ ਪੁੱਛ-ਗਿੱਛ ਉਪਰੰਤ ਇਨ੍ਹਾਂ ਨੂੰ ਲਾਲੀ ਫਾਰਮ ਦੇ ਮਾਲਕ ਦੇ ਹਵਾਲੇ ਦਿੱਤਾ ਸੀ।

ਕੀ ਕਹਿਣੈ ਜ਼ਿਲਾ ਪੁਲਸ ਮੁਖੀ ਦਾ 
ਜ਼ਿਲਾ ਪੁਲਸ ਮੁਖੀ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਸਬੰਧਿਤ ਪਤੀ-ਪਤਨੀ ਮਾਮਲੇ ਨੂੰ ਉਲਝਾਉਣ ਲਈ ਪੁਲਸ 'ਤੇ ਕਥਿਤ ਝੂਠੇ ਦੋਸ਼ ਲਾ ਰਹੇ ਹਨ। ਪੁਲਸ ਕਾਨੂੰਨ ਮੁਤਾਬਿਕ ਹੀ ਆਪਣੀ ਬਣਦੀ ਡਿਊਟੀ ਨਿਭਾ ਰਹੀ ਹੈ ਅਤੇ ਪੂਰਨ ਤੌਰ 'ਤੇ ਇਨਸਾਫ ਕੀਤਾ ਜਾਵੇਗਾ।


shivani attri

Content Editor

Related News