ਆਟੋ ਚਾਲਕ ਨੇ ਬਜ਼ੁਰਗ ਦੀ ਜੇਬ ’ਚੋਂ ਕੱਢਿਆ ਪਰਸ

11/02/2018 6:06:25 AM

ਜਲੰਧਰ,   (ਵਰੁਣ)-  ਜੋਤੀ ਚੌਕ ਤੋਂ ਬੱਸ ਸਟੈਂਡ ਜਾਣ ਲਈ ਆਟੋ ’ਚ ਬਿਠਾਏ ਬਜ਼ੁਰਗ ਦੀ ਜੇਬ ’ਚੋਂ ਆਟੋ ਚਾਲਕ ਨੇ ਹੀ ਪਰਸ ਕੱਢ ਲਿਆ। ਆਟੋ ਚਾਲਕ ਨੇ ਪਿੱਛੇ ਸਵਾਰੀਅਾਂ ਨਾ ਹੁੰਦਿਅਾਂ ਹੋਇਅਾਂ ਵੀ ਬਜ਼ੁਰਗ ਨੂੰ ਆਪਣੇ ਨਾਲ ਬਿਠਾ ਲਿਆ ਤੇ ਵਾਰ-ਵਾਰ ਬਜ਼ੁਰਗ ਵਾਲੀ ਸਾਈਡ ਤੋਂ ਬਾਹਰ ਝਾਕਣ ਦੇ ਬਹਾਨੇ ਵਾਰਦਾਤ ਨੂੰ ਅੰਜਾਮ  ਦਿੱਤਾ। ਧੱਕਾ ਲੱਗਣ ਨਾਲ ਬਜ਼ੁਰਗ ਨੇ ਦਿਲਕੁਸ਼ਾ ਮਾਰਕੀਟ 'ਚ ਆਟੋ ਰੁਕਵਾ ਕੇ ਉਸ ਨੂੰ ਉਤਾਰਨ ਨੂੰ ਕਿਹਾ, ਜਿਸ ਤੋਂ ਬਾਅਦ  ਬਜ਼ੁਰਗ ਨੂੰ ਪਤਾ ਲੱਗਾ ਕਿ ਉਸ ਦੀ ਜੇਬ ’ਚੋਂ ਪਰਸ ਹੀ ਗਾਇਬ ਸੀ।
ਥਾਣਾ ਨੰ. 4 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬਜ਼ੁਰਗ ਇੰਦਰਪਾਲ ਸਿੰਘ ਆਹਲੂਵਾਲੀਆ ਵਾਸੀ ਦਿਓਲ ਨਗਰ ਨੇ ਦੱਸਿਆ ਕਿ ਜਦੋਂ ਆਟੋ ਰੋਕਿਆ ਗਿਆ ਤਾਂ ਚਾਲਕ ਨੇ ਪੈਸਿਅਾਂ ਦੀ ਕੋਈ ਗੱਲ ਨਹੀਂ ਕੀਤੀ ਤੇ ਜਲਦੀ ਆਟੋ ਭਜਾ ਕੇ ਲੈ ਗਿਆ। ਕੁਝ ਦੇਰ ਬਾਅਦ ਜਦੋਂ ਉਨ੍ਹਾਂ ਨੇ ਆਪਣੀ ਜੇਬ 'ਚ ਹੱਥ ਪਾਇਆ  ਤਾਂ  ਉਸ ’ਚੋਂ ਪਰਸ ਗਾਇਬ ਸੀ। 
ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਆਟੋ ਚਾਲਕ ਵੱਲ ਜਿਹੜੀ ਪੈਂਟ ਦੀ ਜੇਬ ਸੀ ਉਸ ’ਚ ਉਸ ਨੇ ਪਰਸ ਰੱਖਿਆ ਹੋਇਆ ਸੀ। ਪਰਸ ’ਚ 6500 ਰੁਪਏ, 2 ਚੈੱਕ, ਏ. ਟੀ. ਐੱਮ.  ਕਾਰਡ, ਪੈਨ ਕਾਰਡ, ਵੋਟਰ ਕਾਰਡ ਤੇ ਹੋਰ ਸਾਮਾਨ ਸੀ। ਥਾਣਾ ਨੰ.4 ਦੀ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
 


Related News