ਨੀਲਾਮੀ ਲਈ ਵਿਭਾਗ ਕੋਲੋਂ ਛੋਟ ਮੰਗੇਗਾ ਇੰਪਰੂਵਮੈਂਟ ਟਰੱਸਟ

09/30/2018 5:49:41 AM

ਜਲੰਧਰ,    (ਪੁਨੀਤ)-   ਆਰਥਿਕ ਤੰਗੀ ਨਾਲ ਜੂਝ ਰਹੇ ਇੰਪਰੂਵਮੈਂਟ ਟਰੱਸਟ ਵਲੋਂ ਲੋਕਲ  ਬਾਡੀਜ਼ ਵਿਭਾਗ ਤੋਂ ਨਿਲਾਮੀ ਕਰਵਾਉਣ ਲਈ ਛੋਟ ਮੰਗੀ ਜਾਵੇਗੀ ਤਾਂ ਜੋ ਟਰੱਸਟ ਫੰਡ ਦਾ  ਪ੍ਰਬੰਧ ਕਰ ਕੇ ਆਪਣੇ ਖਰਚੇ ਕੱਢ ਸਕੇ। ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ  ਸਰਕਾਰੀ ਜਾਇਦਾਦ ਨੂੰ ਵੇਚਣ/ਲੀਜ਼ ’ਤੇ ਦੇਣ ’ਤੇ ਰੋਕ ਲਾਉਣ ਕਾਰਨ ਟਰੱਸਟ ਅਧਿਕਾਰੀਆਂ ਲਈ  ਚਿੰਤਾ ਪੈਦਾ ਹੋ ਗਈ ਹੈ ਕਿਉਂਕਿ 225 ਕਰੋੜ ਰੁਪਏ ਦੀ ਦੇਣਦਾਰੀ ਮੋੜਨ ਲਈ ਟਰੱਸਟ ਨੇ  ਆਪਣੀ 400 ਕਰੋੜ ਤੋਂ ਵੱਧ ਦੀ ਜਾਇਦਾਦ ਦੀ ਨੀਲਾਮੀ ਕਰਵਾਉਣੀ ਸੀ, ਜਿਸ ਦਾ ਕੰਮ ਵਿਚੇ ਹੀ  ਰੋਕ ਦਿੱਤਾ ਗਿਆ ਹੈ। ਜਲੰਧਰ ਸਣੇ ਕਈ ਟਰੱਸਟਾਂ ਵਿਚ ਕਰੋੜਾਂ ਰੁਪਏ ਦੀ ਹੇਰਾਫੇਰੀ ਕਾਰਨ  ਸਿੱਧੂ ਵਲੋਂ ਇਹ ਐਕਸ਼ਨ ਲਿਆ ਗਿਆ ਹੈ, ਜਿਸ ਦਾ ਅਸਰ ਸਿੱਧੇ ਤੌਰ ’ਤੇ ਜਲੰਧਰ ਇੰਪਰੂਵਮੈਂਟ  ਟਰੱਸਟ ’ਤੇ ਪੈ ਰਿਹਾ ਹੈ।
ਟਰੱਸਟ ਨੇ ਪੀ. ਐੱਨ. ਬੀ. ਬੈਂਕ ਕੋਲ ਗਹਿਣੇ ਪਈ ਜਾਇਦਾਦ  ਨੂੰ ਨੀਲਾਮ ਕਰਵਾਉਣ ਲਈ ਵੀ ਇਜਾਜ਼ਤ ਲਈ ਹੋਈ ਹੈ ਪਰ ਟਰੱਸਟ ਨੂੰ ਸਰਕਾਰ ਕੋਲੋਂ ਨੀਲਾਮੀ  ਕਰਵਾਉਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ, ਇਹ ਦਿਲਚਸਪ ਵਿਸ਼ਾ ਰਹੇਗਾ। ਇਸ ਦਾ ਮੁੱਖ ਕਾਰਨ  ਇਹ ਹੈ ਕਿ ਟਰੱਸਟ ਵਲੋਂ ਕਿਸਾਨਾਂ ਨੂੰ 101.20 ਕਰੋੜ ਰੁਪਏ ਦੀ ਇਨਹਾਂਸਮੈਂਟ ਅਦਾ ਕੀਤੀ  ਜਾਣੀ ਸੀ ਤੇ ਇਸ ਦੇ ਨਾਲ-ਨਾਲ ਪੰਜਾਬ ਨੈਸ਼ਨਲ ਬੈਂਕ ਦਾ 112 ਕਰੋੜ ਦਾ ਲੋਨ ਮੋੜਿਆ ਜਾਣਾ  ਸੀ। ਜਾਇਦਾਦ ਦੀ ਨੀਲਾਮੀ ਕਰਵਾਉਣ ਲਈ ਲਿਸਟਾਂ ਬਣਾਉਣ ਲਈ ਪੀ. ਓ. ਸੁਰਿੰਦਰ ਕੁਮਾਰੀ  ਵਲੋਂ ਅਗਲੇ ਹੁਕਮਾਂ ਤਕ ਛੁੱਟੀ ’ਤੇ ਰੋਕ ਲਾਈ ਗਈ ਸੀ, ਜਿਸ ਕਾਰਨ ਅੱਜ ਛੁੱਟੀ ਵਾਲੇ ਦਿਨ  ਵੀ ਕਰਮਚਾਰੀ ਦਫਤਰ ਪਹੁੰਚੇ। ਰੋਕ ਦੀ ਖਬਰ ਤੋਂ ਬਾਅਦ ਕਰਮਚਾਰੀਆਂ ਵਿਚ ਨਿਰਾਸ਼ਾ ਦੇਖਣ  ਨੂੰ ਮਿਲੀ ਕਿਉਂਕਿ ਆਰਥਿਕ ਤੰਗੀ ਦਾ ਅਸਰ ਟਰੱਸਟ ਕਰਮਚਾਰੀਆਂ ਦੀਆਂ ਤਨਖਾਹਾਂ ’ਤੇ ਵੀ  ਪੈਂਦਾ ਹੈ। ਕਈ ਵਾਰ ਟਰੱਸਟ ਕਰਮਚਾਰੀਆਂ ਨੂੰ 15-20 ਦਿਨ ਲੇਟ ਤਨਖਾਹ ਮਿਲੀ ਹੈ, ਜਿਸ  ਕਾਰਨ ਕਰਮਚਾਰੀ ਨੀਲਾਮੀ ਕਰਵਾਉਣ ਵਿਚ ਦਿਲਚਸਪੀ ਦਿਖਾ ਰਹੇ ਸਨ। 
ਟਰੱਸਟ ਅਧਿਕਾਰੀਆਂ ਦਾ  ਕਹਿਣਾ ਹੈ ਕਿ ਉਹ ਲੋਕਲ ਬਾਡੀਜ਼ ਵਿਭਾਗ ਵਿਚ ਚਿੱਠੀ ਲਿਖ ਕੇ ਆਪਣੀ ਮਜਬੂਰੀ ਦੱਸਣਗੇ, ਇਸ  ਵਿਚ ਕਿਹਾ ਜਾਵੇਗਾ ਕਿ ਟਰੱਸਟ ਵਲੋਂ ਸੁਪਰੀਮ ਕੋਰਟ ਵਿਚ ਚੱਲ ਰਹੇ ਇਕ ਕੇਸ ਲਈ 5 ਕਰੋੜ  ਰੁਪਏ ਇਨਹਾਂਸਮੈਂਟ ਦੇਣੀ ਹੈ। ਬੈਂਕ ਦੇ ਕਰਜ਼ੇ ਸਣੇ ਕਈ ਤਰ੍ਹਾਂ ਦੇ ਕਰਜ਼ਿਆਂ ਦੀ ਮਿਸਾਲ  ਦਿੱਤੀ ਜਾਵੇਗੀ।


Related News