100 ਕਰੋੜ ’ਚ ਨੀਲਾਮ ਹੋਣ ਵਾਲੇ ਇੰਪਰੂਵਮੈਂਟ ਟਰੱਸਟ ਦਫਤਰ ਦੀ ਸਾਈਟ ’ਤੇ ਬਣੇਗਾ ਹੋਟਲ

10/22/2018 6:41:00 AM

ਜਲੰਧਰ,   (ਪੁਨੀਤ)—  ਆਰਥਿਕ ਤੰਗੀ ਨਾਲ ਜੂਝ ਰਹੇ ਇੰਪਰੂਵਮੈਂਟ ਟਰੱਸਟ ਦੀ 195 ਮਰਲੇ  ਵਾਲੀ ਆਫਿਸ ਵਾਲੀ ਜ਼ਮੀਨ ਨੂੰ ਸਰਕਾਰ ਨੀਲਾਮ ਕਰਵਾਉਣ ਜਾ ਰਹੀ ਹੈ, ਸਕਾਈਲਾਰਕ ਚੌਕ ਦੇ  ਨੇੜੇ ਸਥਿਤ ਟਰੱਸਟ ਦੇ ਦਫਤਰ ਵਾਲੀ ਜ਼ਮੀਨ ਨੂੰ ਹੋਟਲ ਸਾਈਟ ਲਈ ਨੀਲਾਮ ਕਰਵਾਉਣ ਦੀ ਯੋਜਨਾ  ਤਿਆਰ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀਆਂ ਵਲੋਂ ਇਸ ਲਈ ਮਨਜ਼ੂਰੀ ਦਿੱਤੀ ਜਾ ਚੁੱਕੀ  ਹੈ, ਜਿਸ ਕਾਰਨ ਜਲੰਧਰ ਟਰੱਸਟ ਵਲੋਂ ਤੇਜ਼ੀ ਨਾਲ ਇਸ ’ਤੇ ਕੰਮ ਕੀਤਾ ਜਾ ਰਿਹਾ ਹੈ।
ਪਹਿਲੇ  ਪੜਾਅ ’ਚ ਹੋਟਲ ਸਾਈਟ ਲਈ ਇਸ 195 ਮਰਲੇ ਜ਼ਮੀਨ ਦਾ ਰਿਜ਼ਰਵ ਪ੍ਰਾਈਸ 100 ਕਰੋੜ ਦੇ ਲਗਭਗ  ਰੱਖੇ ਜਾਣ ਦਾ ਅੰਦਾਜ਼ਾ ਹੈ ਪਰ ਫਿਲਹਾਲ ਰਕਮ ਨਿਰਧਾਰਤ ਨਹੀਂ ਹੋ ਸਕੀ ਹੈ, ਸੀਨੀਅਰ  ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ’ਚ ਇਸ ਰਕਮ ਨੂੰ ਨਿਰਧਾਰਤ ਕੀਤਾ ਜਾਵੇਗਾ।
ਇਸ ਜ਼ਮੀਨ ਲਈ ਟਰੱਸਟ ਵਲੋਂ ਪਬਲਿਕ ਤੋਂ ਰਾਇ ਮੰਗੀ ਜਾਵੇਗੀ। ਇਸ ਲਈ ਮਾਰਕੀਟ ਟ੍ਰੈਂਡ ਨੂੰ  ਜਾਣਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਟਰੱਸਟ ਦੀ ਪਿਛਲੀ 2 ਨੀਲਾਮੀ ਫਲਾਟ ਹੋਣ ਕਾਰਨ ਟਰੱਸਟ  ਮਾਰਕੀਟ ਤੋਂ ਜਾਣਕਾਰੀ ਇਕੱਠੀ ਕਰਕੇ ਹੀ ਆਪਣੇ ਦਫਤਰ ਨੂੰ ਨੀਲਾਮ ਕਰੇਗਾ। ਫਿਲਹਾਲ ਇਸ ਜ਼ਮੀਨ ਨੂੰ ਹੋਟਲ ਲਈ ਨੀਲਾਮ ਕਰਵਾਉਣ ਦੀ ਯੋਜਨਾ ਹੈ ਪਰ ਜੇਕਰ ਮਾਰਕੀਟ ’ਚ ਸ਼ਾਪਿੰਗ  ਕੰਪਲੈਕਸ ਜਾਂ ਲਗਜ਼ਰੀ ਫਲੈਟ ਲਈ ਅਰਜ਼ੀ ਆਉਂਦੀ ਹੈ ਤਾਂ ਉਸ ’ਤੇ ਵਿਚਾਰ ਕੀਤਾ ਜਾਵੇਗਾ।
ਟਰੱਸਟ ਦੇ ਇਸ ਦਫਤਰ ਨੂੰ ਨੀਲਾਮ ਕਰਵਾ ਕੇ ਟਰੱਸਟ ਦੇ ਦਫਤਰ ਨੂੰ 94.97 ਏਕੜ ਸਕੀਮ ’ਚ  ਸ਼ਿਫਟ ਕੀਤਾ ਜਾਵੇਗਾ। ਇਸ ਲਈ ਟਰੱਸਟ ਨੇ ਜ਼ਮੀਨ ਨੂੰ ਪਹਿਲਾਂ ਹੀ ਰਿਜ਼ਰਵ ਰੱਖਿਆ ਹੋਇਆ  ਹੈ। ਟਰੱਸਟ ਦੇ ਨਵੇਂ ਦਫਤਰ ਦੀ ਬਿਲਡਿੰਗ ਅਤਿ ਆਧੁਨਿਕ ਬਣਾਈ ਜਾਵੇਗੀ। ਫਿਲਹਾਲ 2 ਕਰੋੜ  ਖਰਚ ਕਰਕੇ ਇਸ ਬਿਲਡਿੰਗ ਨੂੰ ਬਣਾਏ ਜਾਣ ਦਾ ਅਨੁਮਾਨ ਹੈ। ਟਰੱਸਟ ਅਧਿਕਾਰੀਆਂ ਮੁਤਾਬਕ  ਲੋੜ ਅਨੁਸਾਰ ਇਸ ਰਕਮ ਨੂੰ ਵਧਾਇਆ ਜਾ ਸਕਦਾ ਹੈ। ਨਵੀਂ ਬਿਲਡਿੰਗ ਦੇ 2 ਫਲੋਰ ਕਿਰਾਏ ’ਤੇ  ਦਿੱਤੇ ਜਾਣਗੇ, ਟਰੱਸਟ ਦੇ ਇਸ ਦਫਤਰ ’ਚ ਲਿਫਟ, ਅੰਡਰ ਗਰਾਊਂਡ ਪਾਰਕਿੰਗ, ਸੋਲਰ ਸਿਸਟਮ  ਸਮੇਤ ਕਈ ਅਤਿ ਆਧੁਨਿਕ ਸਹੂਲਤਾਂ ਉਪਲੰਬਧ ਹੋਣਗੀਆਂ। ਟਰੱਸਟ ਵਲੋਂ ਜੋ ਯੋਜਨਾ ਤਿਆਰ ਕੀਤੀ  ਗਈ ਹੈ, ਉਸ ਮੁਤਾਬਕ ਟਰੱਸਟ ਉਸ ਬਿਲਡਿੰਗ ਨੂੰ ਕਿਰਾਏ 'ਤੇ ਦੇ ਕੇ ਆਰਥਿਕ ਰੂਪ ਨਾਲ ਖੁਸ਼ਹਾਲ  ਹੋਵੇਗਾ। ਟਰੱਸਟ ਦੀ ਬਿਲਡਿੰਗ ਦੀ ਨੀਲਾਮੀ ਨਾਲ ਹੋਣ ਵਾਲੀ ਆਮਦਨੀ ਨੂੰ ਪ੍ਰੇਸ਼ਾਨੀ  ਦਾ  ਸਾਹਮਣਾ ਕਰਨਾ ਪੈ ਰਿਹਾ ਹੈ।
ਆਨਲਾਈਨ ਨੀਲਾਮੀ ’ਚ ਹਿੱਸਾ ਲੈਣਗੀਆਂ ਵੱਡੀਆਂ ਕੰਪਨੀਆਂ
ਲੋਕਲ  ਬਾਡੀ ਵਿਭਾਗ ਵਲੋਂ ਕਰਵਾਈ ਜਾਣ ਵਾਲੀ ਈ-ਆਕਸ਼ਨ (ਆਨਲਾਈਨ ਨੀਲਾਮੀ) ’ਚ ਵੱਡੀਆਂ ਕੰਪਨੀਆਂ  ਵਲੋਂ ਹਿੱਸਾ ਲਿਆ ਜਾਵੇਗਾ। ਇਸ ਲਈ ਵਿਭਾਗ ਵਲੋਂ ਦਿੱਲੀ, ਮੁੰਬਈ, ਹੈਦਰਾਬਾਦ, ਪੁਣੇ,  ਕੋਲਕਾਤਾ ਸਮੇਤ ਵੱਡੇ ਸ਼ਹਿਰਾਂ ’ਚ ਵੱਡੀਆਂ ਕੰਪਨੀਆਂ ਨਾਲ ਸੰਪਰਕ ਕੀਤਾ ਜਾਵੇਗਾ। ਟਰੱਸਟ  ਦੇ ਦਫਤਰ ਦੀ ਨੀਲਾਮੀ ਲਈ ਖਾਕਾ ਤਿਆਰ ਕਰਕੇ ਉਸ ਨੂੰ ਆਨਲਾਈਨ ਚੜ੍ਹਾਇਆ ਜਾਵੇਗਾ। ਇਸ ਦਾ  ਮੁੱਖ ਮਕਸਦ ਇਹ ਹੈ ਕਿ ਟਰੱਸਟ ਦੀ ਇਸ ਹਾਈ ਰੇਟਿਡ ਪ੍ਰਾਪਰਟੀ ਪ੍ਰਤੀ ਵੱਧ ਤੋਂ ਵੱਧ  ਰਿਸਪਾਂਸ ਆ ਸਕੇ। ਲੋਕਲ ਬਾਡੀਜ਼ ਵਿਭਾਗ ਤੇ ਚੀਫ ਇੰਜੀਨੀਅਰ ਮੁਕੁਲ ਸੋਨੀ ਦਾ ਕਹਿਣਾ ਹੈ  ਕਿ ਟਰੱਸਟ ਇਸ ਪ੍ਰਾਪਰਟੀ ਨੂੰ ਵੇਚਣ ਲਈ ਗਰਾਊਂਡ ਲੈਵਲ ਤੋਂ ਲੈ ਕੇ ਹਾਈ ਸਕੇਲ ਤਕ ਸਾਰੇ  ਕੰਮ ਪੂਰੇ ਕੀਤੇ ਜਾਣਗੇ ਤਾਂ ਕਿ ਇਸ ਪ੍ਰਾਪਰਟੀ ਨੂੰ ਮਹਿੰਗੇ ਰੇਟ ’ਤੇ ਵੇਚ ਕੇ ਟਰੱਸਟ  ਦੀ ਆਰਥਿਕ ਹਾਲਤ ਨੂੰ ਸੁਧਾਰਿਆ ਜਾ ਸਕੇ। 100 ਕਰੋੜ ਤੋਂ ਵੱਧ ਦੇ ਰੇਟਾਂ ’ਚ ਵੇਚੇ ਜਾਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਅਧਿਕਾਰਕ ਤੌਰ ’ਤੇ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ, ਆਉਣ ਵਾਲੇ ਸਮੇਂ ’ਚ ਜਦੋਂ ਰਕਮ ਨਿਰਧਾਰਤ ਹੋਵੇਗਾ ਤਾਂ ਮੀਡੀਆ ਨੂੰ ਦੱਸ ਦਿੱਤਾ ਜਾਵੇਗਾ।
ਕਰਮਚਾਰੀਆਂ ਨੂੰ ਤਨਖਾਹ ਮਿਲਣ ਦੀ ਆਸ ਜਾਗੀ
ਸੁਪਰੀਮ ਕੋਰਟ ’ਚ ਇਕ ਕੇਸ  ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਵਲੋਂ ਇਨਹਾਂਸਮੈਂਟ ਦੇ 5 ਕਰੋੜ ਰੁਪਏ ਅਦਾ ਕੀਤੇ ਜਾਣੇ  ਹਨ ਜਿਸ ਕਾਰਨ ਸੁਪਰੀਮ ਕੋਰਟ ’ਚ 22 ਅਕਤੂਰ ਦੀ ਤਰੀਕ ਸੀ, ਕੋਰਟ ’ਚ ਇਸ ਕੇਸ  ਲੈ ਕੇ  ਟਰੱਸਟ ਨੂੰ ਨਵੰਬਰ ਮਹੀਨੇ ਦੀ ਤਰੀਕ ਮਿਲ ਚੁੱਕੀ ਹੈ, ਜਿਸ ਕਾਰਨ ਹੁਣ ਕਰਮਚਾਰੀਆਂ ਦੀ  ਤਨਖਾਹ ਮਿਲਣ ਦੀ ਉਮੀਦ ਜਾਗ ਗਈ ਹੈ। ਟਰੱਸਟ ਦੇ ਕੋਲ 1 ਕਰੋੜ ਦੇ ਕਰੀਬ ਬੈਂਕ  ਰਾਸ਼ੀ  ਮੁਹੱਈਆ ਹੈ ਪਰ ਟਰੱਸਟ ਦੀ ਲੇਡੀ ਸਿੰਘਮ ਸੁਰਿੰਦਰ ਕੁਮਾਰੀ ਨੇ ਕੋਰਟ ਦੀ ਤਰੀਕ ਨੂੰ ਲੈ  ਕੇ ਪੈਸਿਆਂ ਦੇ ਇਸਤੇਮਾਲ ’ਤੇ ਰੋਕ ਲਾ ਦਿੱਤੀ ਸੀ। ਇਸ ਲੜੀ ਵਿਚ ਕਰਮਚਾਰੀਆਂ ਦੀ  ਤਨਖਾਹ ਵੀ ਰੋਕ ਦਿੱਤੀ ਗਈ। ਹੁਣ ਅਗਲੇ ਮਹੀਨੇ ਦੀ ਤਰੀਕ ਮਿਲ ਚੁੱਕੀ ਹੈ, ਜਿਸ ਕਾਰਨ ਹੁਣ  ਟਰੱਸਟ ਦੇ ਕਰਮਚਾਰੀ ਨੂੰ ਤਨਖਾਹ ਮਿਲ ਸਕਦੀ ਹੈ। ਨਗਰ ਨਿਗਮ ਦੇ ਜੀ. ਐੱਸ. ਫੰਡ ਦੇ ਸ਼ੇਅਰ  ਤੋਂ ਇੰਪਰੂਵਮੈਂਟ ਟਰੱਸਟ ਨੂੰ 5 ਕਰੋੜ ਦੀ ਰਾਸ਼ੀ ਦਿੱਤੀ ਜਾਣੀ ਹੈ। ਉਕਤ ਰਾਸ਼ੀ  ਚੰਡੀਗੜ੍ਹ ਸਥਿਤ ਲੋਕਲ ਬਾਡੀ ਵਿਭਾਗ ਦੇ ਦਫ਼ਤਰ ਵੱਲੋਂ ਸ਼ਿਫਟ ਕੀਤੀ ਜਾਣੀ ਹੈ। ਕਈ ਹਫਤੇ  ਪਹਿਲਾਂ ਇਸ ਰਾਸ਼ੀ ਨੂੰ ਦੇਣ ਦੀ ਗੱਲ ਕੀਤੀ ਗਈ ਸੀ ਪਰ ਅਜੇ ਤੱਕ ਉਕਤ ਰਾਸ਼ੀ ਟਰੱਸਟ ਦੇ  ਖਾਤੇ ਵਿਚ ਨਹੀਂ ਆ ਸਕੀ।
 


Related News