ਪੱਕਾ ਬਾਗ ''ਚ ਨੌਜਵਾਨ ''ਤੇ ਹੋਏ ਹਮਲੇ ਦੇ ਮਾਮਲੇ ''ਚ ਆਇਆ ਨਵਾਂ ਮੋੜ

10/20/2019 1:24:32 PM

ਜਲੰਧਰ (ਜ. ਬ.)— ਅਗਸਤ ਮਹੀਨੇ ਪੱਕਾ ਬਾਗ 'ਚ ਟੈਂਪੂ ਚਾਲਕ ਮਨਿੰਦਰ ਸਿੰਘ ਵਾਲੀਆ 'ਤੇ ਹੋਏ ਜਾਨਲੇਵਾ ਹਮਲੇ 'ਚ ਇਕ ਨਵਾਂ ਮੋੜ ਆਇਆ ਹੈ। ਮਨਿੰਦਰ ਸਿੰਘ ਨੇ ਸੀ. ਪੀ. ਨੂੰ ਸ਼ਿਕਾਇਤ ਦੇ ਕੇ ਆਪਣੇ ਤਾਏ ਦੇ ਲੜਕੇ ਲਵਲੀ ਵਾਲੀਆ ਅਤੇ ਦਲਬੀਰ ਸਿੰਘ ਨੂੰ ਬੇਕਸੂਰ ਦੱਸਿਆ ਹੈ। ਮਨਿੰਦਰ ਦਾ ਕਹਿਣਾ ਹੈ ਕਿ ਜਿਸ ਸਮੇਂ ਉਸ 'ਤੇ ਹਮਲਾ ਹੋਇਆ ਤਾਂ ਕੁਝ ਲੋਕਾਂ ਨੇ ਨਿੱਜੀ ਫਾਇਦੇ ਲਈ ਲਵਲੀ ਵਾਲੀਆ ਅਤੇ ਦਲਬੀਰ ਸਿੰਘ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਹ ਕੁਝ ਸਮਝ ਨਹੀਂ ਸਕਿਆ ਅਤੇ ਐੱਫ. ਆਈ. ਆਰ. 'ਚ ਲਵਲੀ ਵਾਲੀਆ ਦਾ ਨਾਂ ਲਿਖਵਾ ਦਿੱਤਾ।

ਸੀ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਮਨਿੰਦਰ ਸਿੰਘ ਵਾਲੀਆ ਪੁੱਤਰ ਤਜਿੰਦਰ ਸਿੰਘ ਵਾਸੀ ਪੱਕਾ ਬਾਗ ਨੇ ਦੱਸਿਆ ਕਿ 28 ਅਗਸਤ ਦੀ ਰਾਤ ਉਸ 'ਤੇ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਜਦੋਂ ਉਸਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤਾਂ ਉਥੇ ਪਹੁੰਚੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹਮਲਾ ਲਵਲੀ ਵਾਲੀਆ ਅਤੇ ਦਲਬੀਰ ਸਿੰਘ ਉਰਫ ਦਲਬੀਰਾ ਨੇ ਕਰਵਾਇਆ ਹੈ। ਵਾਲੀਆ ਨੇ ਕਿਹਾ ਕਿ ਜਦੋਂ ਉਹ ਹਸਪਤਾਲ ਤੋਂ ਘਰ ਆਇਆ ਤਾਂ ਪਤਾ ਲੱਗਾ ਕਿ ਉਸ ਦਾ ਇਸਤੇਮਾਲ ਕਰਕੇ ਕੁਝ ਲੋਕਾਂ ਨੇ ਜਾਣਬੁੱਝ ਕੇ ਉਸ ਦੇ ਤਾਏ ਦੇ ਲੜਕੇ ਲਵਲੀ ਵਾਲੀਆ ਦਾ ਨਾਂ ਲਿਆ ਜਦਕਿ ਹਾਲ ਹੀ 'ਚ ਪੁਲਸ ਦਲਬੀਰ ਸਿੰਘ ਨੂੰ ਉਸੇ ਕੇਸ ਤਹਿਤ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਤਾਂ ਉਹ ਉਸ ਨੂੰ ਪਛਾਣਨ ਲਈ ਕੋਰਟ 'ਚ ਗਿਆ ਪਰ ਉਸ ਨੂੰ ਪਛਾਣਨ ਤੋਂ ਮਨ੍ਹਾ ਕਰ ਦਿੱਤਾ।

ਪੀੜਤ ਨੇ ਕਿਹਾ ਕਿ ਇਸ ਕੇਸ 'ਚ ਪ੍ਰਿੰਸ ਗਾਬਾ, ਆਕਾਸ਼ ਅਤੇ ਡੋਲੇ ਨਾਂ ਦੇ ਨੌਜਵਾਨਾਂ ਨੂੰ ਵੀ ਨਾਮਜ਼ਦ ਕੀਤਾ ਹੈ ਪਰ ਅੱਜ ਤੱਕ ਉਨ੍ਹਾਂ ਦੀ ਪਛਾਣ ਲਈ ਉਨ੍ਹਾਂ ਨੂੰ ਥਾਣੇ ਨਹੀਂ ਬੁਲਾਇਆ। ਪੁਲਸ ਕੋਲ ਉਹ ਕਈ ਵਾਰ ਆਪਣੇ ਬਿਆਨ ਬਦਲਣ ਲਈ ਜਾ ਚੁੱਕੇ ਹਨ ਪਰ ਪੁਲਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਮਨਿੰਦਰ ਨੇ ਮੰਗ ਕੀਤੀ ਹੈ ਕਿ ਪੁਲਸ ਉਸ ਦੇ ਸਹੀ ਬਿਆਨ ਦਰਜ ਕਰ ਕੇ ਅਸਲੀ ਹਮਲਾਵਰਾਂ ਦੀ ਤਲਾਸ਼ ਕਰੇ। ਉਸਨੇ ਇਹ ਵੀ ਦੋਸ਼ ਲਾਏ ਕਿ ਸੀ. ਪੀ. ਨੂੰ ਸ਼ਿਕਾਇਤ ਦੇਣ ਤੋਂ ਪਹਿਲਾਂ ਮਾਣਯੋਗ ਕੋਰਟ ਨੇ ਵੀ ਪੁਲਸ ਨੂੰ ਦੁਬਾਰਾ ਬਿਆਨ ਲੈਣ ਲਈ ਕਿਹਾ ਸੀ ਪਰ ਉਸ ਦੇ ਬਾਵਜੂਦ ਬਿਆਨ ਦਰਜ ਨਹੀਂ ਕੀਤੇ ਗਏ। ਓਧਰ ਥਾਣਾ ਨੰਬਰ 4 ਦੇ ਮੁਖੀ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਹੈ ਕਿ ਇਸ ਸਬੰਧੀ ਸੀ. ਪੀ. ਨੂੰ ਸ਼ਿਕਾਇਤ ਦਿੱਤੀ ਗਈ ਹੈ ਪਰ ਜਦੋਂ ਉਨ੍ਹਾਂ ਦੇ ਕੋਲ ਕਾਪੀ ਆਈ ਤਾਂ ਉਹ ਸ਼ਿਕਾਇਤਕਰਤਾ ਦੇ ਦੋਬਾਰਾ ਥਾਣੇ ਬੁਲਾ ਕੇ ਬਿਆਨ ਲੈਣਗੇ।


shivani attri

Content Editor

Related News