ਨਿਗਮ ਦੇ ਨਵੇਂ ਕਮਿਸ਼ਨਰ ਤੇ ਅਫ਼ਸਰਾਂ ਵਿਚਾਲੇ ਰਿਹਾ ਟਕਰਾਅ ਦਾ ਮਾਹੌਲ, ਦਿਨ ਭਰ ਰਹੀ ਪੈੱਨ ਡਾਊਨ ਸਟ੍ਰਾਈਕ
Thursday, Aug 24, 2023 - 12:45 PM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੂੰ ਚਾਰਜ ਸੰਭਾਲੇ ਹਾਲੇ ਲਗਭਗ 2 ਹਫ਼ਤਿਆਂ ਦਾ ਸਮਾਂ ਹੀ ਹੋਇਆ ਹੈ ਪਰ ਬੁੱਧਵਾਰ ਨਵੇਂ ਕਮਿਸ਼ਨਰ ਅਤੇ ਨਗਰ ਨਿਗਮ ਦੇ ਬਾਕੀ ਅਫ਼ਸਰਾਂ ਦਰਮਿਆਨ ਟਕਰਾਅ ਦਾ ਜ਼ਬਰਦਸਤ ਮਾਹੌਲ ਪੈਦਾ ਹੋਇਆ, ਜਿਸ ਕਾਰਨ ਨਿਗਮ ਦੇ ਇੰਜੀਨੀਅਰਜ਼ ਅਤੇ ਕਲੈਰੀਕਲ ਸਟਾਫ਼ ਨੇ ਦਿਨ ਭਰ ਪੈੱਨ ਡਾਊਨ ਸਟ੍ਰਾਈਕ ਰੱਖੀ। ਸ਼ਾਮ ਨੂੰ ਨਿਗਮ ਕਮਿਸ਼ਨਰ ਨੇ ਸਟ੍ਰਾਈਕ ’ਤੇ ਗਏ ਅਧਿਕਾਰੀਆਂ ਅਤੇ ਯੂਨੀਅਨ ਨੇਤਾਵਾਂ ਨੂੰ ਆਪਣੇ ਦਫ਼ਤਰ ਵਿਚ ਬੁਲਾਇਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਪੈਦਾ ਹੋਈ ਗਲਤਫਹਿਮੀ ਦੂਰ ਹੋਈ ਅਤੇ ਪੈਚਅੱਪ ਹੋ ਗਿਆ। ਕਮਿਸ਼ਨਰ ਨਾਲ ਬੈਠਕ ਤੋਂ ਬਾਅਦ ਨਿਗਮ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੇ ਕੰਮ ’ਤੇ ਵਾਪਸ ਪਰਤਣ ਦਾ ਫ਼ੈਸਲਾ ਕੀਤਾ।
ਕਮਿਸ਼ਨਰ ਨੇ ਖੁਦ ਤਾਂ ਛੱਤਰੀ ਲਈ, ਬਾਕੀ ਅਫਸਰ ਬਾਰਿਸ਼ ’ਚ ਭਿੱਜਦੇ ਰਹੇ
ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਅਤੇ ਨਿਗਮ ਦੇ ਸਾਰੇ ਕਰਮਚਾਰੀਆਂ ਵਿਚਕਾਰ ਬਣੇ ਟਕਰਾਅ ਦੇ ਮਾਹੌਲ ਦੀ ਵਜ੍ਹਾ ਦਰਅਸਲ ਕਾਫੀ ਅਜੀਬ ਜਿਹੀ ਰਹੀ। ਹੋਇਆ ਇਸ ਤਰ੍ਹਾਂ ਕਿ ਮੰਗਲਵਾਰ ਦੀ ਸ਼ਾਮ ਨਿਗਮ ਕਮਿਸ਼ਨਰ ਨੇ ਮਿੱਠਾਪੁਰ ਸਟੇਡੀਅਮ ਦਾ ਰਾਊਂਡ ਲਗਾਇਆ, ਜਿਥੇ ਸਮਾਰਟ ਸਿਟੀ ਦੇ ਲਗਭਗ 6 ਕਰੋੜ ਰੁਪਏ ਦੇ ਪ੍ਰਾਜੈਕਟ ਨਾਲ ਐਸਟ੍ਰੋਟਰਫ ਵਿਛਾਉਣ ਅਤੇ ਸਿਵਲ ਵਰਕ ਦਾ ਕੰਮ ਚੱਲ ਰਿਹਾ ਹੈ। ਇਸ ਦੌਰੇ ਦੌਰਾਨ ਕਮਿਸ਼ਨਰ ਨਾਲ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ, ਸਮਾਰਟ ਸਿਟੀ ਦੇ ਟੀਮ ਲੀਡਰ ਸਵਰਨ ਸਿੰਘ, ਨਗਰ ਨਿਗਮ ਦੇ ਐੱਸ. ਡੀ. ਓ. ਸੌਰਵ ਸੰਧੂ ਅਤੇ ਜੇ. ਈ. ਪਾਰੁਲ ਅਤੇ ਪਾਰਿਤੋਸ਼ ਵੀ ਸਨ। ਦੌਰੇ ਦੌਰਾਨ ਹੀ ਇਕਦਮ ਉਥੇ ਬਰਸਾਤ ਹੋਣ ਲੱਗੀ। ਅਜਿਹੇ ਵਿਚ ਨਿਗਮ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਨੇ ਆਪਣੀ ਲਈ ਤਾਂ ਛੱਤਰੀਆਂ ਦਾ ਪ੍ਰਬੰਧ ਕਰ ਲਿਆ ਪਰ ਸਟੇਡੀਅਮ ਦੀ ਚੈਕਿੰਗ ਦਾ ਕੰਮ ਜਾਰੀ ਰੱਖਿਆ, ਜਿਸ ਕਾਰਨ ਸਮਾਰਟ ਸਿਟੀ ਦੇ ਟੀਮ ਲੀਡਰ, ਨਿਗਮ ਦੇ ਐੱਸ. ਡੀ. ਓ. ਅਤੇ ਦੋਵੇਂ ਜੇ. ਈ. ਬਰਸਾਤ ਵਿਚ ਭਿੱਜਦੇ ਹੀ ਰਹੇ।
ਇਹ ਵੀ ਪੜ੍ਹੋ- ਉਜੜਿਆ ਘਰ: ਭੁਲੱਥ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ, ਮਚਿਆ ਚੀਕ-ਚਿਹਾੜਾ
ਕਹਿੰਦੇ ਹਨ ਕਿ ਇਸ ਦੌਰਾਨ ਨਿਗਮ ਕਮਿਸ਼ਨਰ ਨੇ ਐੱਸ. ਡੀ. ਓ. ਸੌਰਵ ਸੰਧੂ ਨਾਲ ਤਲਖੀ ਨਾਲ ਗੱਲ ਵੀ ਕੀਤੀ। ਦੌਰਾ ਖਤਮ ਹੋਣ ਤੋਂ ਬਾਅਦ ਅੱਜ ਬੁੱਧਵਾਰ ਨਿਗਮ ਦੇ ਤਿੰਨਾਂ ਅਧਿਕਾਰੀਆਂ ਨੇ ਆਪਣੇ ਐੱਸ. ਈ. ਰਜਨੀਸ਼ ਡੋਗਰਾ ਅਤੇ ਰਾਹੁਲ ਧਵਨ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਦੇ ਧਿਆਨ ਵਿਚ ਲਿਆਂਦਾ ਗਿਆ। ਕੁਝ ਹੀ ਸਮੇਂ ਬਾਅਦ ਨਗਰ ਨਿਗਮ ਦੀ ਮਨਿਸਟ੍ਰੀਅਲ ਸਟਾਫ ਯੂਨੀਅਨ, ਸੈਨੇਟਰੀ ਸੁਪਰਵਾਈਜ਼ਰ ਯੂਨੀਅਨ ਅਤੇ ਹੋਰ ਸਾਰੇ ਸੰਗਠਨ ਇਕਜੁੱਟ ਹੋ ਗਏ ਅਤੇ ਨਿਗਮ ਕਮਿਸ਼ਨਰ ਦੇ ਵਿਵਹਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ। ਸਵੇਰੇ ਹੀ ਨਗਰ ਨਿਗਮ ਵਿਚ ਪੈੱਨ ਡਾਊਨ ਸਟ੍ਰਾਈਕ ਐਲਾਨ ਕਰ ਦਿੱਤੀ ਗਈ, ਜਿਸ ਕਾਰਨ ਨਿਗਮ ਵਿਚ ਕੋਈ ਕੰਮ ਨਹੀਂ ਹੋਇਆ। ਹੜਤਾਲੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਪਹਿਲਾਂ ਐਡੀਸ਼ਨਲ ਕਮਿਸ਼ਨਰ ਅਤੇ ਉਸ ਤੋਂ ਬਾਅਦ ਜੁਆਇੰਟ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਕਮਿਸ਼ਨਰ ਦੇ ਰਵੱਈਏ ਵਿਰੁੱਧ ਰੋਸ ਜਤਾਇਆ ਅਤੇ ਕਮਿਸ਼ਨਰ ਵੱਲੋਂ ਕੀਤੇ ਗਏ ਅਣਮਨੁੱਖੀ ਰਵੱਈਏ ਦੀ ਨਿੰਦਾ ਕੀਤੀ। ਸਾਰੀ ਇੰਜੀਨੀਅਰਿੰਗ ਬ੍ਰਾਂਚ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਜੇਕਰ ਕਮਿਸ਼ਨਰ ਭਵਿੱਖ ਵਿਚ ਅਜਿਹਾ ਨਾ ਕਰਨ ਦਾ ਭਰੋਸਾ ਦੇਣਗੇ ਤਾਂ ਹੀ ਉਹ ਕੰਮ ’ਤੇ ਵਾਪਸ ਆਉਣਗੇ ਅਤੇ ਪੂਰੀ ਈਮਾਨਦਾਰੀ ਨਾਲ ਕੰਮ ਕਰਨਗੇ ਪਰ ਕਿਸੇ ਵੀ ਤਰ੍ਹਾਂ ਦੇ ਅਣਮਨੁੱਖੀ ਰਵੱਈਏ ਅਤੇ ਮਾਨਸਿਕ ਦਬਾਅ ਤਹਿਤ ਕੰਮ ਨਹੀਂ ਕਰਨਗੇ।
ਇਹ ਵੀ ਪੜ੍ਹੋ- ਮਾਲੇਰਕੋਟਲਾ ਵਿਖੇ ਟਿੱਪਰ ਤੇ ਮੋਟਰਸਾਈਕਲ 'ਚ ਜ਼ਬਰਦਸਤ ਟੱਕਰ, 2 ਵਿਅਕਤੀਆਂ ਦੀ ਦਰਦਨਾਕ ਮੌਤ
ਸਮਾਰਟ ਸਿਟੀ ਵੱਲੋਂ ਮਿੱਠਾਪੁਰ ਸਟੇਡੀਅਮ ’ਚ ਕਰਵਾਇਆ ਜਾ ਰਿਹਾ ਸੀ ਬੇਹੱਦ ਘਟੀਆ ਕੰਮ
ਕਮਿਸ਼ਨਰ ਨੇ ਚੈਕਿੰਗ ਦੌਰਾਨ ਕੱਢੀਆਂ ਕਈ ਖਾਮੀਆਂ
ਮੰਗਲਵਾਰ ਸ਼ਾਮ ਨਗਰ ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ, ਜੋ ਜਲੰਧਰ ਸਮਾਰਟ ਸਿਟੀ ਦੇ ਸੀ. ਈ. ਓ. ਵੀ ਹਨ, ਨੇ ਸਮਾਰਟ ਸਿਟੀ ਤਹਿਤ ਮਿੱਠਾਪੁਰ ਸਟੇਡੀਅਮ ਵਿਚ ਕਰਵਾਏ ਜਾ ਰਹੇ ਕੰਮ ਦਾ ਮੌਕਾ ਦੇਖਿਆ। ਇਸ ਦੌਰੇ ਦੌਰਾਨ ਕਮਿਸ਼ਨਰ ਨੇ ਕੰਮ ਵਿਚ ਕਈ ਖਾਮੀਆਂ ਕੱਢੀਆਂ। ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਥੇ ਜੋ ਇੰਟਰਲਾਕਿੰਗ ਟਾਈਲਾਂ ਲਗਾਈਆਂ ਗਈਆਂ ਹਨ, ਉਨ੍ਹਾਂ ਵਿਚੋਂ ਲਗਭਗ 160 ਟਾਈਲਾਂ ਜਾਂ ਤਾਂ ਟੁੱਟੀਆਂ ਹੋਈਆਂ ਹਨ ਜਾਂ ਉੱਪਰ-ਹੇਠਾਂ ਕਰ ਕੇ ਲਗਾਈਆਂ ਗਈਆਂ ਹਨ, ਜਿਨ੍ਹਾਂ ਦਾ ਲੈਵਲ ਸਹੀ ਨਹੀਂ ਹੈ। ਕੰਕਰੀਟ ਦਾ ਕੰਮ ਵੀ ਬੇਹੱਦ ਘਟੀਆ ਤਰੀਕੇ ਨਾਲ ਹੋਇਆ ਹੈ ਅਤੇ ਉਸ ਵਿਚ ਵੀ ਕਾਫੀ ਦਰਾਰਾਂ ਆ ਗਈਆਂ ਹਨ। ਕਮਿਸ਼ਨਰ ਨੇ ਦੱਸਿਆ ਕਿ ਉਥੇ ਜੋ ਐਸਟ੍ਰੋਟਰਫ ਵਿਛਾਈ ਗਈ ਹੈ, ਉਸਦਾ ਲੈਵਲ ਤਕ ਸਹੀ ਨਹੀਂ ਅਤੇ ਆਸ-ਪਾਸ ਜੋ ਜਾਲੀ ਲਗਾਈ ਗਈ ਹੈ, ਉਸ ਵਿਚ ਵੀ ਕਈ ਕਮੀਆਂ ਹਨ, ਜੋ ਸਾਫ ਨਜ਼ਰ ਆ ਰਹੀਆਂ ਹਨ। ਪੂਰਾ ਕੰਮ ਹੀ ਬੇਹੱਦ ਘਟੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਮੌਕੇ ’ਤੇ ਹੀ ਨਿਗਮ ਕਮਿਸ਼ਨਰ ਨੇ ਨਿਰਦੇਸ਼ ਜਾਰੀ ਕੀਤੇ ਕਿ ਲੇਜ਼ਰ ਨਾਲ ਐਸਟ੍ਰੋਟਰਾਫ ਦੀ ਲੈਵਲਿੰਗ ਨੂੰ ਚੈੱਕ ਕਰਵਾਇਆ ਜਾਵੇ ਅਤੇ ਕੰਮ ਵਿਚ ਕਮੀਆਂ ਨੂੰ ਦੂਰ ਕੀਤਾ ਜਾਵੇ। ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਕਮਿਸ਼ਨਰ ਦੀ ਚੈਕਿੰਗ ਤੋਂ ਬਾਅਦ ਸਮਾਰਟ ਸਿਟੀ ਦੇ ਟੀਮ ਲੀਡਰ ਨੇ ਦਿੱਤਾ ਅਸਤੀਫ਼ਾ, ਨੋਟਿਸ ’ਚ ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ
ਨਗਰ ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਨੇ ਬਤੌਰ ਸਮਾਰਟ ਸਿਟੀ ਸੀ. ਈ. ਓ. ਮੰਗਲਵਾਰ ਸ਼ਾਮ ਮਿੱਠਾਪੁਰ ਸਟੇਡੀਅਮ ਦੇ ਕੰਮ ਨੂੰ ਚੈੱਕ ਕੀਤਾ। ਇਸ ਦੌਰਾਨ ਦਰਜਨਾਂ ਕਮੀਆਂ ਕੱਢੀਆਂ ਗਈਆਂ। ਬੁੱਧਵਾਰ ਸਵੇਰੇ ਸਮਾਰਟ ਸਿਟੀ ਦੇ ਟੀਮ ਲੀਡਰ ਸਵਰਨ ਸਿੰਘ ਨੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ। ਜ਼ਿਕਰਯੋਗ ਹੈ ਕਿ ਟੀਮ ਲੀਡਰ ਸਵਰਨ ਸਿੰਘ ਨੇ ਇਸੇ ਸਾਲ ਜਨਵਰੀ ਵਿਚ ਸਮਾਰਟ ਸਿਟੀ ਨੂੰ ਜੁਆਇਨ ਕੀਤਾ ਸੀ। ਇਸ ਤੋਂ ਪਹਿਲਾਂ ਉਹ ਸੀ. ਪੀ. ਡਬਲਿਊ. ਡੀ. ਵਿਭਾਗ ਵਿਚ ਐੱਸ. ਈ. ਅਹੁਦੇ ਤੋਂ ਰਿਟਾਇਰ ਹੋਏ ਸਨ।
ਟੀਮ ਲੀਡਰ ਸਵਰਨ ਸਿੰਘ ਨੇ ਭਾਵੇਂ ਅਸਤੀਫੇ ਲਈ ਦਿੱਤੇ ਗਏ ਨੋਟਿਸ ਵਿਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਪਰ ਪਤਾ ਲੱਗਾ ਹੈ ਕਿ ਮੰਗਲਵਾਰ ਸ਼ਾਮ ਜਦੋਂ ਸੀ. ਈ. ਓ. ਵੱਲੋਂ ਸਟੇਡੀਅਮ ਦੇ ਕੰਮ ਨੂੰ ਚੈੱਕ ਕੀਤਾ ਜਾ ਰਿਹਾ ਸੀ, ਉਦੋਂ ਬਰਸਾਤ ਆਉਣ ਕਾਰਨ ਟੀਮ ਲੀਡਰ ਵੀ ਪੂਰੀ ਤਰ੍ਹਾਂ ਭਿੱਜ ਗਏ ਸਨ। ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਕੋਲ ਤਾਂ ਛੱਤਰੀਆਂ ਸਨ ਪਰ ਬਾਕੀ ਅਧਿਕਾਰੀਆਂ ਨੇ ਬਰਸਾਤ ਵਿਚ ਭਿੱਜਣ ਨੂੰ ਆਪਣਾ ਅਪਮਾਨ ਸਮਝਿਆ ਅਤੇ ਕਮਿਸ਼ਨਰ ਵੱਲੋਂ ਕੀਤੇ ਅਣਮਨੁੱਖੀ ਵਤੀਰੇ ਦੇ ਰੋਸ ਵਜੋਂ ਹੀ ਸਮਾਰਟ ਸਿਟੀ ਦੇ ਟੀਮ ਲੀਡਰ ਨੇ ਆਪਣਾ ਅਸਤੀਫਾ ਦੇਣ ਦਾ ਮਨ ਬਣਾਇਆ।
ਲੋਕਲ ਬਾਡੀਜ਼ ਮੰਤਰੀ ਦੇ ਧਿਆਨ ਵਿਚ ਆਇਆ ਸਾਰਾ ਮਾਮਲਾ
ਨਗਰ ਨਿਗਮ ਦੇ ਨਵੇਂ ਕਮਿਸ਼ਨਰ ਅਤੇ ਨਿਗਮ ਦੇ ਬਾਕੀ ਸਟਾਫ਼ ਦਰਮਿਆਨ ਜਿਸ ਤਰ੍ਹਾਂ ਦੇ ਟਕਰਾਅ ਦਾ ਮਾਹੌਲ ਪੈਦਾ ਹੋਇਆ, ਇਸ ਸਬੰਧੀ ਸਾਰਾ ਮਾਮਲਾ ਜਦੋਂ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਨਿਗਮ ਕਮਿਸ਼ਨਰ ਨੂੰ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪਤਾ ਲੱਗਾ ਹੈ ਕਿ ਨਿਗਮ ਦੇ ਬਾਕੀ ਅਧਿਕਾਰੀਆਂ ਨੇ ਵੀ ਲੋਕਲ ਬਾਡੀਜ਼ ਮੰਤਰੀ ਨੂੰ ਕਮਿਸ਼ਨਰ ਦੇ ਰਵੱਈਏ ਸਬੰਧੀ ਦੱਸਿਆ। ਕਹਿੰਦੇ ਹਨ ਕਿ ਲੋਕਲ ਬਾਡੀਜ਼ ਮੰਤਰੀ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਸ਼ਾਮ ਨੂੰ ਕਮਿਸ਼ਨਰ ਅਤੇ ਹੜਤਾਲੀ ਨਿਗਮ ਕਰਮਚਾਰੀਆਂ ਵਿਚਕਾਰ ਬੈਠਕ ਹੋਈ। ਇਸ ਬੈਠਕ ਦੌਰਾਨ ਨਿਗਮ ਯੂਨੀਅਨ ਦੇ ਕੁਝ ਨੇਤਾਵਾਂ ਨੇ ਜਿਥੇ ਤਿੱਖੇ ਤੇਵਰਾਂ ਦਾ ਪ੍ਰਦਰਸ਼ਨ ਕੀਤਾ, ਉਥੇ ਹੀ ਕਮਿਸ਼ਨਰ ਦਾ ਮਜ਼ਾਕ ਵਿਚ ਕਹਿਣਾ ਸੀ ਕਿ ਹੁਣ ਜੇਕਰ ਅੱਗੇ ਤੋਂ ਬਾਰਿਸ਼ ਹੋਇਆ ਕਰੇਗੀ ਤਾਂ ਚੈਕਿੰਗ ਰੋਕ ਦਿੱਤੀ ਜਾਇਆ ਕਰੇਗੀ।
ਇਹ ਵੀ ਪੜ੍ਹੋ- ਸਰਕਾਰੀ ਬੱਸਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਪੰਜਾਬ ਸਰਕਾਰ, ਹਰ ਬੱਸ ’ਤੇ ਲੱਗੇਗਾ ਇਹ ਯੰਤਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ