MP ਤੋਂ ਹਥਿਆਰ ਲਿਆ ਕੇ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਮੈਂਬਰ ਪੁਲਸ ਨੇ 10 ਪਿਸਤੌਲਾਂ ਸਣੇ ਕੀਤਾ ਕਾਬੂ

Wednesday, Feb 07, 2024 - 07:38 PM (IST)

MP ਤੋਂ ਹਥਿਆਰ ਲਿਆ ਕੇ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਮੈਂਬਰ ਪੁਲਸ ਨੇ 10 ਪਿਸਤੌਲਾਂ ਸਣੇ ਕੀਤਾ ਕਾਬੂ

ਨਵਾਂਸ਼ਹਿਰ (ਤ੍ਰਿਪਾਠੀ)- ਜ਼ਿਲ੍ਹਾ ਪੁਲਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਮੈਂਬਰ ਨੂੰ ਮੱਧ ਪ੍ਰਦੇਸ਼ ਤੋਂ ਲਿਆਂਦੇ 10 ਪਿਸਤੌਲਾਂ ਸਣੇ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਵਿੱਚ ਐੱਸ.ਐੱਸ.ਪੀ. ਡਾ.ਅਖਿਲ ਚੌਧਰੀ ਨੇ ਦੱਸਿਆ ਕਿ ਪੁਲਸ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਇੱਕ ਅੰਤਰਰਾਜੀ ਗਿਰੋਹ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦਾ ਹੈ। ਇਸ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਦੋਸ਼ੀ ਬਲਕਰਨ ਸਿੰਘ ਉਰਫ਼ ਰਾਏ ਪੁੱਤਰ ਨਰਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਨੂੰ ਪਿੰਡ ਮਹਿੰਦੀਪੁਰ ਨੇੜਿਉਂ ਕਾਬੂ ਕਰਕੇ ਉਸ ਕੋਲੋਂ 10 ਪਿਸਤੌਲ ਬਰਾਮਦ ਕੀਤੇ ਹਨ। 

ਡਾ. ਚੌਧਰੀ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਬਲਕਰਨ ਸਿੰਘ ਦੀ ਮੁਲਾਕਾਤ ਅਰੁਣ ਕੁਮਾਰ ਉਰਫ਼ ਮਨੀ ਪੁੱਤਰ ਯਸ਼ਪਾਲ ਵਾਸੀ ਪਿੰਡ ਬਾਥੂ, ਥਾਣਾ ਹਰੌਲੀ, ਜ਼ਿਲ੍ਹਾ ਊਨਾ ਨਾਲ ਹੋਈ ਸੀ, ਜਿੱਥੇ ਉਹ ਇੱਕ ਐੱਨ.ਡੀ.ਪੀ.ਐੱਸ. ਕੇਸ ਵਿੱਚ ਬੰਦ ਸੀ। ਉਨ੍ਹਾਂ ਦੱਸਿਆ ਕਿ ਅਰੁਣ ਕੁਮਾਰ ਖਿਲਾਫ਼ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਜ਼ਿਲ੍ਹਾ ਹੁਸ਼ਿਆਰਪੁਰ, ਕਪੂਰਥਲਾ, ਐੱਸ.ਏ.ਐੱਸ. ਨਗਰ, ਜਲੰਧਰ, ਰੂਪਨਗਰ ਅਤੇ ਊਨਾ-ਛੱਪਰ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਐੱਨ.ਡੀ.ਪੀ.ਐੱਸ. ਸਮੇਤ 10 ਦੇ ਕਰੀਬ ਕੇਸ ਦਰਜ ਹਨ। 

ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠਾਂ ਆਉਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ

ਜੇਲ੍ਹ ’ਚ ਉਕਤ ਅਰੁਣ ਕੁਮਾਰ ਨੇ ਬਲਕਰਨ ਸਿੰਘ ਉਰਫ਼ ਰਾਏ ਨੂੰ ਪੈਸੇ ਦੇ ਕੇ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਖੇਪ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਨ ਲਈ ਕਿਹਾ ਸੀ ਅਤੇ ਇਸ ਲਈ ਉਸ ਨੇ ਪੇਟੀਐੱਮ ਰਾਹੀਂ ਰਕਮ ਆਪਣੇ ਖਾਤੇ ’ਚ ਭੇਜ ਕੇ ਹਥਿਆਰਾਂ ਦੀ ਸਪਲਾਈ ਕੀਤੀ ਸੀ ਤੇ ਬਾਕੀ ਰਕਮ ਬਾਅਦ ਵਿੱਚ ਦੇਣ ਦਾ ਵਾਅਦਾ ਕੀਤਾ ਸੀ। ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਅਪਰਾਧਿਕ ਗਤੀਵਿਧੀਆਂ ਲਈ ਕੀਤੀ ਜਾਣੀ ਸੀ। 

ਉਨ੍ਹਾਂ ਦੱਸਿਆ ਕਿ ਕੇਂਦਰੀ ਜੇਲ੍ਹ ਵਿੱਚ ਬੰਦ ਅਰੁਣ ਕੁਮਾਰ ਪਹਿਲਾਂ ਵੀ ਇਨ੍ਹਾਂ ਇਲਾਕਿਆਂ ਵਿੱਚ ਪੈਰ ਪਸਾਰ ਚੁੱਕਾ ਹੈ। ਇਸ ਤੋਂ ਪਹਿਲਾਂ ਕਿ ਉਹ ਉਕਤ ਹਥਿਆਰਾਂ ਨਾਲ ਕੋਈ ਅਪਰਾਧਿਕ ਵਾਰਦਾਤ ਨੂੰ ਅੰਜਾਮ ਦਿੰਦਾ, ਪੁਲਸ ਨੇ ਕਥਿਤ ਦੋਸ਼ੀ ਬਲਕਰਨ ਸਿੰਘ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕਰ ਲਿਆ।

ਇਹ ਵੀ ਪੜ੍ਹੋ- ਕਾਰਾਂ ਦੀ ਰੇਸ ਲਗਾ ਰਹੇ ਅਮੀਰਜ਼ਾਦਿਆਂ ਦੀ ਖੇਡ ਨੇ ਲਈ ਬੇਕਸੂਰ ਦੀ ਜਾਨ, 4 ਹੋਰ ਨੂੰ ਪਹੁੰਚਾਇਆ ਹਸਪਤਾਲ

ਜੇਲ ’ਚ ਬੰਦ ਅਰੁਣ ਕੁਮਾਰ ਉਰਫ਼ ਮਨੀ ਨੂੰ ਲਿਆਂਦਾ ਜਾਵੇਗਾ ਪ੍ਰੋਟੈਕਸ਼ਨ ਵਾਰੰਟ ’ਤੇ
ਐੱਸ.ਐੱਸ.ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਗਿਰੋਹ ਦੇ ਮੁੱਖ ਸਰਗਨਾ ਅਰੁਣ ਕੁਮਾਰ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਨਵਾਂਸ਼ਹਿਰ ਲਿਆਂਦਾ ਜਾਵੇਗਾ ਤਾਂ ਜੋ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਉਕਤ ਪਿਸਤੌਲ ਕਿਸ ਨੂੰ ਸਪਲਾਈ ਕਰਨੇ ਸਨ ਅਤੇ ਉਸ ਦੇ ਗਿਰੋਹ ’ਚ ਹੋਰ ਕੌਣ-ਕੌਣ ਹੈ, ਕਿਹੜੇ ਲੋਕ ਸ਼ਾਮਲ ਹਨ? ਡਾ.ਚੌਧਰੀ ਨੇ ਦੱਸਿਆ ਕਿ ਗ੍ਰਿਫਤਾਰ ਬਲਕਰਨ ਸਿੰਘ  12ਵੀਂ ਤੱਕ ਪੜ੍ਹਿਆ ਹੈ ਤੇ ਉਸ ਖਿਲਾਫ ਪਹਿਲਾਂ ਵੀ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿਚ 3 ਐੱਨ.ਡੀ.ਪੀ.ਐੱਸ. ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਲੈ ਲਿਆ ਗਿਆ ਹੈ। ਇਸ ਮੌਕੇ ਐੱਸ.ਪੀ. ਡਾਕਟਰ ਮੁਕੇਸ਼ ਸ਼ਰਮਾ, ਡੀ.ਐੱਸ.ਪੀ. ਸੁਰਿੰਦਰ ਚੰਦ ਅਤੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਆਦਿ ਹਾਜ਼ਰ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News