ਹਿਮਾਚਲ ਤੋਂ ਸਮੱਗਲਿੰਗ ਕਰ ਕੇ ਪੰਜਾਬ ’ਚ ਸ਼ਰਾਬ ਵੇਚਣ ਵਾਲਾ ਨਕਲੀ ਪੱਤਰਕਾਰ ਨਾਜਾਇਜ਼ ਸ਼ਰਾਬ ਸਣੇ ਕਾਬੂ

Thursday, Dec 19, 2024 - 05:09 AM (IST)

ਫਿਲੌਰ (ਭਾਖੜੀ) - ਖੁਦ ਨੂੰ ਚੈਨਲ ਦਾ ਪੱਤਰਕਾਰ ਦੱਸ ਕੇ ਹਿਮਾਚਲ ਤੋਂ ਸਮੱਗਲਿੰਗ ਕਰ ਕੇ ਪੰਜਾਬ ’ਚ ਮਹਿੰਗੀ ਸ਼ਰਾਬ ਵੇਚਣ ਦਾ ਲੰਬੇ ਸਮੇਂ ਤੋਂ ਧੰਦਾ ਕਰ ਰਿਹਾ ਸੀ। ਪੁਲਸ ਨੇ ਜਦੋਂ ਨਕਲੀ ਪੱਤਰਕਾਰ ਨੂੰ 2 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਫੜਿਆ ਤਾਂ ਪਹਿਲਾਂ ਤਾਂ ਉਸ ਨੇ ਪੁਲਸ ’ਤੇ ਪੱਤਰਕਾਰੀ ਦੀ ਖੂਬ ਧੌਂਸ ਜਮਾਈ। ਬਾਅਦ ’ਚ ਸਭ ਧਰਿਆ ਦਾ ਧਰਿਆ ਰਹਿ ਗਿਆ। ਜਦੋਂ ਪੁਲਸ ਨੇ ਉਸ ਦੇ ਸਕੂਟਰ ਦੇ ਅੱਗੇ ਪਏ ਬੈਗ ’ਚੋਂ 2 ਪੇਟੀਆ ਨਾਜਾਇਜ਼ ਸ਼ਰਾਬ ਸਮੇਤ ਉਸ ਨੂੰ ਗ੍ਰਿਫਤਾਰ ਕਰ ਲਿਆ।

ਦੇਰ ਸ਼ਾਮ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਫਿਲੌਰ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸ. ਸੰਜੀਵ ਕਪੂਰ ਦੀ ਪੁਲਸ ਪਾਰਟੀ ਅੱਪਰਾ-ਫਿਲੌਰ ਮੁੱਖ ਮਾਰਗ ’ਤੇ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ-ਪੜਤਾਲ ਕਰ ਰਹੀ ਸੀ। ਉਸੇ ਸਮੇਂ ਪੁਲਸ ਪਾਰਟੀ ਨੇ ਐਕਟਿਵਾ ਸਵਾਰ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਜਾਂਚ ਕਰਨੀ ਚਾਹੀ ਤਾਂ ਉਕਤ ਵਿਅਕਤੀ ਨੇ ਪੁਲਸ ਪਾਰਟੀ ’ਤੇ ਧੌਂਸ ਜਮਾਉਂਦੇ ਹੋਏ ਆਪਣਾ ਪੱਤਰਕਾਰੀ ਦਾ ਨਕਲੀ ਆਈ. ਡੀ. ਕਾਰਡ ਦਿਖਾਉਂਦੇ ਹੋਏ ਕਿਹਾ ਕਿ ਉਹ ਪੱਤਰਕਾਰ ਮਨੀਸ਼ ਭਾਰਗਵ ਹੈ।

ਉਹ ਸੜਕ ’ਤੇ ਨਾਕਾਬੰਦੀ ਕਰ ਕੇ ਬਿਨਾਂ ਕਾਰਨ ਲੋਕਾਂ ਨੂੰ ਰੋਕ ਕੇ ਪ੍ਰੇਸ਼ਾਨ ਕਰ ਰਹੇ ਹਨ। ਉਹ ਉਨ੍ਹਾਂ ਨੂੰ ਦੇਖ ਲੈਣ ਦੀਆਂ ਧਮਕੀਆਂ ਦਿੰਦੇ ਹੋਏ ਕਹਿਣ ਲੱਗਾ ਕਿ ਉਹ ਉਨ੍ਹਾਂ ਦੀ ਖ਼ਬਰ ਚਲਾਏਗਾ। ਨਾਕਾ ਇੰਚਾਰਜ ਨੇ ਜਦੋਂ ਉਸ ਨੂੰ ਕਿਹਾ ਕਿ ਉਹ ਇਹ ਸਭ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਰ ਰਹੇ ਹਨ। ਉਹ ਉਨ੍ਹਾਂ ਨੂੰ ਆਪਣੇ ਸਕੂਟਰ ਦੇ ਕਾਗਜ਼ ਦਿਖਾ ਦੇਵੇ ਅਤੇ ਬੈਗ ’ਚ ਪਏ ਸਾਮਾਨ ਦੀ ਜਾਂਚ ਕਰਵਾ ਦੇਵੇ।

ਪੁਲਸ ਨੇ ਜਿਉਂ ਹੀ ਬੈਗ ਖੋਲ੍ਹਿਆ ਤਾਂ ਉਸ ’ਚੋਂ ਹਿਮਾਚਲ ਤੋਂ ਸਮੱਗਲਿੰਗ ਕਰ ਕੇ ਲਿਆਂਦੀਆਂ 2 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋ ਗਈ। ਸ਼ਰਾਬ ਬਰਾਮਦ ਹੁੰਦੇ ਹੀ ਨਕਲੀ ਪੱਤਰਕਾਰ ਦੀ ਆਕੜ ਨਿਕਲ ਗਈ ਅਤੇ ਉਹ ਹੱਥ ਜੋੜ ਕੇ ਪੁਲਸ ਦੀਆਂ ਮਿੰਨਤਾਂ ਕਰਨ ਲੱਗ ਪਿਆ। ਜਦੋਂ ਮਿੰਨਤਾਂ ਕੰਮ ਨਾ ਆਈਆਂ ਤਾਂ ਨਕਲੀ ਪੱਤਰਕਾਰ ਮਨੀਸ਼ ਭਾਰਗਵ ਨੇ ਪੁਲਸ ਅੱਗੇ ਰਿਸ਼ਵਤ ਦੀ ਪੇਸ਼ਕਸ਼ ਕੀਤੀ।

ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਮੁਲਜ਼ਮ ਮੁਨੀਸ਼ ਭਾਰਗਵ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦਾ ਕੇਸ ਦਰਜ ਕਰ ਦਿੱਤਾ ਗਿਆ, ਜਿਸ ਨੂੰ ਸਵੇਰੇ ਅਦਾਲਤ ’ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਅਜੇ ਤੱਕ ਮੁਲਜ਼ਮ ਨੇ ਇਹੀ ਦੱਸਿਆ ਹੈ ਕਿ ਉਹ ਲੰਬੇ ਸਮੇਂ ਤੋਂ ਹਿਮਾਚਲ ਤੋਂ ਸਸਤੀ ਸ਼ਰਾਬ ਖਰੀਦ ਕੇ ਪੰਜਾਬ ਲਿਆ ਕੇ ਇਥੇ ਮਹਿੰਗੇ ਮੁੱਲ ਵੇਚ ਦਿੰਦਾ ਸੀ।

ਨਕਲੀ ਪੱਤਰਕਾਰ ਦੀ ਗ੍ਰਿਫਤਾਰੀ ਦਾ ਪਤਾ ਲਗਦੇ ਹੀ ਉਸ ਦੀ ਬਲੈਕਮੇਲਿੰਗ ਦੇ ਸ਼ਿਕਾਰ ਲੋਕ ਪੁੱਜਣੇ ਸ਼ੁਰੂ ਹੋਏ ਥਾਣੇ
ਜਿਵੇਂ ਹੀ ਸਥਾਨਕ ਪੁਲਸ ਨੇ ਨਕਲੀ ਪੱਤਰਕਾਰ ਮੁਨੀਸ਼ ਭਾਰਗਵ ਨੂੰ ਸ਼ਰਾਬ ਸਮੱਗਲਿੰਗ ਕਰਦੇ ਰੰਗੇ ਹੱਥੀਂ ਗ੍ਰਿਤਫਾਰ ਕੀਤਾ ਤਾਂ ਇਸ ਦਾ ਪਤਾ ਲਗਦੇ ਹੀ ਉਸ ਦੀ ਬਲੈਕਮੇਲਿੰਗ ਦਾ ਸ਼ਿਕਾਰ ਲੋਕ ਪੁਲਸ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ।

ਸਥਾਨਕ ਤਹਿਸੀਲ ਕੰਪਲੈਕਸ ’ਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੇ ਦੱਸਿਆ ਕਿ ਮੁਨੀਸ਼ ਬਹੁਤ ਵੱਡਾ ਸ਼ਾਤਰ ਬਲੈਕਮੇਲਰ ਸੀ, ਜਿਸ ਨੇ ਖੁਦ ਨੂੰ ਪੱਤਰਕਾਰ ਸਾਬਤ ਕਰਨ ਲਈ ਆਈ. ਡੀ. ਕਾਰਡ ਬਣਵਾ ਰੱਖੇ ਸਨ। ਉਹ ਆਏ ਦਿਨ ਆਪਣੀ ਟੀਮ ਨਾਲ ਤਹਿਸੀਲ ਕੰਪਲੈਕਸ ’ਚ ਆਉਂਦਾ, ਜਿਨ੍ਹਾਂ ਨੇ ਆਪਣੇ ਕੱਪੜਿਆਂ ’ਚ ਗੁਪਤ ਕੈਮਰੇ ਲੁਕੋ ਰੱਖੇ ਹੁੰਦੇ ਸਨ।

ਉਹ ਪਹਿਲਾਂ ਉਥੇ ਜਾ ਕੇ ਕੰਮ ਕਰਨ ਵਾਲੇ ਵਸੀਕਾ ਨਵੀਸ, ਅਰਜਨ ਨਵੀਸਾਂ ਨਾਲ ਮਿਲ ਕੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਬਿਨਾਂ ਐੱਨ. ਓ. ਸੀ. ਵਾਲੀ ਜਗ੍ਹਾ ਦੀ ਰਜਿਸਟਰੀ ਕਰਵਾਉਣੀ ਹੈ, ਜਿਨ੍ਹਾਂ ਦੇ ਨਾਲ ਇਕ ਔਰਤ ਜੋ ਖੁਦ ਨੂੰ ਪੱਤਰਕਾਰ ਦੱਸਦੀ ਸੀ, ਵੀ ਸ਼ਾਮਲ ਹੁੰਦੀ ਸੀ। ਖੁਦ ਹੀ ਅੱਗਿਓਂ ਰਜਿਸਟਰੀ ਕਰਵਾਉਣ ਬਦਲੇ ਰਿਸ਼ਵਤ ਦੇਣ ਦੀ ਪੇਸ਼ਕਸ਼ ਕਰਦੇ। ਸਾਰਾ ਕੁਝ ਰਿਕਾਰਡ ਕਰਨ ਤੋਂ ਬਾਅਦ ਉਹ ਮੁੜ ਉਨ੍ਹਾਂ ਕੋਲ ਆਉਂਦੇ ਅਤੇ ਆਪਣਾ ਪੱਤਰਕਾਰੀ ਦਾ ਆਈ. ਡੀ. ਕਾਰਡ ਦਿਖਾ ਕੇ ਉਨ੍ਹਾਂ ਨੂੰ ਡਰਾਉਣ ਲੱਗ ਜਾਂਦੇ ਕਿ ਉਹ ਇਥੋਂ ਹੀ ਲਾਈਵ ਹੋ ਕੇ ਉਨ੍ਹਾਂ ਨੂੰ ਫਸਾ ਦੇਵੇਗਾ, ਜਿਸ ਤੋਂ ਬਾਅਦ ਉਹ ਸੈਟਲਮੈਂਟ ਕਰ ਕੇ ਉਹ ਉਨ੍ਹਾਂ ਤੋਂ ਮੋਟੇ ਰੁਪਏ ਲੈ ਕੇ ਚਲਾ ਜਾਂਦਾ।

ਉਨ੍ਹਾਂ ਦੱਸਿਆ ਕਿ ਉਸ ਦੀ ਬਲੈਕਮੇਲਿੰਗ ਤੇ ਜ਼ਿਆਦਤੀਆਂ ਤੋਂ ਤੰਗ ਆ ਕੇ ਕੁਝ ਵਸੀਕਾ ਨਵੀਸਾਂ ਨੇ ਕੰਮ ’ਤੇ ਆਉਣਾ ਹੀ ਛੱਡ ਦਿੱਤਾ ਸੀ, ਕਿਉਂਕਿ ਮੁਨੀਸ਼ ਭਾਰਗਵ ਅਤੇ ਉਸ ਦੀ ਟੀਮ ਉਨ੍ਹਾਂ ਤੋਂ ਹਫਤਾ ਲੈਣ ਦੀ ਸੈਟਲਮੈਂਟ ’ਤੇ ਜ਼ੋਰ ਦੇ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਨਕਲੀ ਪੱਤਰਕਾਰ ਸਥਾਨਕ ਹੋਟਲ ਅਤੇ ਕਾਲੋਨੀ ਮਾਲਕਾਂ ਨੂੰ ਵੀ ਬਲੈਕਮੇਲ ਕਰ ਰਿਹਾ ਸੀ। ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਨਕਲੀ ਪੱਤਰਕਾਰ ਨੇ ਹੁਣ ਤੱਕ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਬਲੈਕਮੇਲ ਕੀਤਾ ਹੈ, ਸਾਰਿਆਂ ਦੀ ਜਾਂਚ ਕਰਵਾਈ ਜਾਵੇਗੀ।


Inder Prajapati

Content Editor

Related News