ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਨੂੰ ਕੈਨੇਡਾ ''ਚ 700 ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰਨ ਦੀ ਅਪੀਲ
03/23/2023 10:06:01 PM

ਸ਼ਾਹਕੋਟ (ਤ੍ਰੇਹਨ, ਅਰਸ਼ਦੀਪ) : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਨੇਡਾ ਸਰਕਾਰ ਵੱਲੋਂ 700 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਤੋਂ ਰੋਕਣ ਲਈ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਨੂੰ ਲਿਖੇ ਮੰਗ ਪੱਤਰ 'ਚ ਉਨ੍ਹਾਂ ਕਿਹਾ ਕਿ ਇਨ੍ਹਾਂ 700 ਪੰਜਾਬੀ ਵਿਦਿਆਰਥੀਆਂ ਨੇ ਲੱਖਾਂ ਰੁਪਏ ਫੀਸ ਦੇ ਰੂਪ 'ਚ ਕੈਨੇਡਾ ਸਰਕਾਰ ਨੂੰ ਦਿੱਤੇ ਹਨ, ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਨਾਲ ਤਾਂ ਟ੍ਰੈਵਲ ਏਜੰਟਾਂ ਵੱਲੋਂ ਧੋਖਾ ਕੀਤਾ ਗਿਆ ਹੈ। ਇਸ ਲਈ ਕਾਰਵਾਈ ਵੀ ਟ੍ਰੈਵਲ ਏਜੰਟਾਂ ਵਿਰੁੱਧ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਉਨ੍ਹਾਂ 700 ਬੇਕਸੂਰ ਵਿਦਿਆਰਥੀਆਂ ਵਿਰੁੱਧ, ਜਿਹੜੇ ਆਪਣਾ ਭਵਿੱਖ ਬਣਾਉਣ ਲਈ ਉਥੇ ਗਏ ਹਨ।
ਇਹ ਵੀ ਪੜ੍ਹੋ : ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ 'ਤੇ NRI ਪਤੀ ਸਮੇਤ 5 ਖ਼ਿਲਾਫ਼ ਮਾਮਲਾ ਦਰਜ
ਸੰਤ ਸੀਚੇਵਾਲ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਕਰਜ਼ੇ ਚੁੱਕ ਕੇ ਫੀਸਾਂ ਭਰੀਆਂ ਹਨ ਤੇ ਅਜਿਹੇ ਹਾਲਾਤ 'ਚ ਅਜਿਹੀ ਖ਼ਬਰ ਉਨ੍ਹਾਂ ਲਈ ਬਹੁਤ ਹੀ ਦੁੱਖਦਾਇਕ ਹੈ। ਉਨ੍ਹਾਂ ਵਿਦੇਸ਼ੀ ਮੰਤਰੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕਰਦਿਆਂ ਕੈਨੇਡਾ ਸਰਕਾਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਤਾਂ ਜੋ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਸਦ 'ਚ ਵੀ ਚੁੱਕਣਗੇ।
ਇਹ ਵੀ ਪੜ੍ਹੋ : Breaking : ਪੰਜਾਬ ਤੋਂ ਫਰਾਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਦਿੱਲੀ 'ਚ ਹੋਈ ਵੱਡੀ ਕਾਰਵਾਈ
ਵਿਦੇਸ਼ ਮੰਤਰੀ ਨੂੰ ਲਿਖੇ ਇਕ ਹੋਰ ਪੱਤਰ 'ਚ ਸੰਤ ਸੀਚੇਵਾਲ ਨੇ ਮਸਕਟ 'ਚ ਫਸੀ ਇਕ ਔਰਤ ਨੂੰ ਵੀ ਵਾਪਸ ਪੰਜਾਬ ਨਾ ਭੇਜਣ ਦਾ ਮਾਮਲਾ ਉਠਾਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੀੜਤ ਪਰਿਵਾਰ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਪੱਤਰ 'ਚ ਕਿਹਾ ਕਿ ਮਸਕਟ ਵਿਖੇ ਭਾਰਤੀ ਦੂਤਾਵਾਸ ਦੇ ਕਹਿਣ 'ਤੇ ਹੀ ਉਨ੍ਹਾਂ ਵੱਲੋਂ ਸਵਰਨਜੀਤ ਕੌਰ ਨਾਂ ਦੀ ਔਰਤ ਦੀ ਟਿਕਟ ਬਣਾ ਕੇ ਭੇਜੀ ਗਈ ਸੀ ਤਾਂ ਕਿ ਉਹ ਜਲਦ ਤੋਂ ਜਲਦ ਵਾਪਸ ਆਪਣੇ ਪਰਿਵਾਰ ਕੋਲ ਪਹੁੰਚ ਸਕੇ ਪਰ ਭਾਰਤੀ ਦੂਤਘਰ ਦੀ ਲਾਪ੍ਰਵਾਹੀ ਕਾਰਨ ਪੀੜਤ ਔਰਤ ਪੰਜਾਬ ਨਾ ਆ ਸਕੀ ਤੇ ਟਿਕਟ ਵੀ ਅਜਾਈਂ ਹੀ ਗਈ। ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਉਹ ਪੀੜਤ ਔਰਤ ਨੂੰ ਵਾਪਸ ਨਾ ਭੇਜਣ ਦੇ ਮਾਮਲੇ ਦੀ ਪੜਤਾਲ ਕਰਨ ਅਤੇ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਪੀੜਤ ਔਰਤ ਨੂੰ ਜਲਦ ਤੋਂ ਜਲਦ ਵਾਪਸ ਭਾਰਤ ਲਿਆਇਆ ਜਾਵੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।