ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਜ਼ਰੂਰੀ : ਅਪਨੀਤ ਰਿਆਤ

07/08/2020 1:47:51 AM

ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੋਵਿਡ-19 ਦੇ ਮੱਦੇਨਜ਼ਰ ਅਹਿਤਿਆਤ ਵਜੋਂ ਦੂਜੇ ਸੂਬਿਆਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਦੀ ਪ੍ਰਕ੍ਰਿਆ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਲਈ ਜ਼ਿਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਬਾਰਡਰ ਨਾਲ ਲੱਗਣ ਵਾਲੇ 5 ਸਥਾਨਾਂ 'ਤੇ ਬਾਰਡਰ ਚੈਕ ਪੋਸਟਾਂ ਬਣਾ ਕੇ ਪੁਲਿਸ ਸਮੇਤ ਸਿਵਲ ਦੇ ਅਧਿਕਾਰੀ ਅਤੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਈ-ਰਜਿਸਟ੍ਰੇਸ਼ਨ ਅਤੇ ਮੈਡੀਕਲ ਸਕਰੀਨਿੰਗ ਤੋਂ ਬਾਅਦ ਹੀ ਉਨ੍ਹਾਂ ਦੀ ਜ਼ਿਲੇ ਵਿੱਚ ਐਂਟਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰੀ ਆਪਣੇ ਘਰਾਂ ਤੋਂ ਹੀ ਆਰਾਮ ਨਾਲ ਲੌਕਡਾਊਨ ਸਵੈ-ਰਜਿਸਟਰ ਕਰਵਾ ਕੇ ਆਪਣੇ ਲਈ ਦਿੱਕਤ ਰਹਿਤ ਯਾਤਰਾ ਯਕੀਨੀ ਬਣਾ ਸਕਦੇ ਹਨ।
       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੜਕ ਦੇ ਰਸਤੇ ਹਿਮਾਚਲ ਤੋਂ ਜ਼ਿਲੇ ਵਿੱਚ ਦਾਖਲ ਹੋਣ ਜਾਂ ਲੰਘਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਵਲੋਂ ਸਖ਼ਤੀ ਨਾਲ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕੋਵਾ ਐਪ ਜਾਂ ਵੈਬ ਲਿੰਕ https://cova.punjab.gov.in/registration ਰਾਹੀਂ ਆਪਣੇ ਆਪ ਨੂੰ ਰਜਿਸਟਰਡ ਕਰਵਾ ਲੈਣ। ਉਨਾਂ ਕਿਹਾ ਕਿ ਈ-ਰਜਿਸਟ੍ਰੇਸ਼ਨ ਦਾ ਉਦੇਸ਼ ਚੈਕਿੰਗ ਵਾਲੇ ਸਥਾਨਾਂ 'ਤੇ ਲੰਬੀਆਂ ਲਾਈਨਾਂ ਜਾਂ ਭੀੜ ਕਾਰਨ ਹੋਣ ਵਾਲੀ ਮੁਸ਼ਕਿਲ ਤੋਂ ਯਾਤਰੀਆਂ ਨੂੰ ਬਚਾਉਣਾ ਹੈ। ਉਨਾਂ ਕਿਹਾ ਕਿ ਰਜਿਸਟ੍ਰੇਸ਼ਨ ਉਪਰੰਤ ਯਾਤਰੀਆਂ ਨੂੰ ਐਸ.ਐਮ.ਐਸ ਦੁਆਰਾ ਕਨਫਰਮੇਸ਼ਨ ਲਿੰਕ ਪ੍ਰਾਪਤ ਹੋਵੇਗਾ। ਇਸ ਤੋਂ ਬਾਅਦ ਪ੍ਰਿੰਟ ਲਈ ਲਿੰਕ 'ਤੇ ਕਲਿਕ ਕਰਕੇ ਕਿਉ.ਆਰ ਕੋਡ ਵਾਲਾ ਪ੍ਰਿੰਟ ਏ-4 ਸਾਈਜ਼ ਦੀ ਸ਼ੀਟ 'ਤੇ ਕੱਢਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਪ੍ਰਿੰਟ ਨੂੰ ਯਾਤਰੀ ਆਪਣੇ ਵਾਹਨ ਦੇ ਸ਼ੀਸ਼ੇ (ਵਿੰਡੋ ਸਕਰੀਨ) ਦੇ ਸੱਜੇ ਪਾਸੇ ਚਿਪਕਾ ਸਕਦੇ ਹਨ ਜਾਂ ਡੈਸ਼ਬੋਰਡ 'ਤੇ ਰੱਖ ਸਕਦੇ ਹਨ। ਉਨਾਂ ਕਿਹਾ ਕਿ ਬਾਰਡਰ 'ਤੇ ਚੈਕਿੰਗ ਪੁਆਇੰਟਾਂ 'ਤੇ ਸਟਾਫ ਦੁਆਰਾ ਪ੍ਰਿੰਟ ਵਾਲੇ ਕਿਉ.ਆਰ ਕੋਡ ਨੂੰ ਸਕੈਨ ਕੀਤਾ ਜਾਵੇਗਾ ਅਤੇ ਯਾਤਰੀਆਂ ਦੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ।
ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ 'ਮਿਸ਼ਨ ਫਤਿਹ' ਤਹਿਤ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਖੁੱਦ ਨੂੰ ਹੋਮ ਕੁਆਰਨਟੀਨ ਕਰਕੇ ਅਤੇ ਇਸ ਦੀ ਜਾਣਕਾਰੀ ਜ਼ਿਲਾ ਕੰਟਰੋਲ ਰੂਮ ਨੂੰ ਦੇਣ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁੱਕੇ ਹਨ, ਤਾਂ ਜੋ ਉਨਾਂ ਦੇ ਸੈਂਪਲਾਂ ਦੀ ਜਾਂਚ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲਾ ਪੱਧਰੀ ਕੰਟਰੋਲ ਰੂਮ ਪੂਰਾ ਹਫ਼ਤਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਾ ਰਹੇਗਾ। ਉਨਾਂ ਦੱਸਿਆ ਕਿ ਜ਼ਿਲਾ ਮਾਲ ਅਫ਼ਸਰ ਸ਼੍ਰੀ ਅਮਲਪਾਲ ਸਿਘ ਇਸ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਹਨ ਅਤੇ ਇਹ ਕੰਟਰੋਲ ਰੂਮ ਕਮਰਾ ਨੰਬਰ 204, ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਹਰ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਹੋਮ ਕੁਆਰਨਟੀਨ ਹੋ ਕੇ ਜ਼ਿਲਾ ਪੱਧਰੀ ਕੰਟਰੋਲ ਰੂਮ ਨੰਬਰ 01882-220412 'ਤੇ ਸੰਪਰਕ ਕਰਕੇ ਆਪਣੇ ਬਾਰੇ ਜਾਣਕਾਰੀ ਦੇਵੇ। ਉਨਾਂ ਪਿੰਡਾਂ ਦੇ ਸਰਪੰਚਾਂ ਅਤੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਪਿੰਡ ਅਤੇ ਇਲਾਕੇ ਵਿੱਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਸਬੰਧੀ ਜਾਣਕਾਰੀ ਦੇ ਕੇ ਪ੍ਰਸ਼ਾਸਨ ਨੂੰ ਸਹਿਯੋਗ ਕਰਨ, ਤਾਂ ਜੋ 24 ਘੰਟੇ ਅੰਦਰ ਉਨਾਂ ਦਾ ਸੈਂਪਲ ਲੈ ਕੇ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਜ਼ਿਲੇ ਦੀਆਂ ਜੋ ਸਬ-ਡਵੀਜ਼ਨਾਂ ਹਿਮਾਚਲ ਪ੍ਰਦੇਸ਼ ਦੇ ਬਾਰਡਰ ਨਾਲ ਲੱਗਦੀਆਂ ਹਨ, ਉਥੇ ਚੈਕ ਪੋਸਟਾਂ ਬਣਾ ਕੇ ਨਿਯਮਾਂ ਦੀ ਪਾਲਣਾ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਹਿਮਾਚਲ ਬਾਰਡਰ ਨਾਲ ਲੱਗਣ ਵਾਲੀਆਂ ਸਾਰੀਆਂ ਚੈਕ ਪੋਸਟਾਂ 'ਤੇ ਸ਼ਿਫਟਾਂ ਦੇ ਹਿਸਾਬ ਨਾਲ ਕਰਮਚਾਰੀਆਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਹਿਮਾਚਲ ਬਾਰਡਰ ਨਾਲ ਲੱਗਣ ਵਾਲੇ ਸਥਾਨਾਂ ਕੂਕੋਵਾਲ ਮਜਾਰੀ (ਗੜ•ਸ਼ੰਕਰ), ਚੱਕ ਸਾਧੂ (ਹੁਸ਼ਿਆਰਪੁਰ), ਮੰਗੂਵਾਲ (ਹੁਸ਼ਿਆਰਪੁਰ) , ਰਾਮਪੁਰ ਸੀਕਰੀ, ਤਲਵਾੜਾ (ਮੁਕੇਰੀਆਂ), ਟੈਰੇਸ ਤਲਵਾੜਾ (ਮੁਕੇਰੀਆਂ) ਵਿਖੇ ਬਾਰਡਰ ਚੈਕ ਪੋਸਟਾਂ ਬਣਾਈਆਂ ਗਈਆਂ ਹਨ।

 


Deepak Kumar

Content Editor

Related News