ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ

09/02/2019 11:27:09 PM

ਕਪੂਰਥਲਾ (ਮਹਾਜਨ)-ਢਿਲਵਾਂ ਨੇਡ਼ੇ ਇਕ ਅਣਪਛਾਤੇ ਵਾਹਨ ਨੇ ਪੈਦਲ ਜਾ ਰਹੇ ਕਰੀਬ 20 ਸਾਲਾ ਨੌਜਵਾਨ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਣ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਢਿਲਵਾਂ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਪੂਰਥਲਾ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰੱਖਵਾ ਦਿੱਤਾ ਹੈ।
ਥਾਣਾ ਢਿਲਵਾਂ ਦੇ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਸਵੇਰੇ ਸੂਚਨਾ ਮਿਲੀ ਕਿ ਇਕ ਲਾਸ਼ ਸਡ਼ਕ ਕਿਨਾਰੇ ਬੁਰੀ ਤਰ੍ਹਾਂ ਕੁਚਲੀ ਹੋਈ ਪਈ ਹੈ। ਜਿਸਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਪੈਦਲ ਹੀ ਜਲੰਧਰ ਵੱਲੋਂ ਢਿਲਵਾਂ ਵੱਲ ਆ ਰਿਹਾ ਸੀ, ਜਿਸਨੂੰ ਅਣਪਛਾਤੇ ਵਾਹਨ ਨੇ ਆਪਣੀ ਲਪੇਟ ’ਚ ਲੈ ਲਿਆ। ਵਾਹਨ ਨਾਲ ਟਕਰਾਉਣ ਤੋਂ ਬਾਅਦ ਉਹ ਦੂਰ ਜਾ ਕੇ ਡਿੱਗ ਪਿਆ, ਜਿਸਦੇ ਕਾਰਣ ਇਕ ਹੋਰ ਵਾਹਨ ਉਸਨੂੰ ਕੁਚਲਦਾ ਹੋਇਆ ਦੂਰ ਤਕ ਲੈ ਗਿਆ ਅਤੇ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਉਮਰ 20 ਸਾਲ ਦੇ ਕਰੀਬ ਲੱਗ ਰਹੀ ਹੈ ਤੇ ਉਸਨੇ ਗ੍ਰੇ ਰੰਗ ਦੀ ਪੈਂਟ ਤੇ ਬਲਿਊ ਰੰਗ ਦੀ ਕਮੀਜ਼ ਪਹਿਨੀ ਹੋਈ ਹੈ। ਦੇਖਣ ’ਚ ਮਜ਼ਦੂਰ ਲੱਗ ਰਿਹਾ ਹੈ। ਮ੍ਰਿਤਕ ਦੀ ਜੇਬ ’ਚੋ ਨਾ ਕੋਈ ਮੋਬਾਇਲ ਤੇ ਨਾ ਹੀ ਕੋਈ ਪਛਾਣ ਪੱਤਰ ਮਿਲਿਆ। ਉਨ੍ਹਾਂ ਕਿਹਾ ਕਿ ਪੁਲਸ ਨੇ ਲਾਸ਼ ਅਗਲੇ 72 ਘੰਟਿਆਂ ਦੇ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰੱਖਵਾ ਦਿੱਤੀ ਹੈ।


Karan Kumar

Content Editor

Related News