ਚੌਗਿੱਟੀ ਫਲਾਈਓਵਰ ’ਤੇ ਓਵਰਲੋਡ ਟਰੱਕ ਕਾਰ ’ਤੇ ਪਲਟਿਆ, 5 ਘੰਟਿਆਂ ਤੱਕ ਸ਼ਹਿਰ ਦੇ ਐਂਟਰੀ ਪੁਆਇੰਟਸ ਰਹੇ ਜਾਮ
Thursday, Dec 08, 2022 - 04:03 PM (IST)

ਜਲੰਧਰ (ਵਰੁਣ)- ਚੌਗਿੱਟੀ ਫਲਾਈਓਵਰ ’ਤੇ ਬੁੱਧਵਾਰ ਸਵੇਰੇ ਰੇਤਾ ਨਾਲ ਓਵਰਲੋਡ ਟਰੱਕ ਸਾਈਡ ਤੋਂ ਨਿਕਲ ਰਹੀ ਕਾਰ ’ਤੇ ਪਲਟ ਗਿਆ। ਹਾਦਸੇ ਵਿਚ ਕਾਰ ਚਲਾ ਰਿਹਾ ਵਿਅਕਤੀ ਵਾਲ-ਵਾਲ ਬਚਿਆ ਪਰ ਹਾਈਵੇਅ ਤੋਂ ਲੈ ਕੇ ਸ਼ਹਿਰ ਦੇ ਐਂਟਰੀ ਪੁਆਇੰਟਸ ਤੱਕ ਲੰਮਾ ਜਾਮ ਲੱਗ ਗਿਆ, ਜਿਸ ਨੂੰ 5 ਘੰਟਿਆਂ ਦੇ ਬਾਅਦ ਖੁੱਲ੍ਹਵਾਇਆ ਗਿਆ। ਮੌਕੇ ਦਾ ਜਾਇਜ਼ਾ ਲੈਣ ਲਈ ਡੀ. ਸੀ. ਪੀ. ਟਰੈਫਿਕ ਅੰਕੁਰ ਗੁਪਤਾ ਅਤੇ ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਵੀ ਮੌਕੇ ’ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਟਰੱਕ ਦੀ ਸਮਰੱਥਾ ਤੋਂ ਜ਼ਿਆਦਾ ਰੇਤਾ ਲੱਦੀ ਹੋਣ ਕਾਰਨ ਟਰੱਕ ਦਾ ਡਰਾਈਵਰ ਸੰਤੁਲਨ ਗੁਆ ਬੈਠਾ। ਜਿਵੇਂ ਹੀ ਟਰੱਕ ਪਲਟਿਆ ਤਾਂ ਸਾਈਡ ਤੋਂ ਨਿਕਲ ਰਹੀ ਇਕ ਗੱਡੀ ਉਸ ਦੀ ਲਪੇਟ ਵਿਚ ਆ ਗਈ। ਚੰਗੀ ਕਿਸਮਤ ਰਹੀ ਕਿ ਟਰੱਕ ਦਾ ਇਕ ਹਿੱਸਾ ਗੱਡੀ ਦੀ ਬੈਕਸਾਈਡ ’ਤੇ ਡਿੱਗਿਆ ਅਤੇ ਜਾਨੀ ਨੁਕਸਾਨ ਹੋਣੋਂ ਬਚ ਗਿਆ। ਗੱਡੀ ਦੇ ਡਰਾਈਵਰ ਜਾਬਰ ਸਿੰਘ ਨੂੰ ਝਰੀਟ ਤੱਕ ਨਹੀਂ ਆਈ ਪਰ ਗੱਡੀ ਨੁਕਸਾਨੀ ਗਈ।
ਇਹ ਵੀ ਪੜ੍ਹੋ : ਜਲੰਧਰ: ਨਕੋਦਰ 'ਚ ਹੋਏ ਕੱਪੜਾ ਵਪਾਰੀ ਦੇ ਕਤਲ ਕਾਂਡ ਦੀ CCTV ਆਈ ਸਾਹਮਣੇ, ਆਡੀਓ ਵੀ ਹੋਈ ਵਾਇਰਲ
ਜਿਵੇਂ ਹੀ ਇਹ ਹਾਦਸਾ ਹੋਇਆ ਤਾਂ ਮੌਕੇ ’ਤੇ ਟਰੈਫਿਕ ਟੀਮਾਂ ਪਹੁੰਚ ਗਈਆਂ ਪਰ ਉਦੋਂ ਤੱਕ ਲੰਮਾ ਜਾਮ ਲੱਗ ਚੁੱਕਾ ਸੀ। ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਹਾਈਡ੍ਰੌਲਿਕ ਕਰੇਨਾਂ ਮੰਗਵਾ ਕੇ ਹਾਈਵੇਅ ’ਤੇ ਪਲਟੇ ਟਰੱਕ ਨੂੰ ਫੁੱਟਪਾਥ ’ਤੇ ਕੀਤਾ, ਜਦਕਿ ਡਿੱਚ ਮਸ਼ੀਨ ਮੰਗਵਾ ਕੇ ਹਾਈਵੇ ਤੋਂ ਰੇਤਾ ਵੀ ਉਠਵਾਈ।
ਜਿਵੇਂ ਹੀ ਹਾਈਵੇਅ ’ਤੇ ਕਰੇਨਾਂ ਤੇ ਡਿੱਚ ਮਸ਼ੀਨਾਂ ਆਈਆਂ ਤਾਂ ਰਸਤਾ ਬਲਾਕ ਹੋਣ ਕਾਰਨ ਚੌਗਿੱਟੀ ਫਲਾਈਓਵਰ ਤੋਂ ਲੈ ਕੇ ਲੰਮਾ ਪਿੰਡ, ਪਠਾਨਕੋਟ ਚੌਕ, ਪੀ. ਏ. ਪੀ. ਚੌਕ ਤੱਕ ਲੰਮਾ ਜਾਮ ਲੱਗ ਗਿਆ, ਜਿਸ ਨੂੰ ਖੁੱਲ੍ਹਵਾਉਂਦੇ-ਖੁੱਲ੍ਹਵਾਉਂਦੇ ਟਰੈਫਿਕ ਪੁਲਸ ਨੂੰ 5 ਤੋਂ ਸਾਢੇ 5 ਘੰਟੇ ਲੱਗ ਗਏ। ਮੌਕੇ ’ਤੇ ਪਹੁੰਚੇ ਉੱਚ ਅਧਿਕਾਰੀ ਵੀ ਟਰੈਫਿਕ ਕੰਟਰੋਲ ਕਰਦੇ ਵਿਖਾਈ ਦਿੱਤੇ। ਕਾਫ਼ੀ ਮੁਸ਼ੱਕਤ ਤੋਂ ਬਾਅਦ ਟਰੈਫਿਕ ਪੁਲਸ ਨੇ ਜਾਮ ਖੁੱਲ੍ਹਵਾ ਕੇ ਟਰੈਫਿਕ ਸੁਚਾਰੂ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਰੂਹ ਕੰਬਾਊ ਮੌਤ, ਤਬੇਲੇ 'ਚ ਦਫ਼ਨਾਈ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ