ਅੰਬੇਡਕਰ ਸੈਨਾ ਵੱਲੋਂ ਆਦਮਪੁਰ ਥਾਣੇ ਦਾ ਘਿਰਾਓ, ਆਵਾਜਾਈ ਕੀਤੀ ਠੱਪ, ਯਾਤਰੀ ਪ੍ਰੇਸ਼ਾਨ
Friday, Aug 26, 2022 - 04:12 PM (IST)
ਆਦਮਪੁਰ (ਦਿਲਬਾਗੀ, ਚਾਂਦ)-ਅੰਬੇਡਕਰ ਸੈਨਾ ਜਲੰਧਰ ਦੀ ਅਗਵਾਈ ਹੇਠ ਥਾਣਾ ਆਦਮਪੁਰ ਦੀ ਪੁਲਸ ਵੱਲੋਂ ਪਿੰਡ ਚੋਮੋਂ ਦੇ ਸਾਬਕਾ ਸਰਪੰਚ ਤੇ ਮੌਜੂਦਾ ਮੈਂਬਰ ਪੰਚਾਇਤ ਵਿਰੁੱਧ ਕੀਤੀ ਗਈ ਸ਼ਿਕਾਇਤ ’ਤੇ ਕੋਈ ਵੀ ਕਾਰਵਾਈ ਨਾ ਕਰਨ ਕਾਰਨ ਬਲਵਿੰਦਰ ਬੁੱਗਾ ਕਰਤਾਰਪੁਰ ਪੰਜਾਬ ਪ੍ਰਧਾਨ, ਸ਼ਿਵ ਕੁਮਾਰ ਗੋਗਾ ਮੀਤ ਪ੍ਰਧਾਨ, ਜੋਗਿੰਦਰ ਮਾਨ ਭਗਵਾਨ ਵਾਲਮੀਕਿ ਤੀਰਥ ਅਸਥਾਨ ਅੰਮ੍ਰਿਤਸਰ, ਸੰਤ ਬਾਬਾ ਮੁਕੇਸ਼ ਚੁੰਬਰ ਮੈਂਬਰ ਸਾਧੂ ਸੰਪ੍ਰਦਾਇ ਸੋਸਾਇਟੀ, ਬਲਬੀਰ ਸਿੱਧੂ ਬਲਾਕ ਪ੍ਰਧਾਨ ਆਦਮਪੁਰ ਦੀ ਦੇਖ-ਰੇਖ ਹੇਠ ਥਾਣਾ ਆਦਮਪੁਰ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬੀਤੇ ਦਿਨੀਂ ਪਿੰਡ ਚੋਮੋਂ ਦੇ ਸਾਬਕਾ ਸਰਪੰਚ ਤੇ ਮੌਜੂਦਾ ਮੈਂਬਰ ਪੰਚਾਇਤ ਜਸਪਾਲ ਵੱਲੋਂ ਇਕ ਪਲਾਟ ਦੇ ਅੱਗੇ ਕੰਧ ਕਰਨ ਨੂੰ ਲੈ ਕੇ ਬਲਬੀਰ ਸਿੱਧੂ ਨਾਲ ਹੋਈ ਤੂੰ-ਤੂੰ, ਮੈਂ-ਮੈਂ ’ਚ ਬਾਬਾ ਸਾਹਿਬ ਡਾ. ਅੰਬੇਡਕਰ ਸਾਹਿਬ ਜੀ ਵਿਰੁੱਧ ਤੇ ਪਿੰਡ ਦੀਆਂ ਔਰਤਾਂ ਵਿਰੁੱਧ ਬੋਲੀ ਗਈ ਗ਼ਲਤ ਸ਼ਬਦਾਵਲੀ ਨੂੰ ਲੈ ਕੇ ਥਾਣਾ ਆਦਮਪੁਰ ’ਚ ਜਸਪਾਲ ਵਿਰੁੱਧ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਗਈ ਸੀ ਤੇ ਉਸ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਪਰ ਅਜੇ ਤੱਕ ਪੁਲਸ ਵੱਲੋਂ ਉਸ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰ ਕੇ ਰੋਸ ਪ੍ਰਦਰਸ਼ਨ ਤੇ ਆਵਾਜਾਈ ਠੱਪ ਕਰਨੀ ਪਈ, ਆਵਾਜਾਈ ਠੱਪ ਹੋਣ ਕਾਰਨ ਵਾਹਨ ਚਾਲਕਾ ਤੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਗੁਰਦੀਪ ਮਾਨ ਲੇਸੜੀਵਾਲ, ਦਵਿੰਦਰ ਚੁੰਬਰ ਆਦਮਪੁਰ, ਗੁਰਮੇਲ ਸਿੰਘ ਚੋਮੋਂ, ਬਲਵਿੰਦਰ ਬੰਗਾ ਕਰਤਾਰਪੁਰ ਚੇਅਰਮੈਨ ਜ਼ਿਲਾ ਜਲੰਧਰ, ਮਨਜੀਤ ਸਿੰਘ ਮੀਤ ਪ੍ਰਧਾਨ ਆਦਮਪੁਰ ਤੇ ਹੋਰ ਵਰਕਰ ਹਾਜ਼ਰ ਸਨ। ਡੀ. ਐੱਸ. ਪੀ. ਆਦਮਪੁਰ ਸਰਬਜੀਤ ਸਿੰਘ ਰਾਏ ਵੱਲੋਂ ਧਰਨਾਕਾਰੀਆਂ ਦੀ ਸ਼ਿਕਾਇਤ ’ਤੇ ਜਾਂਚ ਕਰਨ ਤੋਂ ਬਾਅਦ ਕਾਰਵਾਈ ਕਰਨ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਖ਼ਤਮ ਕਰ ਦਿੱਤਾ, ਜਿਸ ਤੋਂ ਬਾਅਦ ਆਵਾਜਾਈ ਆਮ ਵਾਂਗ ਬਹਾਲ ਹੋ ਗਈ।
