ਮੁੱਖ ਮੰਤਰੀ ਦੀ ਗ੍ਰਾਂਟ ਨਾਲ ਹੋਏ ਸਾਰੇ ਕੰਮ ਠੋਕ-ਵਜਾ ਕੇ ਚੈੱਕ ਕੀਤੇ ਜਾਣਗੇ

Thursday, Aug 24, 2023 - 07:02 PM (IST)

ਮੁੱਖ ਮੰਤਰੀ ਦੀ ਗ੍ਰਾਂਟ ਨਾਲ ਹੋਏ ਸਾਰੇ ਕੰਮ ਠੋਕ-ਵਜਾ ਕੇ ਚੈੱਕ ਕੀਤੇ ਜਾਣਗੇ

ਜਲੰਧਰ (ਖੁਰਾਣਾ) : ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਸ਼ਹਿਰ ਦੇ ਵਿਕਾਸ ਲਈ ਕਈ ਮਹੀਨੇ ਪਹਿਲਾਂ 50 ਕਰੋੜ ਰੁਪਏ ਤੋਂ ਜ਼ਿਆਦਾ ਦੀ ਗ੍ਰਾਂਟ ਜਲੰਧਰ ਨਿਗਮ ਨੂੰ ਜਾਰੀ ਕੀਤੀ ਸੀ ਪਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਸ ਗ੍ਰਾਂਟ ਦੇ ਕੰਮਾਂ ਦੇ ਐਸਟੀਮੇਟ ਬਣਾਉਣ ਵਿਚ ਘੋਰ ਲਾਪ੍ਰਵਾਹੀ ਵਰਤੀ ਅਤੇ ਗ੍ਰਾਂਟ ਅਧੀਨ ਚੱਲ ਰਹੇ ਕੰਮ ਵੀ ਚੰਗੀ ਕੁਆਲਿਟੀ ਦੇ ਨਹੀਂ ਹੋ ਰਹੇ, ਜਿਸ ਕਾਰਨ ਹੁਣ ਜਿਥੇ ਪੰਜਾਬ ਸਰਕਾਰ ਸੰਜੀਦਾ ਹੋ ਗਈ ਹੈ, ਉਥੇ ਹੀ ਜਲੰਧਰ ਨਿਗਮ ਦੇ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੇ ਵੀ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਦੀ ਗ੍ਰਾਂਟ ਨਾਲ ਚੱਲ ਰਹੇ ਸਾਰੇ ਕੰਮ ਠੋਕ-ਵਜਾ ਕੇ ਚੈੱਕ ਕੀਤੇ ਜਾਣਗੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਸਾਫ਼ ਕਿਹਾ ਕਿ ਉਨ੍ਹਾਂ ਨੂੰ ਜਲੰਧਰ ਇਸ ਲਈ ਭੇਜਿਆ ਗਿਆ ਹੈ ਤਾਂ ਜੋ ਕੰਮਾਂ ਦੀ ਕੁਆਲਿਟੀ ਬਰਕਰਾਰ ਰਹੇ। ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਹੈ ਕਿ ਠੇਕੇਦਾਰਾਂ ਨੇ 40 ਫੀਸਦੀ ਤਕ ਡਿਸਕਾਊਂਟ ਦੇ ਕੇ ਗ੍ਰਾਂਟ ਦੇ ਕੰਮ ਲੈ ਰੱਖੇ ਹਨ। ਅਜਿਹੀ ਸਥਿਤੀ ਵਿਚ ਉਹ ਠੇਕੇਦਾਰ ਕੰਮਾਂ ਦੀ ਕੁਆਲਿਟੀ ਕਿਵੇਂ ਬਰਕਰਾਰ ਰੱਖਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਉਨ੍ਹਾਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਉਹ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਅਤੇ ਲੁਧਿਆਣਾ ਨਗਰ ਨਿਗਮ ਵਿਚ ਲੰਮੇ ਸਮੇਂ ਤਕ ਕੰਮ ਕਰ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਕੰਮਾਂ ਦੀ ਚੈਕਿੰਗ ਦਾ ਲੰਮਾ ਤਜਰਬਾ ਹੈ। ਕਮਿਸ਼ਨਰ ਨੇ ਤਾਂ ਸਾਫ ਸ਼ਬਦਾਂ ਵਿਚ ਕਿਹਾ ਕਿ ਥਰਡ ਪਾਰਟੀ ਦੀ ਭੂਮਿਕਾ ’ਤੇ ਵਿਸ਼ਵਾਸ ਕਰਨ ਦੀ ਬਜਾਏ ਉਹ ਖੁਦ ਫੀਲਡ ਵਿਚ ਉਤਰ ਕੇ ਇਨ੍ਹਾਂ ਕੰਮਾਂ ਨੂੰ ਚੈੱਕ ਕਰਨਗੇ ਅਤੇ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ : 60 ਸਾਲ ਪਹਿਲਾਂ ਬਣੀ ਇਮਾਰਤ ’ਚ ਚੱਲ ਰਿਹਾ ਸੀ ਮੁਰੰਮਤ ਦਾ ਕੰਮ, ਸੁਰੱਖਿਆ ਮਾਪਦੰਡਾਂ ਨੂੰ ਲੈ ਕੇ ਖੜ੍ਹੇ ਹੋਏ ਸਵਾਲ

ਚੀਫ ਇੰਜੀਨੀਅਰ ਅਸ਼ਵਨੀ ਚੌਧਰੀ ਦੀ ਰਿਪੋਰਟ ਬਣੇਗੀ ਚਾਰਜਸ਼ੀਟਾਂ ਦਾ ਆਧਾਰ
ਸੀ. ਐੱਮ. ਵੱਲੋਂ ਜਲੰਧਰ ਨਿਗਮ ਨੂੰ ਦਿੱਤੀ ਗਈ ਕਰੋੜਾਂ ਰੁਪਏ ਦੀ ਗ੍ਰਾਂਟ ਨਾਲ ਸਬੰਧਤ ਕੰਮਾਂ ਦੇ ਐਸਟੀਮੇਟ ਬਣਾਉਣ ਵਾਲੇ ਨਿਗਮ ਅਧਿਕਾਰੀਆਂ ਨੇ ਘੋਰ ਲਾਪ੍ਰਵਾਹੀ ਨਾਲ ਕੰਮ ਕੀਤਾ ਸੀ, ਜਿਸ ਸਬੰਧੀ ਕਈ ਸ਼ਿਕਾਇਤਾਂ ਸੀ. ਐੱਮ. ਆਫਿਸ ਤਕ ਵੀ ਪਹੁੰਚੀਆਂ ਸਨ। ਇਸ ਤੋਂ ਬਾਅਦ ਮੁੱਖ ਮੰਤਰੀ ਦਫਤਰ ਨੇ ਪਹਿਲੇ ਚੀਫ ਇੰਜੀਨੀਅਰ ਮੁਕੁਲ ਸੋਨੀ ਅਤੇ ਉਸ ਤੋਂ ਬਾਅਦ ਚੀਫ ਇੰਜੀਨੀਅਰ ਅਸ਼ਵਨੀ ਚੌਧਰੀ ਨੂੰ ਜਲੰਧਰ ਭੇਜ ਕੇ ਕਈ ਐਸਟੀਮੇਟਾਂ ਦੀ ਜਾਂਚ ਕਰਵਾਈ ਸੀ ਪਰ ਇਸ ਦੌਰਾਨ ਭਾਰੀ ਗੜਬੜੀ ਸਾਹਮਣੇ ਆਈ। ਕਰੋੜਾਂ ਰੁਪਏ ਦੇ ਅਜਿਹੇ ਐਸਟੀਮੇਟ ਬਣਾ ਦਿੱਤੇ ਗਏ, ਜਿਥੇ ਕੰਮਾਂ ਦੀ ਕੋਈ ਲੋੜ ਹੀ ਨਹੀਂ ਸੀ। ਪਤਾ ਲੱਗਾ ਹੈ ਕਿ ਨਿਗਮ ਕਮਿਸ਼ਨਰ ਨੇ ਹੁਣ ਚੀਫ ਇੰਜੀਨੀਅਰ ਅਸ਼ਵਨੀ ਚੌਧਰੀ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ’ਤੇ ਕਈ ਫਾਈਲਾਂ ਦੀ ਫੋਟੋਸਟੇਟ ਕਾਪੀ ਕਰਵਾ ਕੇ ਆਪਣੇ ਕੋਲ ਰੱਖ ਲਈ ਹੈ। ਆਉਣ ਵਾਲੇ ਦਿਨਾਂ ਵਿਚ ਚੀਫ ਇੰਜੀਨੀਅਰ ਅਸ਼ਵਨੀ ਚੌਧਰੀ ਦੀ ਇਹੀ ਰਿਪੋਰਟ ਕਈ ਨਿਗਮ ਅਧਿਕਾਰੀਆਂ ਦੀਆਂ ਚਾਰਜਸ਼ੀਟਾਂ ਦਾ ਆਧਾਰ ਬਣੇਗੀ ਕਿਉਂਕਿ ਇਸ ਪੂਰੀ ਪ੍ਰਕਿਰਿਆ ਵਿਚ ਲਾਪ੍ਰਵਾਹੀ ਸਾਫ ਝਲਕ ਰਹੀ ਹੈ।

ਇਹ ਵੀ ਪੜ੍ਹੋ : 61 ਸਾਲ ਪਹਿਲਾਂ ਇਸਰੋ ਦੀ ਰੱਖੀ ਸੀ ਨੀਂਹ, ਵਿਕਰਮ ਦੇ ਨਾਲ ਚੰਦ ’ਤੇ ਚੱਲਿਆ ਸਾਰਾਭਾਈ ਦਾ ਸੁਫ਼ਨਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News