ਕੁੰਵਰ ਵਿਜੇ ਪ੍ਰਤਾਪ ਦੇ ‘ਆਪ’ ’ਚ ਸ਼ਾਮਲ ਹੋਣ ’ਤੇ ਅਕਾਲੀ ਦਲ ਲੋਹਾ-ਲਾਖਾ, ਕੀਤੀ ਨਾਰਕੋ ਟੈਸਟ ਦੀ ਮੰਗ

Tuesday, Jun 22, 2021 - 03:35 PM (IST)

ਕੁੰਵਰ ਵਿਜੇ ਪ੍ਰਤਾਪ ਦੇ ‘ਆਪ’ ’ਚ ਸ਼ਾਮਲ ਹੋਣ ’ਤੇ ਅਕਾਲੀ ਦਲ ਲੋਹਾ-ਲਾਖਾ, ਕੀਤੀ ਨਾਰਕੋ ਟੈਸਟ ਦੀ ਮੰਗ

ਸੁਲਤਾਨਪੁਰ ਲੋਧੀ (ਧੀਰ) : ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲੇ ਦੀ ਜਾਂਚ ਕਰ ਰਹੇ ਆਈ. ਪੀ. ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮਾਮਲੇ ਦਾ ਸਿਆਸੀ ਲਾਹਾ ਲੈਣ ਖਾਤਰ ਇਕ ਵੱਡੀ ਸਾਜਿਸ਼ ਤਹਿਤ ਕੇਜਰੀਵਾਲ ਦੇ ਇਸ਼ਾਰੇ ’ਤੇ ਜਾਂਚ ਨੂੰ ਖ਼ਤਮ ਕੀਤਾ ਸੀ। ਉਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਰਕੋ ਟੈਸਟ ਜ਼ਰੂਰ ਕਰਵਾਉਣ। ਇਹ ਮੰਗ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਜਿਸ ਅਧਿਕਾਰੀ ’ਤੇ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਭਰੋਸਾ ਕੀਤਾ ਤੇ ‘ਸਿਟ’ ਦਾ ਚੇਅਰਮੈਨ ਬਣਾ ਕੇ ਬੇਅਦਬੀ ਕਾਂਡ ਦਾ ਪਰਦਾਫਾਸ਼ ਕਰਨ ਦਾ ਜ਼ਿੰਮਾ ਸੌਪਿਆ ਸੀ, ਅੱਜ ਉਸ ਵਿਅਕਤੀ ਨੇ ਨਾ ਸਿਰਫ ਵਿਸ਼ਵਾਸਘਾਤ ਹੀ ਕੀਤਾ ਸਗੋਂ ਲੱਖਾਂ ਕਰੋੜਾਂ ਪੰਜਾਬੀਆਂ ਦੀ ਭਾਵਨਾਵਾਂ ਖਾਸ ਤੌਰ ’ਤੇ ਸਿੱਖ ਕੌਮ ਨਾਲ ਖਿਲਵਾੜ ਕੀਤਾ ਹੈ ਅਤੇ ਪੰਜਾਬੀ ਕਦੇ ਵੀ ਉਸ ਨੂੰ ਮੂੰਹ ਨਹੀਂ ਲਗਾਉਣਗੇ।

ਇਹ ਵੀ ਪੜ੍ਹੋ : ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਨੂੰ ਹਾਈ ਕੋਰਟ ’ਚ ਚੁਣੌਤੀ, ਸੁਣਵਾਈ ਅੱਜ

ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੀ ਜਾਂਚ ਸਮੇਂ ਇਸ ਅਧਿਕਾਰੀ ਨੇ ਹਮੇਸ਼ਾ ਆਪਣੀ ਮਨਮਰਜ਼ੀ ਕੀਤੀ ਤੇ ਕਦੇ ਵੀ 5 ਮੈਂਬਰੀ ਬਣਾਈ ਕਮੇਟੀ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ, ਇਸ ਦੀ ਵੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਖੁਦ ਹੀ ਮੀਡੀਆ ਰਾਹੀਂ ਜਾਂਚ ਲੀਕ ਕਰਨ ਵਾਲਾ ਇਹ ਅਧਿਕਾਰੀ ਇਸ ਕਾਂਡ ’ਚ ਕਦੇ ਅਕਾਲੀ ਦਲ ਤੇ ਕਾਂਗਰਸ ਦੇ ਆਪਸ ’ਚ ਮਿਲੇ ਹੋਣ ਦਾ ਦੋਸ਼ ਲਗਾ ਰਿਹਾ ਸੀ, ਜਦਕਿ ਖੁਦ ਪਰਦੇ ਦੇ ਪਿੱਛੇ ਕੇਜਰੀਵਾਲ ਨਾਲ ਮਿਲ ਕੇ ਆਰ. ਐੱਸ. ਐੱਸ. ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ। ਵਿਧਾਇਕ ਚੀਮਾ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਹੀ ਨਾਰਾਜ਼ ਹੋ ਕੇ ਅਜਿਹਾ ਫੈਸਲਾ ਦੇਣਾ ਪਿਆ ਸੀ। ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਜੋ ਨੌਕਰੀ ਤੋਂ ਅਸਤੀਫਾ ਦੇ ਕੇ ਇਸ ਅਧਿਕਾਰੀ ਨੇ ਡਰਾਮਾ ਰਚਿਆ ਸੀ, ਉਸ ਨਾਲ ਹੁਣ ਬਿੱਲੀ ਥੈਲੇ ਤੋਂ ਬਾਹਰ ਆ ਗਈ ਹੈ। ਮੁੱਖ ਮੰਤਰੀ ਕੈਪਟਨ ਸਾਹਿਬ ਤੋਂ ਇਹ ਵੀ ਮੰਗ ਕਰਦਿਆਂ ਚੀਮਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬੀਤੇ 1 ਸਾਲ ਦੀ ਫੋਨ ਟੈਪਿੰਗ ਤੇ ਕਾਲ ਡਿਟੇਲ ਕਢਵਾ ਕੇ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਸਾਜਿਸ਼ ਦੇ ਪਿੱਛੇ ਹੋਰ ਕਿਸ ਦਾ ਹੱਥ ਹੈ।

ਇਹ ਵੀ ਪੜ੍ਹੋ : ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ ਮੁੱਖ ਸਕੱਤਰ ਵਲੋਂ ਚੁੱਕੇ ਜਾਣਗੇ ਅਹਿਮ ਕਦਮ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 


author

Anuradha

Content Editor

Related News