ਬਠਿੰਡਾ ਤੋਂ ਬਾਅਦ ਹੁਣ ਜਲੰਧਰ ’ਚ ਵੀ ਵੇਸਟ ਪਲਾਸਟਿਕ ਨਾਲ ਬਣਨਗੀਆਂ ਸੜਕਾਂ
Saturday, Nov 12, 2022 - 01:03 PM (IST)
ਜਲੰਧਰ (ਖੁਰਾਣਾ)– ਪੰਜਾਬ ਦੇ ਲਗਭਗ ਸਾਰੇ ਸ਼ਹਿਰ ਕੂੜੇ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਸ਼ਹਿਰੀ ਕੂੜੇ ਦੀ ਗੱਲ ਕਰੀਏ ਤਾਂ ਬਦਲਦੀ ਜੀਵਨਸ਼ੈਲੀ ਕਾਰਨ ਕੂੜੇ ਦਾ ਲਗਭਗ 60 ਫ਼ੀਸਦੀ ਹਿੱਸਾ ਪਲਾਸਟਿਕ ਹੁੰਦਾ ਹੈ, ਜਿਸ ਦੇ ਨਿਪਟਾਰੇ ਦਾ ਅਜੇ ਤੱਕ ਕੋਈ ਪ੍ਰਬੰਧ ਨਹੀਂ ਹੋ ਸਕਿਆ। ਸੜਕਾਂ ’ਤੇ ਖਿੱਲਰੇ ਅਤੇ ਕੂੜੇ ਵਿਚ ਪਏ ਵੇਸਟ ਪਲਾਸਟਿਕ ਨੂੰ ਟਿਕਾਣੇ ਲਾਉਣ ਲਈ ਹੁਣ ਪੰਜਾਬ ਸਰਕਾਰ ਨੇ ਇਕ ਯੋਜਨਾ ਨਿਰਧਾਰਿਤ ਕੀਤੀ ਹੈ, ਜਿਸ ਤਹਿਤ ਹੁਣ ਲੁੱਕ-ਬੱਜਰੀ ਵਾਲੀਆਂ ਸੜਕਾਂ ਦੀ ਉਸਾਰੀ ’ਚ ਵੇਸਟ ਪਲਾਸਟਿਕ ਦੀ ਵਰਤੋਂ ਕੀਤੀ ਜਾਵੇਗੀ।
ਅਜਿਹਾ ਪਹਿਲਾ ਤਜਰਬਾ ਬਠਿੰਡਾ ਨਗਰ ਨਿਗਮ ਵੱਲੋਂ ਸਥਾਨਕ ਕਾਲੋਨੀ ਜੁਝਾਰ ਸਿੰਘ ਨਗਰ ਵਿਚ ਕੀਤਾ ਜਾ ਚੁੱਕਾ ਹੈ, ਜਿੱਥੇ 3 ਗਲੀਆਂ ਅਜਿਹੇ ਲੁੱਕ-ਬੱਜਰੀ ਦੇ ਮਟੀਰੀਅਲ ਨਾਲ ਬਣਾਈਆਂ ਗਈਆਂ, ਜਿਸ ਵਿਚ ਵੇਸਟ ਪਲਾਸਟਿਕ ਦੀ ਵਰਤੋਂ ਕੀਤੀ ਗਈ। ਪੰਜਾਬ ਦੇ ਲੋਕਲ ਬਾਡੀਜ਼ ਵਿਭਾਗ ਨੇ ਸੂਬੇ ਦੇ ਸਾਰੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਅਤੇ ਨਗਰ ਕੌਂਸਲਾਂ ਆਦਿ ਦੇ ਈ. ਓਜ਼ ਨੂੰ ਨਿਰਦੇਸ਼ ਭੇਜੇ ਹਨ ਕਿ ਸ਼ਹਿਰਾਂ ਦੇ ਅੰਦਰੂਨੀ ਸੜਕਾਂ ਦੇ ਨਿਰਮਾਣ ਵਿਚ ਪਲਾਸਟਿਕ ਦੀ ਵਰਤੋਂ ਯਕੀਨੀ ਬਣਾਈ ਜਾਵੇ। ਮੰਨਿਆ ਜਾ ਰਿਹਾ ਹੈ ਕਿ ਜਲੰਧਰ ਨਗਰ ਨਿਗਮ ਵੀ ਆਉਣ ਵਾਲੇ ਦਿਨਾਂ ਵਿਚ ਲੁੱਕ-ਬੱਜਰੀ ਵਾਲੀਆਂ ਸੜਕਾਂ ਵਿਚ ਪਲਾਸਟਿਕ ਦੀ ਮਿਕਸਿੰਗ ਕਰਨ ਲੱਗੇਗਾ।
ਇਹ ਵੀ ਪੜ੍ਹੋ : ਫਗਵਾੜਾ ਦੇ ਸਿਵਲ ਹਸਪਤਾਲ ’ਚ ਨੌਜਵਾਨ ਦੀ ਮੌਤ ਮਗਰੋਂ ਭੜਕਿਆ ਪਰਿਵਾਰ, ਡਾਕਟਰ ਦੀ ਕੀਤੀ ਕੁੱਟਮਾਰ
6 ਤੋਂ 8 ਫ਼ੀਸਦੀ ਤੱਕ ਹੋਵੇਗਾ ਪਲਾਸਟਿਕ ਦਾ ਮਿਸ਼ਰਨ
ਇਸ ਸਮੇਂ ਪੀ. ਡਬਲਿਊ. ਡੀ. ਅਤੇ ਮੰਡੀ ਬੋਰਡ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਵਿਚ ਪਲਾਸਟਿਕ ਦੇ ਮਿਸ਼ਰਨ ਬਾਰੇ ਜਿਹੜੇ ਨਿਯਮ ਬਣੇ ਹੋਏ ਹਨ, ਉਨ੍ਹਾਂ ਤਹਿਤ ਲੁੱਕ ਵਿਚ 6 ਤੋਂ 8 ਫੀਸਦੀ ਤੱਕ ਪਲਾਸਟਿਕ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਨਿਗਮਾਂ ਲਈ ਵੀ ਇਹੀ ਨਿਯਮ ਰੱਖੇ ਗਏ ਹਨ। ਇਹ ਸ਼ਰਤ ਵੀ ਜੋੜੀ ਗਈ ਹੈ ਕਿ ਲੁੱਕ-ਬੱਜਰੀ ਨਾਲ ਸੜਕ ਦਾ ਨਿਰਮਾਣ ਕਰਨ ਵਾਲੀ ਏਜੰਸੀ ਪਲਾਸਟਿਕ ਨੂੰ ਸਬੰਧਤ ਨਿਗਮ ਤੋਂ ਪ੍ਰਾਪਤ ਕਰੇਗੀ ਅਤੇ ਐੱਮ. ਬੀ. ਬੁੱਕ ਵਿਚ ਬਕਾਇਦਾ ਇਸਦਾ ਵਰਣਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਥਾਨਕ ਲੋਕਲ ਬਾਡੀਜ਼ ਸੰਸਥਾਵਾਂ ਨੂੰ ਪਲਾਸਟਿਕ ਵੇਸਟ ਦੇ ਡਿਸਪੋਜ਼ਲ ਲਈ ਮਸ਼ੀਨਰੀ ਖਰੀਦਣ ਲਈ ਵੀ ਕਿਹਾ ਗਿਆ ਹੈ।
ਵੇਸਟ ਪਲਾਸਟਿਕ ਨਾਲ ਬਣ ਸਕਦੇ ਨੇ ਪਾਰਕਾਂ ਵਿਚ ਰੱਖਣ ਵਾਲੇ ਬੈਂਚ
ਨਗਰ ਨਿਗਮ ਹਰ ਸਾਲ ਲੱਖਾਂ ਰੁਪਏ ਖ਼ਰਚ ਕਰਕੇ ਉਹ ਬੈਂਚ ਖ਼ਰੀਦਦਾ ਹੈ, ਜਿਨ੍ਹਾਂ ਨੂੰ ਵੱਖ-ਵੱਖ ਪਾਰਕਾਂ ਵਿਚ ਰੱਖਿਆ ਜਾਂਦਾ ਹੈ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਲੰਧਰ ਦੀਆਂ ਸੜਕਾ ’ਤੇ ਇਸ ਸਮੇਂ ਕਈ ਸੌ ਟਨ ਵੇਸਟ ਪਲਾਸਟਿਕ ਪਿਆ ਹੋਇਆ ਹੈ, ਜਿਹੜਾ ਕੂੜੇ ਦੇ ਢੇਰਾਂ ਵਿਚ ਬਦਲ ਰਿਹਾ ਹੈ। ਜੇਕਰ ਸਰਕਾਰ ਚਾਹੇ ਤਾਂ ਵੇਸਟ ਪਲਾਸਟਿਕ ਨੂੰ ਰੀਸਾਈਕਲ ਕਰਕੇ ਆਸਾਨੀ ਨਾਲ ਅਜਿਹੇ ਬੈਂਚ ਬਣਾਏ ਜਾ ਸਕਦੇ ਹਨ, ਜਿਹੜੇ ਪਾਰਕਾਂ ਵਿਚ ਰੱਖਣ ਦੇ ਕੰਮ ਆਉਣਗੇ। ਇਸ ਨਾਲ ਜਿਥੇ ਸ਼ਹਿਰਾਂ ਵਿਚ ਪਲਾਸਟਿਕ ਦੇ ਕੂੜੇ ਦੀ ਸਮੱਸਿਆ ਘਟੇਗੀ, ਉਥੇ ਹੀ ਨਿਗਮ ਅਤੇ ਸਰਕਾਰ ਦੇ ਵੀ ਲੱਖਾਂ ਰੁਪਏ ਬਚਣਗੇ। ਇਸ ਮਾਮਲੇ ਵਿਚ ਸਰਕਾਰ ਜਾਂ ਨਿਗਮ ਕਿਸੇ ਵਧੀਆ ਐੱਨ. ਜੀ. ਓ. ਦੀਆਂ ਸੇਵਾਵਾਂ ਵੀ ਪ੍ਰਾਪਤ ਕਰ ਸਕਦਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਸ਼ੀਤਲ ਵਿਜ, ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੇ ਘਰਾਂ 'ਚ IT ਵਿਭਾਗ ਦੀ ਰੇਡ ਤੀਜੇ ਦਿਨ ਵੀ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।