ਫਗਵਾੜਾ ਦੇ ਸ਼ੂਗਰ ਮਿੱਲ ਚੌਂਕ ''ਤੇ ਵਾਪਰਿਆ ਹਾਦਸਾ; ਬਜ਼ੁਰਗ ਗੰਭੀਰ ਜ਼ਖਮੀ
Wednesday, Jul 15, 2026 - 01:21 AM (IST)
ਫਗਵਾੜਾ (ਸੁਨੀਲ) - ਫਗਵਾੜਾ ਦੇ ਸ਼ੂਗਰ ਮਿੱਲ ਚੌਂਕ ਵਿਖੇ ਇੱਕ ਤੋਂ ਬਾਅਦ ਇੱਕ ਹੋਏ ਦੋ ਹਾਦਸਿਆਂ ਕਾਰਨ ਹਾਹਾਕਾਰ ਮੱਚ ਗਈ। ਇਨ੍ਹਾਂ ਹਾਦਸਿਆਂ ਕਾਰਨ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਸਵੇਰੇ ਇੱਕ ਬਜ਼ੁਰਗ ਵਿਅਕਤੀ ਆਪਣੇ ਸਾਈਕਲ 'ਤੇ ਸੜਕ ਪਾਰ ਕਰ ਰਿਹਾ ਸੀ। ਇਸੇ ਦੌਰਾਨ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬਜ਼ੁਰਗ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਪਹਿਲੇ ਹਾਦਸੇ ਤੋਂ ਬਾਅਦ ਚੌਂਕ 'ਤੇ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ। ਇਸੇ ਦੌਰਾਨ ਲੁਧਿਆਣਾ ਤੋਂ ਫਗਵਾੜਾ ਵੱਲ ਆ ਰਹੇ ਇੱਕ ਟਰੱਕ ਨੇ ਜਾਮ ਵਿੱਚ ਖੜ੍ਹੇ ਵਾਹਨਾਂ ਨੂੰ ਦੇਖ ਕੇ ਰੁਕਣ ਦੀ ਕੋਸ਼ਿਸ਼ ਕੀਤੀ, ਪਰ ਸੰਤੁਲਨ ਵਿਗੜਨ ਕਾਰਨ ਟਰੱਕ ਇੱਕ ਗੱਡੀ ਨਾਲ ਜਾ ਟਕਰਾਇਆ। ਹਾਲਾਂਕਿ, ਇਸ ਦੂਜੇ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਜਾਮ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਐਸ.ਐਫ. (SSF) ਦੀ ਟੀਮ ਮੌਕੇ 'ਤੇ ਪਹੁੰਚੀ। ਟੀਮ ਦੇ ਮੈਂਬਰਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਜਾਮ ਵਿੱਚ ਫਸੇ ਵਾਹਨਾਂ ਨੂੰ ਕਢਵਾਇਆ ਅਤੇ ਟਰੈਫਿਕ ਦੀ ਸਥਿਤੀ ਨੂੰ ਮੁੜ ਬਹਾਲ ਕਰਵਾਇਆ। ਪੁਲਿਸ ਵੱਲੋਂ ਪਹਿਲੇ ਹਾਦਸੇ ਲਈ ਜ਼ਿੰਮੇਵਾਰ ਅਣਪਛਾਤੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ।
