ਪਹਿਲਾਂ ਇਟਲੀ ਤੋਂ ਦਿਵਾਈ ਜਾਨੋਂ ਮਾਰਨ ਦੀ ਧਮਕੀ! ਫਿਰ ਨੌਜਵਾਨ ''ਤੇ ਹਥਿਆਰਾਂ ਨਾਲ ਕੀਤਾ ਹਮਲਾ
Sunday, Jul 05, 2026 - 02:19 PM (IST)
ਫਗਵਾੜਾ (ਜਲੋਟਾ)- ਪੁਲਸ ਥਾਣਾ ਸਦਰ ਫਗਵਾੜਾ ਦੇ ਅਧੀਨ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇਕ ਫਰੂਟ ਵਿਕਰੇਤਾ ਨੂੰ ਸਾਜ਼ਿਸ਼ ਤਹਿਤ ਬੁਲਾ ਕੇ ਉਸ ’ਤੇ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਸੋਨੇ ਦੀ ਚੇਨ ਲੁੱਟ ਲਈ ਗਈ। ਪੀੜਤ ਪਵਨਦੀਪ ਉਰਫ਼ ਪਵਨ ਕੁਮਾਰ ਵਾਸੀ ਮੁਹੱਲਾ ਧਰਮਕੋਟ, ਫਗਵਾੜਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਫਲ ਵੇਚਣ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ: 'ਰੱਬਾ-ਰੱਬਾ ਮੀਂਹ ਵਰਸਾ...' Pinkoo TV ਦੀ ਨਵੀਂ ਵੀਡੀਓ ਵੇਖ ਤੁਹਾਨੂੰ ਵੀ ਬਚਪਨ ਆ ਜਾਵੇਗਾ ਯਾਦ
ਪੀੜਤ ਮੁਤਾਬਕ ਉਸ ਦੇ ਹੀ ਮੁਹੱਲੇ ਦੇ ਰਾਕੇਸ਼ ਕੁਮਾਰ ਨੇ ਬਾਰ-ਬਾਰ ਫੋਨ ਕਰਕੇ ਅਤੇ ਇਕ ਹੋਰ ਵਿਅਕਤੀ ਰਾਹੀਂ ਦਬਾਅ ਬਣਾ ਕੇ ਉਸ ਨੂੰ ਭੁੱਲਾਰਾਈ ਚੌਕ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਪਲਾਟ ਵਿਖਾਉਣ ਦੇ ਬਹਾਨੇ ਬੁਲਾਇਆ। ਜਦੋਂ ਪਵਨਦੀਪ ਉੱਥੇ ਪਹੁੰਚਿਆ ਤਾਂ ਰਾਕੇਸ਼ ਉਸ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਜਲੰਧਰ ਸਾਈਡ ਸਲਿੱਪ ਰੋਡ ਵੱਲ ਲੈ ਗਿਆ, ਜਿੱਥੋਂ ਹਾਜੀਪੁਰ ਨੂੰ ਰਸਤਾ ਮੁੜਦਾ ਹੈ। ਉੱਥੇ ਪਹਿਲਾਂ ਤੋਂ ਹੀ ਖੜ੍ਹੇ ਅਣਪਛਾਤੇ ਵਿਅਕਤੀਆਂ, ਜਿਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ, ਨੇ ਰਾਕੇਸ਼ ਦੇ ਇਸ਼ਾਰਾ ਕਰਦੇ ਹੀ ਪਵਨਦੀਪ ’ਤੇ ਹਮਲਾ ਕਰ ਦਿੱਤਾ।
ਹੈਰਾਨੀ ਦੀ ਗੱਲ ਇਹ ਰਹੀ ਕਿ ਰਾਕੇਸ਼ ਨੇ ਪੀੜਤ ਨੂੰ ਬਚਾਉਣ ਦੀ ਬਜਾਏ ਆਪਣੇ ਮੋਬਾਇਲ ਤੋਂ ਹਮਲੇ ਦੀ ਲਾਈਵ ਵੀਡੀਓ ਰਿਕਾਰਡਿੰਗ ਕੀਤੀ। ਰੌਲਾ ਪਾਉਣ ’ਤੇ ਹਮਲਾਵਰ ਪੀੜਤ ਦੇ ਗਲੇ ਵਿੱਚੋਂ 1 ਤੋਲੇ ਦੀ ਸੋਨੇ ਦੀ ਚੇਨ ਖੋਹ ਕੇ ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਜਲੰਧਰ ਵੱਲ ਫ਼ਰਾਰ ਹੋ ਗਏ ਅਤੇ ਰਾਕੇਸ਼ ਵੀ ਆਪਣੀ ਐਕਟਿਵਾ ’ਤੇ ਉਨ੍ਹਾਂ ਦੇ ਪਿੱਛੇ ਚਲਿਆ ਗਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਨਗਰ ਨਿਗਮ ਲਈ ਵੋਟਾਂ ਪੈਣ ਦਾ ਕੰਮ ਜਾਰੀ, ਕੁੱਲ 219 ਉਮੀਦਵਾਰ ਚੋਣ ਮੈਦਾਨ 'ਚ
ਪੀੜਤ ਨੇ ਕੀਤਾ ਸਨਸਨੀਖੇਜ਼ ਖ਼ੁਲਾਸਾ, ਇਟਲੀ ਤੋਂ ਮਿਲੀ ਹੈ ਪੂਰੇ ਖ਼ਾਨਦਾਨ ਨੂੰ ਖ਼ਤਮ ਕਰਨ ਦੀ ਧਮਕੀ
ਗੰਭੀਰ ਰੂਪ ਵਿੱਚ ਜ਼ਖਮੀ ਪਵਨਦੀਪ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਪੀੜਤ ਨੇ ਦੋਸ਼ ਲਗਾਇਆ ਕਿ ਜਦੋਂ ਉਹ ਹਸਪਤਾਲ ਤੋਂ ਘਰ ਮੁੜਿਆ ਤਾਂ ਇਟਲੀ ਵਿੱਚ ਰਹਿੰਦੇ ਉਸ ਦੇ ਰਿਸ਼ਤੇ ਵਿੱਚ ਲੱਗਦੇ ਇੱਕ ਚਾਚੇ ਨੇ ਉਸ ਨੂੰ ਫੋਨ ’ਤੇ ਧਮਕੀ ਦਿੱਤੀ ਕਿ "ਇਸ ਵਾਰ ਤਾਂ ਸਿਰਫ਼ ਲੱਤਾਂ ਤੁੜਵਾਈਆਂ ਹਨ, ਜੇਕਰ ਪੁਲਸ ਵਿੱਚ ਪਰਚਾ ਦਰਜ ਕਰਵਾਇਆ ਤਾਂ ਤੇਰੇ ਪੂਰੇ ਖ਼ਾਨਦਾਨ ਨੂੰ ਖ਼ਤਮ ਕਰਵਾ ਦਿਆਂਗਾ।" ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਰਾਕੇਸ਼ ਕੁਮਾਰ ਸਮੇਤ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਧਾਰਾ 115(2), 351(2), 3(5), 61(2) ਬੀ. ਐੱਨ. ਐੱਸ. (323, 379-ਬੀ, 506, 34, 120-ਬੀ ਆਈ. ਪੀ. ਸੀ.) ਤਹਿਤ ਪੁਲਸ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ ਦਾ ਦੌਰ ਜਾਰੀ ਹੈ।
ਇਹ ਵੀ ਪੜ੍ਹੋ: ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ! ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
