ਸ਼ੀਤਲ ਨਗਰ ਕੋਲ ਰੇਲ ਟਰੈਕ ’ਤੇ ਹੋਇਆ ਦਰਦਨਾਕ ਹਾਦਸਾ

01/20/2019 6:59:59 AM

ਜਲੰਧਰ,   (ਗੁਲਸ਼ਨ)–  ਸ਼ਨੀਵਾਰ ਸਵੇਰੇ ਡੀ. ਏ. ਵੀ. ਕਾਲਜ ਹਾਲਟ ਦੇ ਨੇੜੇ ਸ਼ੀਤਲ ਨਗਰ ਕੋਲ ਪੈਂਦੀਆਂ ਰੇਲ ਲਾਈਨਾਂ ’ਤੇ ਇਕ ਔਰਤ ਨੇ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਈਸ਼ਾ ਸਚਦੇਵ (31) ਪਤਨੀ  ਤਰੁਣਜੀਤ ਪੁਰੀ ਵਾਸੀ ਨਿਊ ਸ਼ੀਤਲ ਨਗਰ ਦੇ ਤੌਰ ’ਤੇ ਹੋਈ ਹੈ। ਖੁਦਕੁਸ਼ੀ ਦਾ ਕਾਰਨ ਘਰੇਲੂ ਕਲੇਸ਼ ਮੰਨਿਆ ਜਾ ਰਿਹਾ ਹੈ  ਪਰ ਔਰਤ ਦੇ ਪੇਕਿਆਂ ਨੇ ਸਹੁਰਿਆਂ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼  ਲਾਇਆ।
ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਵਲੋਂ ਇਕ ਮਾਲ ਗੱਡੀ ਆ ਰਹੀ ਸੀ, ਇੰਨੇ ਵਿਚ ਗੁਲਾਬੀ ਰੰਗ ਦਾ ਟਰੈਕ ਸੂਟ ਪਾਈ ਇਕ ਔਰਤ ਟਰੇਨ ਆਉਂਦੀ ਵੇਖ ਕੇ  ਇੰਜਣ ਵੱਲ ਪਿੱਠ ਕਰ ਕੇ ਖੜ੍ਹੀ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਲੋਕਾਂ ਨੇ ਔਰਤ ਨੂੰ ਰੇਲ ਲਾਈਨਾਂ ਤੋਂ ਹਟਣ ਲਈ ਕਾਫੀ ਆਵਾਜ਼ਾਂ ਮਾਰੀਆਂ। ਟਰੇਨ ਦੇ ਡਰਾਈਵਰ ਨੇ ਵੀ ਐਮਰਜੈਂਸੀ ਬ੍ਰੇਕ ਲਾਈ ਪਰ ਫਿਰ ਵੀ ਮਾਲ ਗੱਡੀ ਦੇ 4-5 ਵੈਗਨ ਉਸ  ਉਪਰੋਂ ਲੰਘ  ਗਏ ਅਤੇ ਉਸ ਤੋਂ ਬਾਅਦ ਟਰੇਨ ਰੁਕ ਗਈ।
ਘਟਨਾ ਤੋਂ ਬਾਅਦ ਵੀ ਔਰਤ ਦੇ ਸਾਹ ਚੱਲ ਰਹੇ ਸਨ। ਕਿਸੇ ਨੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ। 108 ਐਂਬੂਲੈਂਸ ਦੇ ਆਉਣ ’ਤੇ ਔਰਤ ਨੂੰ ਸਿਵਲ ਹਸਪਤਾਲ ਭੇਜਿਆ ਗਿਆ, ਜਿਥੇ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ। ਈਸ਼ਾ ਦੀ ਇਕ ਛੋਟੀ ਭੈਣ ਅਤੇ ਇਕ ਭਰਾ ਹੈ। ਪਿਤਾ ਦਿਲਕੁਸ਼ਾ ਮਾਰਕੀਟ ਵਿਚ ਚਾਹ ਦੀ ਦੁਕਾਨ ਕਰਦਾ ਹੈ। ਈਸ਼ਾ ਲਾਡੋਵਾਲੀ ਰੋਡ ’ਤੇ ਸਥਿਤ ਇਕ ਕਾਲਜ ਵਿਚ ਐੱਮ. ਐੱਡ. ਦੀ ਪੜ੍ਹਾਈ ਕਰ ਰਹੀ ਸੀ।

ਈਸ਼ਾ ਤੇ ਤਰੁਣ ਦੋਵਾਂ ਦਾ ਸੀ ਦੂਜਾ ਵਿਆਹ
ਈਸ਼ਾ  ਤੇ  ਤਰੁਣ ਦੋਵਾਂ ਦਾ ਹੀ ਇਹ ਦੂਜਾ ਵਿਆਹ ਸੀ।   ਕਰੀਬ ਦੋ ਸਾਲ ਪਹਿਲਾਂ ਦੋਵਾਂ ਦਾ  ਵਿਆਹ ਹੋਇਆ  ਸੀ। ਤਰੁਣ ਇਕ ਪ੍ਰਾਈਵੇਟ ਫਰਮ ਵਿਚ ਨੌਕਰੀ ਕਰਦਾ ਹੈ। ਉਸ ਦੇ ਘਰ ਅਜੇ ਕੋਈ  ਔਲਾਦ ਨਹੀਂ ਸੀ। ਈਸ਼ਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਈਸ਼ਾ ਦਾ ਪਤੀ ਤੇ ਸੱਸ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ, ਜਿਸ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ। 

ਜੀ. ਆਰ. ਪੀ. ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕੀਤੀ
ਸਿਵਲ ਹਸਪਤਾਲ ਵਿਚੋਂ ਈਸ਼ਾ  ਬਾਰੇ ਸੂਚਨਾ ਮਿਲਦਿਆਂ ਹੀ ਜੀ. ਆਰ. ਪੀ. ਦੇ ਐੱਸ. ਐੱਚ. ਓ. ਸਤਪਾਲ ਸਿੰਘ ਤੇ ਏ. ਐੱਸ. ਆਈ. ਅਮਰਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਫਿਲਹਾਲ ਪੁਲਸ ਨੇ ਇਸ ਸਬੰਧ ਵਿਚ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਇਸ ਦੌਰਾਨ ਈਸ਼ਾ ਦੇ ਪੇਕਿਆਂ ਨੇ ਸਹੁਰਿਆਂ ’ਤੇ ਕਾਰਵਾਈ ਕਰਨ ਦੀ ਵੀ ਗੱਲ ਕਹੀ। 

ਈਸ਼ਾ ਦੇ ਪਿਤਾ ਨੇ ਸਹੁਰਿਆਂ ਨੂੰ ਲਾਸ਼ ਦੇਣ ਤੋਂ ਕੀਤਾ ਇਨਕਾਰ
ਪੋਸਟਮਾਰਟਮ ਤੋਂ ਬਾਅਦ ਈਸ਼ਾ ਦੇ ਪਿਤਾ ਕਮਲ ਕੁਮਾਰ ਨੇ ਈਸ਼ਾ ਦੇ ਸਹੁਰਿਆਂ ਨੂੰ ਧੀ ਦੀ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਈਸ਼ਾ ਦਾ ਪਤੀ ਤਰੁਣ ਅਤੇ ਉਸ ਦੇ ਕੁਝ ਰਿਸ਼ਤੇਦਾਰ ਵੀ ਮੌਜੂਦ ਸਨ। ਉਨ੍ਹਾਂ ਲਾਸ਼ ਨੂੰ ਆਪਣੇ ਘਰ ਲੈ ਕੇ ਜਾਣ ਲਈ ਕਿਹਾ ਪਰ ਈਸ਼ਾ ਦੇ ਪਿਤਾ ਕਮਲ ਕੁਮਾਰ, ਮਾਂ ਅਨੀਤਾ ਤੇ ਰਾਹੁਲ ਨੇ ਇਨਕਾਰ ਕਰ ਦਿੱਤਾ ਅਤੇ ਲਾਸ਼  ਆਪਣੇ ਘਰ ਲੈ ਗਏ, ਜਿਸ ਤੋਂ ਬਾਅਦ  ਸ਼ਾਮ ਨੂੰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਲੈਪਟਾਪ ਲੈ ਕੇ ਦੇਣ ਦੀ ਜ਼ਿੱਦ ਕਰ ਰਹੀ ਸੀ ਈਸ਼ਾ Û: ਪਤੀ
ਮ੍ਰਿਤਕਾ ਦੇ ਪਤੀ ਤਰੁਣ ਨੇ ਦੱਸਿਆ ਕਿ ਈਸ਼ਾ ਲੈਪਟਾਪ ਲੈਣ ਲਈ ਜ਼ਿੱਦ ਕਰ ਰਹੀ ਸੀ। ਮਨ੍ਹਾ ਕਰਨ ’ਤੇ ਉਹ ਸਵੇਰੇ ਕਰੀਬ  9 ਵਜੇ ਘਰੋਂ ਨਿਕਲ ਗਈ ਅਤੇ ਥੋੜ੍ਹੀ ਦੇਰ ਬਾਅਦ ਹੀ ਹਾਦਸਾ ਹੋ ਗਿਆ।
 


Related News