ਨਗਰ ਨਿਗਮ ’ਚ ਨਾਲਾਇਕੀ ਦੀ ਇੰਤਹਾ, ਸੋਢਲ ਮੇਲੇ ਤੋਂ ਇਕ ਦਿਨ ਪਹਿਲਾਂ ਪੂਰੇ ਸ਼ਹਿਰ ਦਾ ਸੀਵਰ ਸਿਸਟਮ ਜਾਮ

Friday, Sep 09, 2022 - 10:43 AM (IST)

ਨਗਰ ਨਿਗਮ ’ਚ ਨਾਲਾਇਕੀ ਦੀ ਇੰਤਹਾ, ਸੋਢਲ ਮੇਲੇ ਤੋਂ ਇਕ ਦਿਨ ਪਹਿਲਾਂ ਪੂਰੇ ਸ਼ਹਿਰ ਦਾ ਸੀਵਰ ਸਿਸਟਮ ਜਾਮ

ਜਲੰਧਰ (ਖੁਰਾਣਾ)– ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਦੌਰਾਨ ਜਲੰਧਰ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ, ਕਮੀਸ਼ਨਖੋਰੀ ਅਤੇ ਲਾਪ੍ਰਵਾਹੀ ਦਾ ਬੋਲਬਾਲਾ ਰਿਹਾ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਣ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀਆਂ ਦੀ ਨਾਲਾਇਕੀ ਵਿਚ ਕੋਈ ਕਮੀ ਨਹੀਂ ਆਈ, ਸਗੋਂ ਹੁਣ ਤਾਂ ਨਿਗਮ ਵਿਚ ਨਾਲਾਇਕੀ ਦੀ ਇੰਤਹਾ ਹੋ ਗਈ ਹੈ। ਬਾਬਾ ਸੋਢਲ ਮੇਲਾ, ਜਿਸ ਦੀ ਉਡੀਕ ਸ਼ਰਧਾਲੂ ਸਾਰਾ ਸਾਲ ਕਰਦੇ ਹਨ ਅਤੇ ਲੱਖਾਂ ਲੋਕ ਇਸ ਮੇਲੇ ਦੌਰਾਨ ਬਾਬਾ ਸੋਢਲ ਦੇ ਦਰ ’ਤੇ ਸੀਸ ਝੁਕਾਉਣ ਪਹੁੰਚਦੇ ਹਨ, ਉਸ ਮੇਲੇ ਦੇ ਮਹੱਤਵ ਦਾ ਵੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਕੋਈ ਖਿਆਲ ਨਹੀਂ ਰੱਖਿਆ ਅਤੇ ਮੇਲੇ ਤੋਂ ਠੀਕ ਇਕ ਦਿਨ ਪਹਿਲਾਂ ਨਾ ਸਿਰਫ਼ ਪੂਰੇ ਸ਼ਹਿਰ ਦਾ ਸੀਵਰ ਸਿਸਟਮ ਜਾਮ ਰਿਹਾ, ਸਗੋਂ ਪੈਟਰੋਲ ਪੰਪ ਮਾਲਕ ਵੱਲੋਂ ਨਿਗਮ ਨੂੰ ਤੇਲ ਉਧਾਰ ਨਾ ਦਿੱਤੇ ਜਾਣ ਕਾਰਨ ਸ਼ਹਿਰ ਵਿਚੋਂ ਕੂੜਾ ਵੀ ਨਹੀਂ ਚੁੱਕਿਆ ਜਾ ਸਕਿਆ। ਇਸ ਕਾਰਨ ਜਿੱਥੇ ਮੇਲਾ ਇਲਾਕੇ ਅਤੇ ਸੋਢਲ ਵੱਲ ਜਾਣ ਵਾਲੀਆਂ ਮੇਨ ਸੜਕਾਂ ’ਤੇ ਕੂੜੇ ਦੇ ਢੇਰ ਲੱਗੇ ਦੇਖੇ ਗਏ, ਉਥੇ ਹੀ ਸੀਵਰੇਜ ਸਿਸਟਮ ਦੇ ਗੜਬੜਾ ਜਾਣ ਨਾਲ ਵੀ ਕਈ ਜਗ੍ਹਾ ਨਰਕ ਵਰਗੇ ਹਾਲਾਤ ਦਿਸੇ।

ਜ਼ਿਕਰਯੋਗ ਹੈ ਕਿ ਨਗਰ ਨਿਗਮ ਆਪਣੀਆਂ ਕੂੜਾ ਢੋਣ ਵਾਲੀਆਂ ਗੱਡੀਆਂ ਲਈ ਵੇਰਕਾ ਮਿਲਕ ਪਲਾਂਟ ਦੇ ਨੇੜੇ ਇਕ ਪੈਟਰੋਲ ਪੰਪ ਤੋਂ ਡੀਜ਼ਲ ਆਦਿ ਪੁਆਉਂਦਾ ਹੈ ਪਰ ਜਦੋਂ ਨਗਰ ਨਿਗਮ ’ਤੇ ਪੈਟਰੋਲ ਪੰਪ ਮਾਲਕ ਦਾ ਲਗਭਗ 85 ਲੱਖ ਰੁਪਏ ਉਧਾਰ ਚੜ੍ਹ ਗਿਆ ਤਾਂ ਅੱਜ ਉਸ ਨੇ ਨਿਗਮ ਦੀਆਂ ਗੱਡੀਆਂ ਨੂੰ ਤੇਲ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ। ਇਸ ਕਾਰਨ ਸਵੇਰ ਦੇ ਸਮੇਂ ਸ਼ਹਿਰ ਵਿਚੋਂ ਕੂੜੇ ਦੀ ਲਿਫ਼ਟਿੰਗ ਨਹੀਂ ਹੋਈ। ਬਾਅਦ ਵਿਚ ਨਿਗਮ ਅਧਿਕਾਰੀਆਂ ਨੇ ਮਿੰਨਤਾਂ-ਤਰਲੇ ਆਦਿ ਕਰ ਕੇ ਅਤੇ ਸੋਢਲ ਮੇਲੇ ਦਾ ਵਾਸਤਾ ਪਾ ਕੇ ਪੰਪ ਮਾਲਕ ਤੱਕ ਪਹੁੰਚ ਕੀਤੀ, ਜਿਸ ਨੇ ਕਈ ਘੰਟੇ ਬਾਅਦ ਨਿਗਮ ਦੀਆਂ ਕੁਝ ਗੱਡੀਆਂ ਵਿਚ ਡੀਜ਼ਲ ਆਦਿ ਪੁਆਇਆ ਅਤੇ ਨਿਗਮ ਕੁਝ ਜਗ੍ਹਾ ’ਤੇ ਸਫ਼ਾਈ ਕਰਵਾ ਸਕਣ ਵਿਚ ਕਾਮਯਾਬ ਹੋਇਆ। ਨਿਗਮ ਦੀ ਇਸ ਨਾਲਾਇਕੀ ਕਾਰਨ ਸ਼ਹਿਰ ਦੇ ਕਈ ਡੰਪ ਸਥਾਨਾਂ ’ਤੇ ਕੂੜੇ ਦੇ ਢੇਰ ਲੱਗੇ ਵੇਖੇ ਗਏ।

ਇਹ ਵੀ ਪੜ੍ਹੋ: ਅੱਜ ਮੇਲੇ ’ਤੇ ਵਿਸ਼ੇਸ਼ : ਅਟੁੱਟ ਸ਼ਰਧਾ ਤੇ ਅਥਾਹ ਆਸਥਾ ਦੇ ਪ੍ਰਤੀਕ ਹਨ 'ਬਾਬਾ ਸੋਢਲ' ਜੀ

PunjabKesari

ਬੁੱਧਵਾਰ ਸ਼ਾਮੀਂ 5 ਵਜੇ ਹੀ ਬੰਦ ਹੋ ਗਏ ਸਨ ਸਾਰੇ ਸੀਵਰੇਜ ਟ੍ਰੀਟਮੈਂਟ ਪਲਾਂਟ
ਸ਼ਹਿਰ ਦੇ ਲਗਭਗ 4 ਲੱਖ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਦਾ ਸੀਵਰੇਜ ਸਾਫ ਕਰਨ ਲਈ ਨਗਰ ਨਿਗਮ ਨੇ ਫੋਲੜੀਵਾਲ ਵਿਚ 4, ਬਸਤੀ ਪੀਰਦਾਦ ਵਿਚ 2 ਅਤੇ ਜੈਤੇਵਾਲੀ ਪਿੰਡ ਵਿਚ 1 ਸੀਵਰੇਜ ਟ੍ਰੀਟਮੈਂਟ ਪਲਾਂਟ ਲਾਇਆ ਹੋਇਆ ਹੈ, ਜਿਥੇ ਰੋਜ਼ਾਨਾ ਲੱਖਾਂ ਲਿਟਰ ਗੰਦੇ ਪਾਣੀ ਨੂੰ ਸਾਫ ਕਰ ਕੇ ਅੱਗੇ ਭੇਜਿਆ ਜਾਂਦਾ ਹੈ। ਇਨ੍ਹਾਂ ਟ੍ਰੀਟਮੈਂਟ ਪਲਾਂਟਾਂ ਦਾ ਸੰਚਾਲਨ ਪ੍ਰਾਈਵੇਟ ਕੰਪਨੀਆਂ ਕਰਦੀਆਂ ਹਨ, ਜਿਨ੍ਹਾਂ ਨੂੰ ਨਿਗਮ ਨੇ ਪਿਛਲੇ ਲਗਭਗ ਇਕ ਸਾਲ ਤੋਂ ਪੇਮੈਂਟ ਹੀ ਨਹੀਂ ਕੀਤੀ ਅਤੇ ਹੁਣ ਨਿਗਮ ਵੱਲ ਉਨ੍ਹਾਂ ਦਾ ਲਗਭਗ 13 ਕਰੋੜ ਰੁਪਿਆ ਬਕਾਇਆ ਖੜ੍ਹਾ ਹੋ ਗਿਆ ਹੈ।
ਇਸ ਨਾਲ ਕੰਪਨੀਆਂ ’ਚ ਕਾਫ਼ੀ ਰੋਸ ਹੈ ਅਤੇ ਉਨ੍ਹਾਂ ਦੀ ਲੇਬਰ ਵਾਰ-ਵਾਰ ਹੜਤਾਲ ’ਤੇ ਜਾ ਰਹੀ ਹੈ। ਇਸ ਕਾਰਨ ਬੁੱਧਵਾਰ ਸ਼ਾਮੀਂ 5 ਵਜੇ ਸਾਰੇ ਟ੍ਰੀਟਮੈਂਟ ਪਲਾਂਟ ਬੰਦ ਕਰ ਦਿੱਤੇ ਗਏ, ਜਿਸ ਕਾਰਨ ਪੂਰੇ ਜਲੰਧਰ ਸ਼ਹਿਰ ਦਾ ਸੀਵਰੇਜ ਸਿਸਟਮ ਠੱਪ ਹੋ ਕੇ ਰਹਿ ਗਿਆ।

ਸੀਵਰੇਜ ਟ੍ਰੀਟਮੈਂਟ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵੀਰਵਾਰ 66 ਫੁੱਟੀ ਰੋਡ ’ਤੇ ਜਾ ਕੇ ਸੜਕ ਨੂੰ ਜਾਮ ਕਰਕੇ ਰੋਸ-ਪ੍ਰਦਰਸ਼ਨ ਕੀਤਾ ਅਤੇ ਨਿਗਮ ’ਤੇ ਆਪਣਾ ਗੁੱਸਾ ਕੱਢਿਆ। ਹੁਣ ਕੰਪਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼ਨੀਵਾਰ ਤੱਕ ਉਨ੍ਹਾਂ ਦਾ ਭੁਗਤਾਨ ਨਾ ਹੋਇਆ ਤਾਂ ਟ੍ਰੀਟਮੈਂਟ ਪਲਾਂਟਾਂ ਦਾ ਕੰਮ ਬਿਲਕੁਲ ਬੰਦ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵੀਰਵਾਰ ਦੁਪਹਿਰੇ 2 ਵਜੇ ਦੇ ਲਗਭਗ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਲੇਬਰ ਨੂੰ ਮਨਾ ਕੇ ਟ੍ਰੀਟਮੈਂਟ ਪਲਾਂਟ ਕੁਝ ਦੇਰ ਲਈ ਚਾਲੂ ਕਰਵਾਏ, ਜਿਸ ਸਦਕਾ ਕਈ ਇਲਾਕਿਆਂ ਨੂੰ ਸੀਵਰੇਜ ਜਾਮ ਤੋਂ ਰਾਹਤ ਮਿਲੀ। ਕਈ ਘੰਟੇ ਪਲਾਂਟ ਬੰਦ ਰਹਿਣ ਕਾਰਨ ਸ਼ਹਿਰ ਵਿਚ ਕਈ ਥਾਵਾਂ ’ਤੇ ਸੀਵਰੇਜ ਓਵਰਫਲੋਅ ਦੀ ਸਮੱਸਿਆ ਵੀ ਵੇਖੀ ਗਈ।

ਇਹ ਵੀ ਪੜ੍ਹੋ: ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦਾ ਆਗਾਜ਼, ਦੋਆਬਾ ਚੌਂਕ ਸਣੇ ਇਹ 11 ਰਸਤੇ ਕੀਤੇ ਗਏ ਡਾਇਵਰਟ

PunjabKesari

ਸਟਰੀਟ ਲਾਈਟ ਸਿਸਟਮ ਵੀ ਠੱਪ, ਕੰਪਨੀ ਨੇ ਛੱਡਿਆ ਕੰਮ
ਸਮਾਰਟ ਸਿਟੀ ਤੋਂ 50 ਕਰੋੜ ਰੁਪਏ ਤੋਂ ਵੱਧ ਖਰਚ ਕਰਨ ਦੇ ਬਾਵਜੂਦ ਇਨ੍ਹੀਂ ਦਿਨੀਂ ਅੱਧੇ ਤੋਂ ਜ਼ਿਆਦਾ ਸ਼ਹਿਰ ਦਾ ਸਟਰੀਟ ਲਾਈਟ ਸਿਸਟਮ ਠੱਪ ਪਿਆ ਹੈ ਅਤੇ ਹਜ਼ਾਰਾਂ ਸਟਰੀਟ ਲਾਈਟਾਂ ਜਗਾਉਣ-ਬੁਝਾਉਣ ਜਾਂ ਠੀਕ ਕਰਨ ਦਾ ਕੋਈ ਇੰਤਜ਼ਾਮ ਨਹੀਂ ਹੈ। ਪਤਾ ਲੱਗਾ ਹੈ ਕਿ ਸ਼ਹਿਰ ਵਿਚ ਨਵੀਆਂ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਵਾਲੀ ਕੰਪਨੀ ਨੇ ਨਿਗਮ ਦੇ ਰਵੱਈਏ ਤੋਂ ਦੁਖੀ ਹੋ ਕੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਕੰਪਨੀ ਦੀ ਟੈਕਨੀਕਲ ਲੇਬਰ ਵੀ ਕਿਸੇ ਸ਼ਿਕਾਇਤ ਨੂੰ ਦੂਰ ਨਹੀਂ ਕਰ ਰਹੀ।
ਸੋਢਲ ਮੇਲਾ ਇਲਾਕੇ ਵਿਚ ਵੀ ਸਟਰੀਟ ਲਾਈਟਾਂ ਬੰਦ ਰਹਿਣ ਦੀ ਸਮੱਸਿਆ ਆਉਣ ਤੋਂ ਬਾਅਦ ਨਿਗਮ ਅਧਿਕਾਰੀਆਂ ਨੇ ਜਲਦਬਾਜ਼ੀ ਵਿਚ ਨਿਗਮ ਦੇ ਸਟਾਫ ਦੀ ਡਿਊਟੀ ਲਾ ਕੇ ਕਈ ਸਟਰੀਟ ਲਾਈਟਾਂ ਨੂੰ ਜਗਾਇਆ ਅਤੇ ਠੀਕ ਆਦਿ ਕੀਤਾ। ਐੱਲ. ਈ. ਡੀ. ਕੰਪਨੀ ਵੱਲੋਂ ਕੰਮ ਬੰਦ ਕਰ ਦਿੱਤੇ ਜਾਣ ਕਾਰਨ ਵੀ ਨਿਗਮ ਦੀ ਕਾਫੀ ਫਜ਼ੀਹਤ ਹੋ ਰਹੀ ਹੈ।

ਕਿਤੇ ਨਜ਼ਰ ਨਹੀਂ ਆ ਰਹੀ ਆਮ ਆਦਮੀ ਪਾਰਟੀ ਦੀ ਮੌਜੂਦਗੀ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ, ਜਿਸ ਕਾਰਨ ਹੋਰ ਸਿਆਸੀ ਪਾਰਟੀਆਂ ’ਚ ਹੜਕੰਪ ਮਚਿਆ ਹੋਇਆ ਹੈ। ਸੂਬਾ ਪੱਧਰ ’ਤੇ ਸਰਕਾਰ ਦੀ ਕਾਰਗੁਜ਼ਾਰੀ ਵੀ ਵਧੀਆ ਆਂਕੀ ਜਾ ਰਹੀ ਹੈ ਪਰ ਜਲੰਧਰ ਵਿਚ ‘ਆਪ’ ਦੇ 2 ਵਿਧਾਇਕ ਹੋਣ ਦੇ ਬਾਵਜੂਦ ਉਨ੍ਹਾਂ ਦਾ ਨਗਰ ਨਿਗਮ ’ਤੇ ਕੋਈ ਕੰਟਰੋਲ ਨਹੀਂ ਦਿਸ ਰਿਹਾ।
ਜਲੰਧਰ ਵਿਚ ‘ਆਪ’ ਦਾ ਸੰਗਠਨ ਵੀ ਤਿਆਰ ਹੋ ਚੁੱਕਾ ਹੈ ਪਰ ਇਸਦੇ ਬਾਵਜੂਦ ਅਫਸਰਸ਼ਾਹੀ ‘ਆਪ’ ਆਗੂਆਂ ਨਾਲ ਜ਼ਰਾ ਜਿੰਨਾ ਵੀ ਤਾਲਮੇਲ ਨਹੀਂ ਬਿਠਾ ਪਾ ਰਹੀ। ਜਲੰਧਰ ਨਗਰ ਨਿਗਮ, ਸਮਾਰਟ ਸਿਟੀ, ਪੁੱਡਾ, ਜੇ. ਡੀ. ਏ. ਅਤੇ ਇੰਪਰੂਵਮੈਂਟ ਟਰੱਸਟ ਵਰਗੇ ਸਰਕਾਰੀ ਮਹਿਕਮਾ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਵਿਚ ਡੁੱਬੇ ਹੋਏ ਹਨ ਅਤੇ ਸ਼ਹਿਰ ਨੂੰ ਚਲਾਉਣ ਪ੍ਰਤੀ ਨਾਲਾਇਕੀ ਵਰਤ ਰਹੇ ਹਨ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਨਿਗਮ ਚੋਣਾਂ ਵਿਚ ਲੋਕਾਂ ਦਾ ਕਾਫੀ ਰੋਸ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ: ‘ਬਾਬਾ ਸੋਢਲ’ ਦੇ ਮੇਲੇ ’ਚ ਝੂਲੇ ਲਗਾਉਣ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਜਾਰੀ ਕੀਤੇ ਇਹ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News