22 ਕਰੋੜ ਦਾ ਸਟਾਰਮ ਵਾਟਰ ਸੀਵਰ ਪਾਉਣ ਦੇ ਬਾਵਜੂਦ ਥੋੜ੍ਹੇ ਜਿਹੇ ਮੀਂਹ ’ਚ ਝੀਲ ਬਣ ਜਾਂਦੀ ਹੈ 120 ਫੁੱਟੀ ਰੋਡ

Friday, Aug 30, 2024 - 10:50 AM (IST)

22 ਕਰੋੜ ਦਾ ਸਟਾਰਮ ਵਾਟਰ ਸੀਵਰ ਪਾਉਣ ਦੇ ਬਾਵਜੂਦ ਥੋੜ੍ਹੇ ਜਿਹੇ ਮੀਂਹ ’ਚ ਝੀਲ ਬਣ ਜਾਂਦੀ ਹੈ 120 ਫੁੱਟੀ ਰੋਡ

ਜਲੰਧਰ (ਖੁਰਾਣਾ)–ਜਦੋਂ ਪੰਜਾਬ ਅਤੇ ਜਲੰਧਰ ਨਿਗਮ ਵਿਚ ਕਾਂਗਰਸ ਦੀ ਸਰਕਾਰ ਹੁੰਦੀ ਸੀ, ਉਦੋਂ ਉਸ ਸਮੇਂ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਸਮਾਰਟ ਸਿਟੀ ਫੰਡ ਵਿਚੋਂ ਲੱਗਭਗ 22 ਕਰੋੜ ਰੁਪਏ ਖ਼ਰਚ ਕਰਕੇ 120 ਫੁੱਟੀ ਰੋਡ ’ਤੇ ਸਟਾਰਮ ਵਾਟਰ ਸੀਵਰ ਪੁਆਇਆ ਸੀ। ਉਦੋਂ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ 120 ਫੁੱਟੀ ਰੋਡ ਦੇ ਨਾਲ-ਨਾਲ ਬਸਤੀ ਸ਼ੇਖ, ਬਸਤੀ ਦਾਨਿਸ਼ਮੰਦਾਂ, ਬਸਤੀ ਗੁਜ਼ਾਂ ਅਤੇ ਨੇੜਲੇ ਵੱਡੇ ਇਲਾਕੇ ਨੂੰ ਕਾਫੀ ਲਾਭ ਹੋਵੇਗਾ ਅਤੇ ਇਸ ਪੂਰੇ ਇਲਾਕੇ ਵਿਚ ਬਰਸਾਤੀ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਸਦਾ ਲਈ ਖ਼ਤਮ ਹੋ ਜਾਵੇਗੀ।
ਇਸ ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ ਕੁਝ ਸਮਾਂ ਤਾਂ ਇਹ ਸਫ਼ਲਤਾਪੂਰਵਕ ਚੱਲਿਆ ਅਤੇ ਬਰਸਾਤੀ ਪਾਣੀ ਨਾਲ-ਨਾਲ ਨਿਕਲਦਾ ਵੀ ਰਿਹਾ ਪਰ ਜਲੰਧਰ ਨਿਗਮ ਦੇ ਮੌਜੂਦਾ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਜਿੱਥੇ ਸਮਾਰਟ ਸਿਟੀ ਦੇ ਬਾਕੀ ਪ੍ਰਾਜੈਕਟ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ, ਉਥੇ ਹੀ ਜਲੰਧਰ ਨਿਗਮ ਦੇ ਅਧਿਕਾਰੀ ਇਸ ਪ੍ਰਾਜੈਕਟ ਨੂੰ ਚਲਵਾ ਪਾਉਣ ਵਿਚ ਵੀ ਨਾਕਾਮ ਰਹੇ ਹਨ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਅਕਾਲੀ ਦਲ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ

ਇਸ ਕਾਰਨ ਥੋੜ੍ਹੇ ਜਿਹੇ ਮੀਂਹ ਵਿਚ ਵੀ 120 ਫੁੱਟੀ ਝੀਲ ਬਣ ਜਾਂਦੀ ਰਹੀ ਹੈ। ਬੀਤੇ ਦਿਨ ਵੀ ਸ਼ਹਿਰ ਵਿਚ ਪਏ ਲਗਾਤਾਰ ਮੀਂਹ ਕਾਰਨ 120 ਫੁੱਟੀ ਰੋਡ ’ਤੇ ਕਈ-ਕਈ ਫੁੱਟ ਪਾਣੀ ਭਰਿਆ ਰਿਹਾ ਅਤੇ ਲੱਗਾ ਹੀ ਨਹੀਂ ਕਦੀ ਇਥੇ ਸਟਾਰਮ ਵਾਟਰ ਸੀਵਰ ਪਾਇਆ ਗਿਆ ਹੋਵੇਗਾ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬਾਬੂ ਜਗਜੀਵਨ ਰਾਮ ਚੌਕ ਨੇੜੇ ਇਸ ਪ੍ਰਾਜੈਕਟ ਲਈ ਜੋ ਪੰਪਿੰਗ ਸਟੇਸ਼ਨ ਬਣਾਇਆ ਗਿਆ ਹੈ, ਉਸਨੂੰ ਕਦੀ ਚਲਾਇਆ ਹੀ ਨਹੀਂ ਜਾਂਦਾ ਅਤੇ ਨਾ ਹੀ ਕਿਸੇ ਨਿਗਮ ਅਧਿਕਾਰੀ ਨੇ ਇਸ ਪਾਸੇ ਧਿਆਨ ਹੀ ਦਿੱਤਾ ਹੈ।

ਪ੍ਰਾਜੈਕਟ ਪੂਰਾ ਹੋਏ ਨੂੰ ਲੱਗਭਗ 2 ਸਾਲ ਹੋਏ ਪਰ ਨਿਗਮ ਨੇ ਟੇਕਓਵਰ ਨਹੀਂ ਕੀਤਾ
ਸਮਾਰਟ ਸਿਟੀ ਦਾ ਇਹ ਪ੍ਰਾਜੈਕਟ ਲੱਗਭਗ 2 ਸਾਲ ਪਹਿਲਾਂ ਪੂਰਾ ਹੋ ਗਿਆ ਸੀ ਅਤੇ ਖਾਸ ਗੱਲ ਇਹ ਰਹੀ ਕਿ ਇਸ ਪ੍ਰਾਜੈਕਟ ਨੰੂੰ ਜਲੰਧਰ ਨਿਗਮ ਦੇ ਅਧਿਕਾਰੀਆਂ ਦੀ ਦੇਖ-ਰੇਖ ਵਿਚ ਬਣਾਇਆ ਗਿਆ ਅਤੇ ਪੂਰਾ ਕੀਤਾ ਗਿਆ ਪਰ ਫਿਰ ਵੀ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਨੂੰ ਟੇਕਓਵਰ ਨਹੀਂ ਕੀਤਾ। ਬੀਤੇ ਦਿਨ ਜਲੰਧਰ ਨਿਗਮ ਦੇ ਅਧਿਕਾਰੀ ਇਸ ਪ੍ਰਾਜੈਕਟ ਵਿਚ ਕਈ ਕਮੀਆਂ ਕੱਢ ਰਹੇ ਹਨ ਪਰ ਇਹ ਅਧਿਕਾਰੀ ਉਦੋਂ ਕਿੱਥੇ ਸਨ, ਜਦੋਂ ਇਹ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਸੀ। ਪਤਾ ਲੱਗਾ ਹੈ ਕਿ ਇਸ ਪ੍ਰਾਜੈਕਟ ਲਈ ਬਣੇ ਪੰਪਿੰਗ ਸਟੇਸ਼ਨ ਨੂੰ ਚਲਾਉਣ ਵਿਚ ਵੀ ਜ਼ਿਆਦਾ ਦਿਲਚਸਪੀ ਨਹੀਂ ਲਈ ਜਾ ਰਹੀ ਅਤੇ ਨਾ ਹੀ ਨਗਰ ਨਿਗਮ ਦਾ ਕੋਈ ਅਧਿਕਾਰੀ ਇਸ ਪ੍ਰਤੀ ਗੰਭੀਰ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਬਲਵਿੰਦਰ ਸਿੰਘ ਭੂੰਦੜ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਹੁਣ ਕੋਈ ਆਗੂ ਵੀ ਇਸ ਸਮੱਸਿਆ ਪ੍ਰਤੀ ਗੰਭੀਰ ਨਹੀਂ
ਪਿਛਲੇ ਸਮੇਂ ਦੌਰਾਨ ਪਏ ਮੀਂਹਾਂ ਕਾਰਨ 120 ਫੁੱਟੀ ਰੋਡ ’ਤੇ ਪਾਣੀ ਭਰਦਾ ਰਿਹਾ ਪਰ ਹੁਣ ਅਜਿਹੇ ਹਾਲਾਤ ਬਣ ਚੁੱਕੇ ਹਨ ਕਿ ਇਸ ਇਲਾਕੇ ਨਾਲ ਸਬੰਧਤ ਕੋਈ ਵੀ ਆਗੂ ਹੁਣ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਕੋਈ ਵੀ ਆਗੂ ਇਹ ਸਵਾਲ ਨਹੀਂ ਉਠਾ ਰਿਹਾ ਕਿ ਪ੍ਰਾਜੈਕਟ ਵਿਚ ਕਿੱਥੇ ਗਲਤੀ ਹੋਈ ਅਤੇ ਹੁਣ ਨਗਰ ਨਿਗਮ ਇਸ ਦੀ ਮੇਨਟੀਨੈਂਸ ਕਿਉਂ ਨਹੀਂ ਕਰਵਾ ਰਿਹਾ। ਸਟਾਰਮ ਵਾਟਰ ਸੀਵਰ ਦੇ ਪਾਣੀ ਦੀ ਨਿਕਾਸੀ ਲਈ ਜਿਹੜੀਆਂ ਰੋਡ-ਗਲੀਆਂ ਬਣੀਆਂ ਹੋਈਆਂ ਹਨ, ਉਹ ਕੂੜੇ-ਕਰਕਟ ਅਤੇ ਮਲਬੇ ਨਾਲ ਭਰੀਆਂ ਰਹਿੰਦੀਆਂ ਹਨ ਪਰ ਨਿਗਮ ਉਨ੍ਹਾਂ ਦੀ ਸਫ਼ਾਈ ਦਾ ਵੀ ਕੋਈ ਇੰਤਜ਼ਾਮ ਨਹੀਂ ਕਰਵਾ ਸਕਿਆ। ਕੁਝ ਸਾਲ ਪਹਿਲਾਂ 120 ਫੁੱਟੀ ਰੋਡ ਹਮੇਸ਼ਾ ਚਰਚਾ ਵਿਚ ਰਹਿੰਦੀ ਹੁੰਦੀ ਸੀ ਪਰ ਹੁਣ ਵੈਸਟ ਵਿਧਾਨ ਸਭਾ ਹਲਕੇ ਦੇ ਆਗੂਆਂ ਨੇ ਇਸ ਸਮੱਸਿਆ ਵੱਲੋਂ ਅੱਖਾਂ ਬੰਦ ਕਰ ਲਈਆਂ ਲੱਗਦੀਆਂ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਮਚਿਆ ਚੀਕ-ਚਿਹਾੜਾ

ਆਟੋ ਪਾਇਲਟ ਮੋਡ ’ਤੇ ਚਲਾ ਗਿਆ ਹੈ ਨਗਰ ਨਿਗਮ : ਸੁਸ਼ੀਲ ਰਿੰਕੂ
ਸਾਬਕਾ ਸੰਸਦ ਮੈਂਬਰ ਅਤੇ ਹੁਣ ਭਾਜਪਾ ਆਗੂ ਸੁਸ਼ੀਲ ਰਿੰਕੂ ਨੇ ਦੋਸ਼ ਲਾਇਆ ਹੈ ਕਿ ਨਗਰ ਨਿਗਮ ਜਲੰਧਰ ਦੇ ਅਧਿਕਾਰੀ 120 ਫੁੱਟੀ ਰੋਡ ’ਤੇ ਪਾਏ ਗਏ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਨੂੰ ਚਲਾਉਣ ਅਤੇ ਮੇਨਟੇਨ ਕਰਨ ਵਿਚ ਅਸਫ਼ਲ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਪਾਣੀ ਦੀ ਨਿਕਾਸੀ ਲਈ ਜਿਹੜੀਆਂ ਰੋਡ-ਗਲੀਆਂ ਅਤੇ ਚੈਂਬਰ ਬਣਾਏ ਗਏ ਸਨ, ਉਹ ਹਮੇਸ਼ਾ ਕੂੜੇ-ਕਰਕਟ ਅਤੇ ਮਿੱਟੀ ਨਾਲ ਭਰੇ ਰਹਿੰਦੇ ਹਨ, ਜਿਸ ਕਰਕੇ ਪੰਪਿੰਗ ਸਟੇਸ਼ਨ ਤਕ ਬਰਸਾਤੀ ਪਾਣੀ ਹੀ ਨਹੀਂ ਪਹੁੰਚਦਾ ਅਤੇ ਨਾ ਹੀ ਪੰਪਿੰਗ ਸਟੇਸ਼ਨ ਚਲਾਏ ਜਾਣ ਵਿਚ ਦਿਲਚਸਪੀ ਵਿਖਾਈ ਜਾ ਰਹੀ ਹੈ।
ਸੁਸ਼ੀਲ ਰਿੰਕੂ ਨੇ ਕਿਹਾ ਕਿ ਅੱਜ ਪੂਰਾ ਜਲੰਧਰ ਨਿਗਮ ਹੀ ਆਟੋ ਪਾਇਲਟ ਮੋਡ ’ਤੇ ਚਲਾ ਗਿਆ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੋਈ ਸੁਣਵਾਈ ਨਹੀਂ ਹੁੰਦੀ। ਨਾ ਹੀ ਸ਼ਹਿਰ ਵਿਚ ਢੰਗ ਨਾਲ ਸਫਾਈ ਹੋ ਰਹੀ ਹੈ, ਨਾ ਸੀਵਰ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਪਿਛਲੇ ਸਮੇਂ ਦੌਰਾਨ ਪੂਰੇ ਹੋਏ ਪ੍ਰਾਜੈਕਟਾਂ ਦੀ ਦੇਖ-ਰੇਖ ਹੀ ਕੀਤੀ ਜਾ ਰਹੀ ਹੈ। ਕੋਈ ਨਿਗਮ ਅਧਿਕਾਰੀ ਫੀਲਡ ਵਿਚ ਨਿਕਲ ਕੇ ਟੁੱਟੀਆਂ ਸੜਕਾਂ ਅਤੇ ਬੰਦ ਸਟਰੀਟ ਲਾਈਟਾਂ ਵਰਗੀ ਸਮੱਸਿਆ ਨੂੰ ਨਹੀ ਵੇਖ ਰਿਹਾ। ਨਗਰ ਨਿਗਮ ਕਮਿਸ਼ਨਰ ਵੀ ਸਿਰਫ ਮੀਟਿੰਗਾਂ ਤਕ ਹੀ ਸੀਮਤ ਹਨ, ਜਿਸ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿਚ ਵਾਧਾ ਹੋ ਰਿਹਾ ਹੈ।
 

ਇਹ ਵੀ ਪੜ੍ਹੋ- ਪੰਜਾਬ ਕੈਬਨਿਟ 'ਚ ਲਏ ਗਏ ਅਹਿਮ ਫ਼ੈਸਲੇ, ਸੂਬੇ 'ਚ ਵਧਾਈਆਂ ਗਈਆਂ PCS ਦੀਆਂ ਪੋਸਟਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News