ਬੇਗੋਵਾਲ ''ਚ ਡੇਂਗੂ ਦੇ 8 ਮਾਮਲੇ ਆਏ ਸਾਹਮਣੇ, ਫਰਿੱਜਾਂ ਦੀ ਬਰਫ਼ ਤੱਕ ''ਚੋਂ ਵੀ ਮਿਲ ਰਿਹੈ ਲਾਰਵਾ
09/26/2023 4:21:28 PM

ਬੇਗੋਵਾਲ (ਰਜਿੰਦਰ) : ਬਰਸਾਤੀ ਮੌਸਮ ਤੋਂ ਬਾਅਦ ਬੇਗੋਵਾਲ ਇਲਾਕੇ ਵਿਚ ਡੇਂਗੂ ਦਾ ਪਸਾਰਾ ਵਧਿਆ ਹੈ। ਇੱਥੇ ਹੁਣ ਡੇਂਗੂ ਬੁਖਾਰ ਦੇ ਦੋ ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਪਹਿਲਾਂ 6 ਮਰੀਜ਼ ਸਨ। ਇਸ ਤੋਂ ਬਾਅਦ ਡੇਂਗੂ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ 8 ਹੋ ਗਈ ਹੈ, ਜਿਨ੍ਹਾਂ ਬਾਰੇ ਅਧਿਕਾਰਿਕ ਤੌਰ ’ਤੇ ਪੁਸ਼ਟੀ ਵੀ ਹੋ ਚੁੱਕੀ ਹੈ। ਦੱਸ ਦੇਈਏ ਕਿ ਪਿਛਲੇ ਦਿਨਾਂ ਤੋਂ ਬੇਗੋਵਾਲ ਸ਼ਹਿਰ ਤੇ ਇਲਾਕੇ ਵਿਚ ਡੇਂਗੂ ਮੱਛਰ ਦਾ ਡੰਗ ਵਧਿਆ ਹੈ। ਦਰਜਨਾਂ ਲੋਕ ਬੁਖਾਰ ਦੇ ਨਾਲ ਪਲੇਟਲੈੱਟ ਸੈੱਲ ਘਟਣ ਤੋਂ ਪੀੜਤ ਹਨ। ਬੀਮਾਰ ਲੋਕ ਸ਼ਹਿਰ ਦੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਵਿਚ ਜਾ ਰਹੇ ਹਨ। ਜੇਕਰ ਪ੍ਰਾਈਵੇਟ ਦੀ ਗੱਲ ਕਰੀਏ ਤਾਂ ਉੱਥੇ ਵੱਡੀ ਗਿਣਤੀ ਵਿਚ ਮਰੀਜ਼ ਗਏ ਹਨ। ਇਨ੍ਹਾਂ ਮਰੀਜ਼ਾਂ ਦਾ ਜਦੋਂ ਡੇਂਗੂ ਦਾ ਮੁਢਲਾ ਟੈਸਟ ਕੀਤਾ ਗਿਆ ਤਾਂ ਵਧੇਰੇ ਮਰੀਜ਼ਾਂ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਪਾਈ ਗਈ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣ : ਆਖਿਰ ਫਾਈਨਲ ਹੋਈ ਨਵੀਂ ਵਾਰਡਬੰਦੀ, ਜਲਦ ਜਾਰੀ ਹੋਵੇਗਾ ਨੋਟੀਫਿਕੇਸ਼ਨ
ਇਸ ਤੋਂ ਬਾਅਦ ਸਰਕਾਰੀ ਹਸਪਤਾਲ ਬੇਗੋਵਾਲ ਦੇ ਸਟਾਫ ਨੇ ਜਿੱਥੇ ਸੰਬੰਧਤ ਇਲਾਕਿਆਂ 'ਚ ਸਰਗਰਮੀਆਂ ਵਧਾਈਆਂ, ਉੱਥੇ ਡੇਂਗੂ ਮੱਛਰ ਦੀ ਹੋਂਦ ਸੰਬੰਧੀ ਜਾਂਚ ਵੀ ਕੀਤੀ। ਪਤਾ ਲੱਗਾ ਹੈ ਕਿ ਇਸ ਜਾਂਚ ਦੌਰਾਨ ਅਨੇਕਾਂ ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਹਾਲਾਤ ਤਾਂ ਇਥੋਂ ਤੱਕ ਪਹੁੰਚੇ ਹਨ ਕਿ ਫਰਿੱਜ ਦੀ ਫਰੀਜ਼ਰ ਹੇਠਲੀ ਚਿੱਲਰ ਟ੍ਰੇਅ ਵਿਚ ਜੰਮੀ ਬਰਮ ਵਿਚੋਂ ਵੀ ਡੇਂਗੂ ਦਾ ਲਾਰਵਾ ਮਿਲਿਆ ਹੈ। ਘਰਾਂ ਵਿਚੋਂ ਲਾਰਵਾ ਮਿਲਣ ’ਤੇ ਸਿਹਤ ਵਿਭਾਗ ਨੇ ਮੌਕੇ ’ਤੇ ਹੀ ਇਸ ਲਾਰਵੇ ਨੂੰ ਨਸ਼ਟ ਤਾਂ ਕਰ ਦਿੱਤਾ ਪਰ ਸਮੱਸਿਆ ਇਹ ਖੜੀ ਹੋ ਗਈ ਕਿ ਜਿਸ ਕਿਸੇ ਘਰ ਵਿਚ ਸਾਫ ਖੜ੍ਹੇ ਪਾਣੀ ਵਿਚੋਂ ਲਾਰਵੇ ਤੋਂ ਬਾਅਦ ਮੱਛਰ ਬਣ ਕੇ ਉਡਿਆ, ਉਹ ਹੁਣ ਤੱਕ ਕਿੰਨੀ ਮਾਤਰਾ ਵਿਚ ਹੈ।
ਭਾਂਵੇ ਕਿ ਸਿਹਤ ਟੀਮਾਂ ਵੀ ਆਪਣੇ ਕੰਮ ਵਿਚ ਜੁੱਟੀਆਂ ਹਨ ਤੇ ਨਗਰ ਪੰਚਾਇਤ ਦੀਆਂ ਫੌਗਿੰਗ ਬਾਰੇ ਵੀ ਖਬਰਾਂ ਆਉਂਦੀਆਂ ਹਨ। ਇਸ ਦਰਮਿਆਨ ਡੇਂਗੂ ਦੇ 8 ਮਾਮਲਿਆਂ ਬਾਰੇ ਪਤਾ ਲੱਗਾ ਹੈ। ਇਹ ਉਹ ਮਾਮਲੇ ਹਨ, ਜਿਸ ਵਿਚ ਮਰੀਜ਼ ਦਾ ਡੇਂਗੂ ਸੰਬੰਧੀ ਮੁਢਲਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਇਕ ਹੋਰ ਟੈਸਟ ਕਰਵਾਇਆ ਗਿਆ। ਇਸ ਟੈਸਟ ਨੂੰ ਅਲੀਜ਼ਾ ਟੈਸਟ ਕਿਹਾ ਜਾਂਦਾ ਹੈ। ਜੇਕਰ ਸਿਹਤ ਵਿਭਾਗ ਪੰਜਾਬ ਦੇ ਡਾਕਟਰਾਂ ਦੀ ਗੱਲ ਕਰੀਏ ਤਾਂ ਉਹ ਮੁਢਲੇ ਟੈਸਟ ਦੀ ਰਿਪੋਰਟ ਤੋਂ ਬਾਅਦ ਅਲੀਜ਼ਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਡੇਂਗੂ ਮੰਨਦੇ ਹਨ।
ਇਹ ਵੀ ਪੜ੍ਹੋ : ICP ਅਟਾਰੀ 'ਤੇ 11 ਸਾਲ ਬਾਅਦ ਵੀ ਨਹੀਂ ਲੱਗਿਆ ਟਰੱਕ ਸਕੈਨਰ, ਗ੍ਰਹਿ ਮੰਤਰੀ ਸ਼ਾਹ ਅੱਗੇ ਵਪਾਰੀ ਚੁੱਕਣਗੇ ਮੁੱਦਾ
ਦੱਸਣਯੋਗ ਹੈ ਕਿ ਡੇਂਗੂ ਬੁਖਾਰ ਦੇ ਇਨ੍ਹਾਂ 8 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਵਧੇਰੇ ਤਾਂ ਰਿਕਵਰ ਵੀ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਹਾਲੇ ਵੀ ਸ਼ਹਿਰ ਵਿਚ ਬੁਖਾਰ ਦੇ ਨਾਲ ਪਲੇਟਲੈੱਟ ਸੈੱਲ ਘਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੁਝ ਮੋਹਰੀ ਲੋਕ ਵੀ ਬੁਖਾਰ ਦੇ ਨਾਲ ਪਲੇਟਲੈੱਟ ਘਟਣ ਦੀ ਸਮੱਸਿਆ ਤੋਂ ਪੀੜਤ ਹਨ।
ਕੀ ਕਹਿੰਦੇ ਨੇ ਸੀਨੀਅਰ ਮੈਡੀਕਲ ਅਫਸਰ
ਇਸ ਸੰਬੰਧੀ ਜਦੋਂ ਸਰਕਾਰੀ ਹਸਪਤਾਲ ਬੇਗੋਵਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਵਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੁੱਢਲੇ ਟੈਸਟ ਤੋਂ ਬਾਅਦ ਅਲੀਜ਼ਾ ਟੈਸਟ ਵਿਚ ਡੇਂਗੂ ਪਾਜ਼ਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 8 ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਬੇਗੋਵਾਲ ਦੇ ਸਟਾਫ ਵੱਲੋਂ ਡੇਂਗੂ ਸੰਬੰਧੀ ਜਾਗਰੂਕਤਾ ਮੁਹਿੰਮ ਤਾਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ। ਸ਼ਹਿਰ ਵਿਚ ਫੌਗਿੰਗ ਵੀ ਹੋ ਰਹੀ ਹੈ। ਹੁਣ ਜਿੱਥੇ ਕੋਈ ਸੂਚਨਾ ਮਿਲਦੀ ਹੈ, ਉੱਥੇ ਸਿਹਤ ਟੀਮ ਪਹੁੰਚ ਕੇ ਲਾਰਵਾ ਵੀ ਚੈੱਕ ਕਰ ਰਹੀ ਹੈ ਪਰ ਲੋਕਾਂ ਨੂੰ ਮੁੜ ਅਪੀਲ ਹੈ ਕਿ ਉਹ ਡੇਂਗੂ ਬਾਰੇ ਦੱਸੀਆਂ ਸਾਵਧਾਨੀਆਂ ਨੂੰ ਅਮਲੀਜਾਮਾ ਪਹਿਨਾਉਣ, ਘਰਾਂ ਵਿਚ ਕਿਸੇ ਵੀ ਜਗ੍ਹਾ ਲਗਾਤਾਰ ਸਾਫ ਪਾਣੀ ਖੜ੍ਹਾ ਨਾ ਹੋਣ ਦੇਣ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਰਾਲੀ ਦਾ ਸਹੀ ਉਪਚਾਰ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ, ਕੀਤੀ ਇਹ ਅਪੀਲ
ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ
ਡੇਂਗੂ ਦਾ ਪਸਾਰਾ ਬੇਗੋਵਾਲ ਵਿਚ ਵਧਿਆ ਹੈ। ਜੇਕਰ ਗੱਲ ਕਰੀਏ ਤਾਂ ਘਰਾਂ ਵਿਚ ਮਿਲੇ ਡੇਂਗੂ ਦਾ ਲਾਰਵਾ ਇਹ ਦਰਸਾਉਂਦਾ ਹੈ ਕਿ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਹੋਣਾ ਪਵੇਗਾ। ਜੇਕਰ ਇਸ ਪਾਸੇ ਗੰਭੀਰਤਾ ਨਾ ਦਿਖਾਈ ਗਈ ਤਾਂ ਹਾਲਾਤ ਹੋਰ ਘਾਤਕ ਹੋ ਜਾਣਗੇ। ਜਿਵੇਂ ਕਰੀਬ ਦੋ ਕੁ ਸਾਲ ਪਹਿਲਾਂ ਭੁਲੱਥ ਵਿਚ ਹੋਏ ਸਨ। ਸ਼ਾਇਦ ਕੋਈ ਵਿਰਲਾ ਘਰ ਹੀ ਸੀ, ਜੋ ਬਚਿਆ ਹੋਵੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8