ਮੁਕੇਰੀਆਂ ਤੋਂ ਫੜਿਆ ਗਿਆ 700 ਕਿਲੋ ਸ਼ੱਕੀ ਪਨੀਰ, ਕੋਲਡ ਸਟੋਰ ’ਚ ਕੀਤਾ ਸੀਲ
Thursday, Oct 16, 2025 - 01:12 PM (IST)

ਮੁਕੇਰੀਆਂ (ਨਾਗਲਾ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਸਾਫ਼-ਸੁਥਰੀਆਂ ਖਾਣ ਯੋਗ ਵਸਤੂਆਂ ਮੁਹੱਈਆ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਮੁਕੇਰੀਆਂ ਦੇ ਬੱਸ ਅੱਡੇ ਨੇੜੇ ਇਕ ਹਰਿਆਣਾ ਨੰਬਰ ਗੱਡੀ ਵਿਚ ਲਗਭਗ 700 ਕਿਲੋ ਸ਼ੱਕੀ ਪਨੀਰ ਫੜਿਆ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਕੁਮਾਰ ਭਾਟੀਆ ਅਤੇ ਉਨ੍ਹਾਂ ਦੀ ਫੂਡ ਸੇਫਟੀ ਟੀਮ ਵੱਲੋਂ ਜਾਂਚ ਕੀਤੇ ਜਾਣ ’ਤੇ ਪਹਿਲੀ ਨਜ਼ਰੇ ਇਹ ਪਨੀਰ ਘਟੀਆ ਕੁਆਲਿਟੀ ਦਾ ਲੱਗਾ। ਪਨੀਰ ਦੇ ਸੈਂਪਲ ਲੈ ਕੇ ਇਸ ਨੂੰ ਕੋਲਡ ਸਟੇਰ ਵਿਚ ਸੀਲ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਫੂਡ ਸੇਫਟੀ ਅਫ਼ਸਰ ਮਨੀਸ਼ ਕੁਮਾਰ ਸੋਢੀ ਅਤੇ ਹੋਰ ਟੀਮ ਮੈਂਬਰ ਮੌਜੂਦ ਸੀ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ਼-ਸੁਥਰੇ ਖਾਧ ਪਦਾਰਥ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ। ਪਿਛਲੇ ਕਈ ਦਿਨਾਂ ਤੋਂ ਇਹ ਸ਼ਿਕਾਇਤ ਆ ਰਹੀ ਸੀ ਕਿ ਨਾਲ ਦੇ ਜ਼ਿਲ੍ਹਿਆਂ ਅਤੇ ਸੂਬਿਆਂ ਵਿਚੋਂ ਲਗਾਤਾਰ ਗੱਡੀਆਂ ਰਾਹੀਂ ਮੁਕੇਰੀਆਂ ਵਿਚ ਘਟੀਆ ਦਰਜੇ ਦਾ ਪਨੀਰ ਸਪਲਾਈ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੁਲਸ ਛਾਉਣੀ ’ਚ ਤਬਦੀਲ ਹੋਇਆ ਇਹ ਪਿੰਡ, ਮਾਹੌਲ ਬਣਿਆ ਤਣਾਅਪੂਰਨ, ਨਿਹੰਗ ਸਿੰਘਾਂ ਨੇ...
ਇਸ ਦੇ ਚਲਦਿਆਂ ਮੁਕੇਰੀਆਂ ਬੱਸ ਸਟੈਂਡ ਨੇੜੇ ਪਹਿਲਾਂ ਹੀ ਫੂਡ ਸੇਫਟੀ ਟੀਮ ਨਾਕਾ ਲਾ ਕੇ ਖੜ੍ਹੀ ਸੀ। ਜਦੋਂ ਹੀ ਪਨੀਰ ਵਾਲੀ ਗੱਡੀ ਆਈ ਤਾਂ ਟੀਮ ਵੱਲੋਂ ਉਸ ਨੂੰ ਰੋਕ ਲਿਆ ਗਿਆ। ਇਸ ਹਰਿਆਣਾ ਨੰਬਰ ਵਾਲੀ ਗੱਡੀ ਵਿਚੋਂ ਕਰੀਬ 700 ਕਿਲੋ (7 ਕੁਇੰਟਲ) ਸ਼ੱਕੀ ਪਨੀਰ ਫੜਿਆ ਗਿਆ, ਜਿਸ ਵਿਚੋਂ ਸੈਂਪਲ ਲੈ ਕੇ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ। ਫੜੇ ਗਏ ਪਨੀਰ ਨੂੰ ਇਕ ਕੋਲਡ ਸਟੋਰ ਵਿਚ ਸੀਲ ਕਰ ਦਿੱਤਾ ਗਿਆ। ਇਸ ਪਨੀਰ ਦਾ ਕੀ ਕਰਨਾ ਹੈ ਇਹ ਰਿਪੋਰਟ ਆਉਣ ’ਤੇ ਦੱਸਿਆ ਜਾਵੇਗਾ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਕ ਹੋਰ ਵਾਅਦਾ ਕੀਤਾ ਪੂਰਾ, ਇਨ੍ਹਾਂ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਵਿਚ ਮਠਿਆਈਆਂ ਬਣਾਉਣ ਲਈ ਦੁੱਧ ਅਤੇ ਪਨੀਰ ਦੀ ਖ਼ਪਤ ਬਹੁਤ ਵਧ ਜਾਂਦੀ ਹੈ। ਮਿਲਾਵਟਖੋਰ ਘਟੀਆ ਕੁਆਲਿਟੀ ਦਾ ਪਨੀਰ ਅਤੇ ਦੁੱਧ ਵੇਚ ਕੇ ਵੱਧ ਮੁਨਾਫ਼ਾ ਕਮਾਉਂਦੇ ਹਨ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁੱਧ, ਪਨੀਰ, ਦੇਸੀ ਘਿਓ, ਤੇਲ ਤੇ ਮਠਿਆਈਆਂ ਚੰਗੀ ਤਰ੍ਹਾਂ ਦੇਖ ਕੇ ਖ਼ਰੀਦਣ। ਜੇਕਰ ਕਿਸੇ ਨੂੰ ਕਿਸੇ ਕਿਸੇ ਦੁਕਾਨਦਾਰ ਤੋਂ ਕੋਈ ਸ਼ਿਕਾਇਤ ਹੈ ਤਾਂ ਉਹ ਸਿਵਲ ਸਰਜਨ ਦਫਤਰ ਨਾਲ ਸੰਪਰਕ ਕਰਨ, ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਹਨ । ਇਥੇ ਇਹ ਵਰਣਨਯੋਗ ਹੈ ਕਿ ਮੁਕੇਰੀਆਂ ਅਤੇ ਆਸਪਾਸ ਦੇ ਇਲਾਕਿਆਂ ’ਚ ਵਿਕ ਰਹੇ ਘਟੀਆ ਕੁਆਲਿਟੀ ਦੇ ਪਨੀਰ ਸਬੰਧੀ ਖਬਰ ਨੂੰ ਜਗ ਬਾਣੀ ਵੱਲੋਂ ਕੁਝ ਦਿਨ ਪਹਿਲਾਂ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ। ਲੋਕਾਂ ’ਚ ਚਰਚਾ ਹੈ ਕਿ ਹਰ ਰੋਜ਼ ਮੁਕੇਰੀਆਂ ਰਾਹੀਂ ਤਿੰਨ ਗੱਡੀਆਂ ਨੇੜਲੇ ਇਲਾਕਿਆਂ ’ਚ ਘਟੀਆ ਕੁਆਲਿਟੀ ਦਾ ਪਨੀਰ ਸਪਲਾਈ ਕਰਦੀਆਂ ਹਨ।
ਇਹ ਵੀ ਪੜ੍ਹੋ: 19 ਸਾਲਾ ਮੁੰਡੇ ਦੇ ਪਿਆਰ 'ਚ ਡੁੱਲੀ 31 ਸਾਲਾ ਅਧਿਆਪਕਾ ! ਹੈਰਾਨ ਕਰੇਗਾ ਪੰਜਾਬ ਦਾ ਇਹ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8