ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਠੱਗੇ 7.65 ਲੱਖ ਰੁਪਏ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ
Thursday, Nov 03, 2022 - 03:02 PM (IST)
ਕਪੂਰਥਲਾ (ਭੂਸ਼ਣ/ਮਹਾਜਨ)-ਇਕ ਵਿਅਕਤੀ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 7.65 ਲੱਖ ਰੁਪਏ ਦੀ ਰਕਮ ਹੜੱਪਣ ਦੇ ਮਾਮਲੇ ’ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਪਤੀ-ਪਤਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭਗਤਪੁਰ ਥਾਣਾ ਕੋਤਵਾਲੀ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਇਸ ਦੌਰਾਨ ਉਸ ਨੂੰ ਉਸ ਦੇ ਇਕ ਜਾਣਕਾਰ ਲਖਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਜੀਰਕਪੁਰ ਜ਼ਿਲ੍ਹਾ ਮੋਹਾਲੀ ਮਿਲਿਆ, ਜਿਸ ਨੇ ਉਸ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦਿੰਦੇ ਹੋਏ ਕਿਹਾ ਕਿ ਉਹ ਉਸ ਨੂੰ ਜਲਦੀ ਹੀ ਇੰਗਲੈਂਡ ਭੇਜ ਸਕਦਾ ਹੈ। ਜਿਸ ਲਈ 20 ਲੱਖ ਰੁਪਏ ਦੀ ਰਕਮ ਲੱਗੇਗੀ। ਉਹ ਆਪਣੇ ਸੁਨਹਿਰੀ ਭਵਿੱਖ ਲਈ ਲਖਵਿੰਦਰ ਸਿੰਘ ਦੀਆਂ ਗੱਲਾਂ ’ਚ ਆ ਗਿਆ ਅਤੇ ਉਸ ਨੇ 4 ਮਾਰਚ 2019 ਨੂੰ 2 ਲੱਖ ਰੁਪਏ ਦੀ ਰਕਮ ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਮਨਦੀਪ ਕੌਰ ਨੂੰ ਦੇ ਦਿੱਤੀ।
ਇਹ ਵੀ ਪੜ੍ਹੋ : NRI ਪਤੀ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼, ਭੇਸ ਬਦਲ ਕੇ ਰਚਾ ਚੁੱਕੈ 3 ਵਿਆਹ, ਇੰਝ ਖੁੱਲ੍ਹਿਆ ਭੇਤ
ਇਸ ਤੋਂ ਬਾਅਦ ਦੋਵਾਂ ਪਤੀ-ਪਤਨੀ ਨੇ ਉਸ ਨੂੰ ਜਲਦ ਤੋਂ ਜਲਦ ਇੰਗਲੈਂਡ ਭੇਜਣ ਦਾ ਵਾਅਦਾ ਕੀਤਾ। ਜਦੋਂ ਕਾਫ਼ੀ ਦੇਰ ਤੱਕ ਉਸ ਨੂੰ ਵਿਦੇਸ਼ ਨਹੀ ਭੇਜਿਆ ਗਿਆ ਤਾਂ ਉਸ ਨੇ ਲਖਵਿੰਦਰ ਸਿੰਘ ’ਤੇ ਇੰਗਲੈਂਡ ਭੇਜਣ ਦਾ ਦਬਾਅ ਪਾਇਆ, ਜਿਸ ਤੋਂ ਬਾਅਦ ਲਖਵਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਦਾ ਇੰਗਲੈਂਡ ਜਾਣ ਦਾ ਸਾਰਾ ਪ੍ਰੋਸੈਸ ਲਗਭਗ ਪੂਰਾ ਹੋ ਗਿਆ ਹੈ, ਇਸ ਲਈ ਉਸ ਨੂੰ 5 ਲੱਖ ਰੁਪਏ ਹੋਰ ਦਿੱਤਾ ਜਾਵੇ। ਉਸ ਨੇ ਬੈਂਕ ਰਾਹੀਂ ਲਖਵਿੰਦਰ ਸਿੰਘ ਦੇ ਖਾਤੇ ’ਚ 4 ਲੱਖ ਰੁਪਏ ਦੀ ਰਕਮ ਹੋ ਪਾ ਦਿੱਤੀ। ਜਿਸ ਤੋਂ ਬਾਅਦ ਮੁਲਜ਼ਮ ਲਖਵਿੰਦਰ ਸਿੰਘ ਨੇ ਉਸ ਨੂੰ ਫਿਰ ਝਾਂਸੇ ’ਚ ਲੈ ਕੇ ਉਸ ਪਾਸੋਂ 1.65 ਲੱਖ ਰੁਪਏ ਦੀ ਰਕਮ ਲੈ ਲਈ।
ਇਸ ਤੋਂ ਬਾਅਦ ਕੁੱਲ 7.65 ਲੱਖ ਰੁਪਏ ਦੀ ਰਕਮ ਲੈਣ ਦੇ ਬਾਵਜੂਦ ਨਾ ਤਾਂ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਇੰਗਲੈਂਡ ਭੇਜਿਆ ਅਤੇ ਨਾ ਹੀ ਉਸ ਦੀ 7.65 ਲੱਖ ਰੁਪਏ ਦੀ ਰਕਮ ਵਾਪਸ ਕੀਤੀ, ਜਿਸ ’ਤੇ ਉਸ ਨੂੰ ਤੰਗ ਆ ਕੇ ਐੱਸ. ਐੱਸ. ਪੀ. ਦੇ ਮੁਹਰੇ ਇਨਸਾਫ਼ ਲਈ ਗੁਹਾਰ ਲਗਾਉਣੀ ਪਈ, ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮੁਲਜ਼ਮ ਲਖਵਿੰਦਰ ਸਿੰਘ ਤੇ ਉਸਦੀ ਪਤਨੀ ਸੁਮਨਦੀਪ ਕੌਰ ਖ਼ਿਲਾਫ਼ ਲੱਗੇ ਸਾਰੇ ਇਲਜਾਮ ਸਹੀ ਪਾਏ ਗਏ, ਜਿਸ ਦੇ ਆਧਾਰ ’ਤੇ ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਮਨਦੀਪ ਕੌਰ ਖ਼ਿਲਾਫ਼ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ : ਰੂਪਨਗਰ 'ਚ ਅਕਾਲੀ-ਕਾਂਗਰਸੀਆਂ ਦੇ ਝਗੜੇ ਦਾ ਭਿਆਨਕ ਰੂਪ, ਕੌਂਸਲਰ ਦੇ ਦਿਓਰ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।