550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ 8000 ਸਫਾਈ ਸੇਵਕ ਤਾਇਨਾਤ ਰਹਿਣਗੇ: ਕਰੁਨੇਸ਼ ਸ਼ਰਮਾ

09/20/2019 9:42:37 PM

ਸੁਲਤਾਨਪੁਰ ਲੋਧੀ  (ਸੋਢੀ ) ਸ਼੍ਰੀ ਕਰੁਨੇਸ਼ ਸ਼ਰਮਾ ਆਈ ਏ ਐਸ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ , ਚੰਡੀਗੜ੍ਹ ਦੀ ਅਗਵਾਈ ਹੇਠ ਪੰਜਾਬ ਭਰ ਦੀਆਂ ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰਾਂ , ਮਿਉਸਪਲ ਇੰਜੀਨੀਅਰਾਂ , ਭਾਗ ਅਫਸਰਾਂ , ਸੈਨੇਟਰੀ ਇੰਸਪੈਕਟਰਾਂ ਅਤੇ ਸੰਯੁਕਤ ਡਿਪਟੀ ਡਾਇਰੈਕਟਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ੁਕਰਵਾਰ ਸ਼ਾਮ ਸੁਲਤਾਨਪੁਰ ਲੋਧੀ ਵਿਖੇ ਹੋਈ ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਕਰੁਨੇਸ਼ ਸ਼ਰਮਾ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਤਕਰੀਬਨ 15 ਦਿਨ ਸੁਲਤਾਨਪੁਰ ਲੋਧੀ ਚ ਚੱਲਣੇ ਹਨ । ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਫਲ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਨੂੰ 6 ਜੋਨਾਂ ਚ ਵੰਡਿਆ ਗਿਆ ਹੈ ਅਤੇ ਹਰੇਕ ਜੋਨ ਦੇ ਇੰਚਾਰਜ ਇੱਕ ਇੱਕ ਸੰਯੁਕਤ ਡਾਇਰੈਕਟਰ ਲਗਾਏ ਜਾਣਗੇ । ਉਨ੍ਹਾਂ ਦੱਸਿਆ ਕਿ ਹਰੇਕ ਜ਼ੋਨ ਵਿੱਚ ਤਿੰਨ ਅਧਿਕਾਰੀ ਤਿੰਨ ਸ਼ਿਫਟਾਂ ਵਿੱਚ 24 ਘੰਟੇ ਕੰਮ ਕਰਨਗੇ ਇਹ ਅਧਿਕਾਰੀ ਆਪਣੇ ਜ਼ੋਨ ਵਿੱਚ ਸਫਾਈ , ਫੋਗਿੰਗ, ਸਟਰੀਟ ਲਾਈਟ ਦੀ ਸਪਲਾਈ ਯਕੀਨੀ ਬਣਾਉਣਗੇ ਅਤੇ ਆਪਣੀ ਰਿਪੋਰਟ ਇੱਕ ਨਵੇਂ ਐਪ ਰਾਹੀਂ ਕਰਨਗੇ । ਉਨ੍ਹਾਂ ਕਿਹਾ ਕਿ ਕੁੱਲ 800 ਅਧਿਕਾਰੀ ਤੇ ਕਰਮਚਾਰੀ ਹਰ ਪਲ ਨਿਗਰਾਨੀ ਚ ਰਹਿਣਗੇ । ਉਨ੍ਹਾਂ ਇਹ ਵੀ ਦੱਸਿਆ ਕਿ ਹਰ ਰੋਜ ਇੱਕ ਹਫਤਾ 8000 ਸਫਾਈ ਸੇਵਕ ਤਾਇਨਾਤ ਰਹਿਣਗੇ । ਜਿਨ੍ਹਾਂ ਦੀ ਬਾਇਓ ਮੈਟ੍ਰਿਕ ਹਾਜਰੀ ਲੱਗਿਆ ਕਰੇਗੀ ਤੇ ਇਹ ਤਿੰਨ ਸ਼ਿਫਟਾਂ ਚ ਕੰਮ ਕਰਨਗੇ । ਇਹ ਸਾਰਾ ਅਮਲਾ ਹੀ ਸ਼ਹਿਰ ਦੀਆਂ ਸਾਰੀਆਂ ਪਾਰਕਿੰਗ ਤੇ ਲੰਗਰ , ਟੈਟ ਸਿਟੀਆਂ ਦੀ ਸਫਾਈ ਦੀ ਵਿਵਸਥਾ ਕਰੇਗਾ । ਉਨ੍ਹਾਂ ਇਸ ਸਮੇ ਸਾਰੀਆਂ ਥਾਵਾਂ ਦੀ ਪੂਰੀ ਸਫਾਈ ਰੱਖਣ ਦੇ ਆਦੇਸ਼ ਦਿੱਤੇ ਤੇ ਸਮੂਹ ਸਫਾਈ ਸੇਵਕਾਂ ਦੀ ਮੈਡੀਕਲ ਜਾਂਚ ਹਿੱਤ ਨਗਰ ਨਿਗਮਾਂ ਦਾ ਸਿਹਤ ਅਮਲਾ ਵੀ ਹਰ ਸਮੇ ਹਾਜਰ ਰਹੇਗਾ । ਸ਼ਹਿਰ ਦੀ ਸਟਰੀਟ ਲਾਈਟ ਕਿਸੇ ਵੀ ਹਾਲਤ ਚ ਬੰਦ ਨਾਂ ਹੋਵੇ ਇਸਦਾ ਪੂਰਾ ਖਿਆਲ ਰੱਖਿਆ ਜਾਵੇਗਾ ਤੇ ਸਭ ਦਾ ਕੰਟਰੋਲ ਨਗਰ ਕੌਸਲ ਦਫਤਰ ਸੁਲਤਾਨਪੁਰ ਲੋਧੀ ਵਿਖੇ ਰੱਖਿਆ ਜਾਵੇਗਾ । ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਭਰ ਤੋਂ 35 ਫਾਇਰ ਟੈਂਡਰ ਸਮੇਤ ਡਵੀਜ਼ਨ ਫਾਇਰ ਅਫਸਰ , ਲਾਇਨਮੈਨ ਤੇ 100 ਸਟਾਫ ਕਰਮਚਾਰੀ ਹਰ ਵੇਲੇ ਤਾਇਨਾਤ ਰਹਿਣਗੇ । ਇਸ ਸਮੇ ਸ਼੍ਰੀ ਮੁਕਲ ਜੋਸ਼ੀ ਮੁੱਖ ਇੰਜੀਨੀਅਰ ਸਥਾਨਕ ਸਰਕਾਰ , ਬਰਜਿੰਦਰ ਸਿੰਘ ਰਿਜਨਲ ਡਿਪਟੀ ਡਾਇਰੈਕਟਰ ਨੇ ਵੀ ਵਿਚਾਰ ਰੱਖੇ ।


Bharat Thapa

Content Editor

Related News