ਲਾਕਡਾਊਨ ਦੇ ਬੀਤੇ 54 ਦਿਨ, ਮਜ਼ਦੂਰਾਂ ਦਾ ਪਲਾਇਨ ਲਗਾਤਾਰ ਜਾਰੀ

05/17/2020 12:13:08 AM

ਜਲੰਧਰ, (ਗੁਲਸ਼ਨ)— ਦੇਸ਼ 'ਚ ਰਾਸ਼ਟਰ ਵਿਆਪੀ ਲਾਕਡਾਊਨ ਨੂੰ 54 ਦਿਨ ਬੀਤ ਚੁੱਕੇ ਹਨ। 2 ਦਿਨ ਪਹਿਲਾਂ ਤਕ ਸਾਰੇ ਕਾਰੋਬਾਰ ਠੱਪ ਪਏ ਹੋਏ ਸਨ। ਉਦਯੋਗ, ਕਾਰੋਬਾਰ ਅਤੇ ਨਿਰਮਾਣ ਕਾਰਜਾਂ 'ਚ ਅਹਿਮ ਯੋਗਦਾਨ ਪਾਉਣ ਵਾਲੇ ਮਜ਼ਦੂਰ, ਜਿਨ੍ਹਾਂ ਨੂੰ ਹੁਣ ਪ੍ਰਵਾਸੀ ਕਿਹਾ ਜਾਂਦਾ ਹੈ, ਕੰਮ-ਕਾਜ, ਰੋਟੀ ਨਾ ਮਿਲਣ ਅਤੇ ਸੂਬਾ ਸਰਕਾਰਾਂ ਦੀ ਅਣਦੇਖੀ ਕਾਰਨ ਔਖਾ ਸਮਾਂ ਤੇ ਜੱਦੋ-ਜਹਿਦ 'ਚ ਆਪਣੇ ਪਿੰਡ ਨੂੰ ਜਾਣ ਦੀ ਜ਼ਿੱਦ ਕਰੀ ਬੈਠੇ ਹਨ। ਰੇਲਵੇ ਵਿਭਾਗ ਵੱਲੋਂ ਸੂਬਾ ਸਰਕਾਰਾਂ ਨਾਲ ਮਿਲ ਕੇ ਇਨ੍ਹਾਂ ਲੋਕਾਂ ਨੂੰ ਆਪਣੇ ਮੂਲ ਸੂਬਿਆਂ 'ਚ ਭੇਜਣ ਲਈ 'ਸ਼੍ਰਮਿਕ ਸਪੈਸ਼ਲ ਟਰੇਨਾਂ' ਚਲਾਈਆਂ ਜਾ ਰਹੀਆਂ ਹਨ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਲਗਭਗ 45 ਟਰੇਨਾਂ ਵੱਖ-ਵੱਖ ਸੂਬਿਆਂ ਲਈ ਰਵਾਨਾ ਹੋ ਚੁੱਕੀਆਂ ਹਨ। ਸ਼ਨੀਵਾਰ ਨੂੰ ਵੀ ਇਹ ਸਿਲਸਿਲਾ ਜਾਰੀ ਰਿਹਾ। ਸਵੇਰੇ 10 ਵਜੇ ਬੇਤੀਆ, ਦੁਪਹਿਰ 2 ਵਜੇ ਪੂਨੀਆ, ਸ਼ਾਮ 5 ਵਜੇ ਮਊ, 7 ਵਜੇ ਬਸਤੀ ਅਤੇ ਰਾਤ 11 ਵਜੇ ਮਾਓ ਲਈ ਸਪੈਸ਼ਲ ਟਰੇਨ ਚੱਲੀ। ਇਨ੍ਹਾਂ 'ਚ ਕੁੱਲ 6 ਹਜ਼ਾਰ ਪ੍ਰਵਾਸੀ ਯਾਤਰੀ ਆਪਣੇ ਗ੍ਰਹਿ ਸੂਬਿਆਂ ਲਈ ਰਵਾਨਾ ਹੋਏ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਵਾਇਆ ਜਲੰਧਰ ਅਤੇ ਲੁਧਿਆਣਾ ਤੋਂ ਵੀ ਸ਼੍ਰਮਿਕ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ। ਸ਼ਹਿਰ ਤੋਂ ਰੋਜ਼ਾਨਾ 6 ਹਜ਼ਾਰ ਮਜ਼ਦੂਰ ਆਪਣੇ ਪਿੰਡਾਂ ਵੱਲ ਜਾ ਰਹੇ ਹਨ ਪਰ ਫਿਰ ਵੀ ਆਪਣੇ ਗ੍ਰਹਿ ਸੂਬਿਆਂ ਵੱਲ ਜਾਣ ਦਾ ਸਿਲਸਿਲਾ ਘੱਟ ਨਹੀਂ ਹੋ ਰਿਹਾ।

ਜਲੰਧਰ ਤੇ ਆਸ-ਪਾਸ ਕਸਬਿਆਂ ਤੋਂ ਵੀ ਪਹੁੰਚਣ ਲੱਗੇ ਪ੍ਰਵਾਸੀ
ਜਲੰਧਰ ਦੇ ਨਾਲ ਲੱਗਦੇ ਛੋਟੇ-ਛੋਟੇ ਸ਼ਹਿਰਾਂ/ਕਸਬਿਆਂ ਜਿਵੇਂ ਨਕੋਦਰ, ਸ਼ਾਹਕੋਟ, ਭੋਗਪੁਰ, ਫਗਵਾੜਾ, ਗੁਰਾਇਆ, ਕਰਤਾਰਪੁਰ ਵਰਗੇ ਕਸਬਿਆਂ ਤੋਂ ਲੋਕ ਸਿਰਾਂ 'ਤੇ ਪੰਡਾਂ ਚੱਕੀ ਬੱਚਿਆਂ ਨਾਲ ਜਲੰਧਰ ਵੱਲ ਨੂੰ ਆ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਟਰੇਨਾਂ ਜਲੰਧਰ ਤੋਂ ਹੀ ਚੱਲਣੀ ਹੈ, ਇਸ ਲਈ ਭੀੜ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਲੋਕਾਂ ਨੇ ਪ੍ਰਸ਼ਾਸਨ ਕੋਲ ਰਜਿਸਟ੍ਰੇਸ਼ਨ ਵੀ ਨਹੀਂ ਕਰਵਾਈ ਹੋਈ ਹੈ। ਇਨ੍ਹਾਂ ਲੋਕਾਂ ਦੀ ਵਜ੍ਹਾ ਕਾਰਣ ਰਜਿਸਟ੍ਰੇਸ਼ਨ ਕਰਵਾ ਚੁੱਕੇ ਲੋਕਾਂ ਨੂੰ ਵੀ ਕੈਂਪਾਂ ਵਿਚ ਪਹੁੰਚਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਸਿਟੀ ਰੇਲਵੇ ਸਟੇਸ਼ਨ ਤੋਂ ਅੱਜ ਵੀ ਚੱਲਣਗੀਆਂ 5 ਟਰੇਨਾਂ
ਸ਼ਨੀਵਾਰ ਦੀ ਤਰ੍ਹਾਂ ਐਤਵਾਰ ਨੂੰ ਵੀ ਸਿਟੀ ਰੇਲਵੇ ਸਟੇਸ਼ਨ ਤੋਂ 5 ਸਪੈਸ਼ਲ ਟਰੇਨਾਂ ਰਵਾਨਾ ਹੋਣਗੀਆਂ, ਜਿਨ੍ਹਾਂ 'ਚੋਂ ਸਵੇਰੇ 10 ਵਜੇ ਮੁਜ਼ੱਫਰਪੁਰ, ਦੁਪਹਿਰ 2 ਵਜੇ ਬਰਕਾਕਾਨਾ, ਸ਼ਾਮ ਪੰਜ ਵਜੇ ਸੁਲਤਾਨਪੁਰ, 7ਵਜੇ ਯੂ. ਪੀ. ਦੇ ਜੋਨਪੁਰ ਅਤੇ ਫਿਰ ਰਾਤ ਨੂੰ 11 ਵਜੇ ਫੈਜ਼ਾਬਾਦ ਲਈ ਸਪੈਸ਼ਲ ਟਰੇਨਾਂ ਰਵਾਨਾ ਹੋਣਗੀਆਂ, ਜਿਨ੍ਹਾਂ 'ਚ ਕੁੱਲ 6 ਹਜ਼ਾਰ ਯਾਤਰੀ ਆਪਣੇ ਮੂਲ ਸੂਬਿਆਂ ਵੱਲ ਨੂੰ ਰਵਾਨਾ ਹੋਣਗੇ।

 


KamalJeet Singh

Content Editor

Related News