ਵਿਆਹ ਸਮਾਗਮ ’ਚ ਹਵਾਈ ਫਾਇਰ ਕਰਨ ਵਾਲੇ 5 ਨੌਜਵਾਨ ਗ੍ਰਿਫ਼ਤਾਰ
Thursday, Feb 06, 2025 - 03:04 PM (IST)

ਨੂਰਪੁਰਬੇਦੀ (ਭੰਡਾਰੀ)-ਵਿਆਹਾਂ’ ਚ ਅਸਲੇ ਦੀ ਵਰਤੋਂ ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਨੂਰਪੁਰਬੇਦੀ ਪੁਲਸ ਨੇ ਨਜ਼ਦੀਕੀ ਪਿੰਡ ਬਰਾਰੀ ਵਿਖੇ 5 ਨੌਜਵਾਨਾਂ ਨੂੰ ਇਕ ਵਿਆਹ ਸਮਾਗਮ ’ਚ ਹਵਾਈ ਫਾਇਰ ਕੀਤੇ ਜਾਣ ’ਤੇ ਹਥਿਆਰਾਂ ਸਹਿਤ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਨੂਰਪੁਰਬੇਦੀ ਦੇ ਥਾਣਾ ਮੁਖੀ ਇੰਸ. ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਆਦੇਸ਼ਾਂ ਤਹਿਤ ਕਾਰਵਾਈ ਕਰਦੇ ਉਨ੍ਹਾਂ ਵੱਲੋਂ ਵੀ ਵੱਖ-ਵੱਖ ਟੀਮਾਂ ਬਣਾ ਕੇ ਖੇਤਰ ’ਚ ਭੇਜੀਆਂ ਗਈਆਂ ਸਨ, ਜਿਸ ਤਹਿਤ ਬੀਤੀ ਰਾਤ ਏ. ਐੱਸ. ਆਈ. ਪ੍ਰਦੀਪ ਸ਼ਰਮਾ ’ਤੇ ਆਧਾਰਿਤ ਇਕ ਪੁਲਸ ਪਾਰਟੀ ’ਚ ਸ਼ਾਮਲ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ, ਕਾਂਸਟੇਬਲ ਸੁਖਵਿੰਦਰ ਸਿੰਘ, ਕਾਂਸਟੇਬਲ ਸੰਦੀਪ ਕੁਮਾਰ ਅਤੇ ਪੀ. ਐੱਚ. ਜੀ. ਲਛਮਣ ਦਾਸ ਇਲਾਕੇ ਦੇ ਉੱਪਰਲੀ ਘਾਟ ਦੇ ਪਿੰਡਾਂ ’ਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖੇਤਰ ਦੇ ਪਿੰਡ ਬਰਾਰੀ ਵਿਖੇ ਇਕ ਵਿਆਹ ਸਮਾਗਮ ਦੌਰਾਨ ਫਾਇਰਿੰਗ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ’ਚ ਜ਼ਿਲ੍ਹਾ ਕਪੂਰਥਲਾ ਦੇ 2 ਨੌਜਵਾਨ ਵੀ ਸ਼ਾਮਲ, ਸਦਮੇ ’ਚ ਪਰਿਵਾਰ
ਜਿਸ ’ਤੇ ਤੁਰੰਤ ਹਰਕਤ ਵਿਖਾਉਂਦਿਆਂ ਜਦੋਂ ਉਕਤ ਪੁਲਸ ਪਾਰਟੀ ਇਸ ਵਿਆਹ ਸਮਾਗਮ ’ਚ ਪਹੁੰਚੀ ਤਾਂ 5 ਨੌਜਵਾਨ ਹੱਥਾਂ ’ਚ ਹਥਿਆਰ ਫੜ੍ਹ ਕੇ ਹਵਾਈ ਫਾਇਰਿੰਗ ਕਰ ਰਹੇ ਸਨ। ਇਸ ਦੌਰਾਨ ਪੁਲਸ ਪਾਰਟੀ ਨੇ ਉਕਤ 5 ਨੌਜਵਾਨਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਥਾਣਾ ਮੁੱਖੀ ਢਿੱਲੋਂ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੀ ਪਛਾਣ ਨਵੀਨ ਕੁਮਾਰ ਪੁੱਤਰ ਕੁਲਦੀਪ ਕੁਮਾਰ ਵਾਸੀ ਪਿੰਡ ਬਣੀ, ਥਾਣਾ ਸ੍ਰੀ ਅਨੰਦਪੁਰ ਸਾਹਿਬ , ਜਗਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਭਰਤਗੜ੍ਹ, ਥਾਣਾ ਕੀਰਤਪੁਰ ਸਾਹਿਬ, ਹਰਵਿੰਦਰ ਸਿੰਘ ਪੁੱਤਰ ਬੰਸੀ ਰਾਮ, ਬਿਕਰਮ ਚੰਦੇਲ ਪੁੱਤਰ ਕੇਵਲ ਸਿੰਘ, ਪ੍ਰਭਜੋਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸੇਰੀ, ਥਾਣਾ ਨਾਲਾਗੜ੍ਹ, ਜ਼ਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਹਜ਼ਾਰਾਂ ਨੌਜਵਾਨਾਂ ਦਾ ਡਿਪੋਰਟ ਹੋਣਾ ਪੰਜਾਬ ਲਈ ਬਣ ਸਕਦੀ ਹੈ ਵੱਡੀ ਮੁਸੀਬਤ
ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਤੋਂ 1 ਰਿਵਾਲਵਰ 32 ਬੋਰ, 02 ਜ਼ਿੰਦਾ ਕਾਰਤੂਸ, 2 ਚੱਲੇ ਹੋਏ ਕਾਰਤੂਸ, ਇਕ 12 ਬੋਰ ਡੀ. ਬੀ. ਬੀ. ਐੱਲ. ਰਾਈਫਲ ਅਤੇ 1 ਚੱਲਿਆ ਹੋਇਆ ਕਾਰਤੂਸ ਬਰਾਮਦ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਹ ਰਿਵਾਲਵਰ ਲਾਇਸੈਂਸੀ ਹੈ, ਜੋਕਿ ਕਿਸੇ ਹੋਰ ਦੇ ਨਾਮ ਦੇ ਰਜਿਟਰਡ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਅਸਲਾ ਰੱਖ ਕੇ ਅਤੇ ਲੋਕਾਂ ਦੀ ਜਾਨ-ਮਾਨ ਨੂੰ ਖ਼ਤਰੇ ’ਚ ਪਾ ਕੇ ਫਾਇਰਿੰਗ ਕਰਨ ’ਤੇ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਦੇਰ ਸ਼ਾਮ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਨੇ ਇਨ੍ਹਾਂ ਦੋਸ਼ੀਆਂ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦਾ ਆਦੇਸ਼ ਦਿੱਤਾ।
ਇਹ ਵੀ ਪੜ੍ਹੋ : Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e