ਮੋਬਾਇਲ ਟਾਵਰ ਨਾ ਲੱਗਣ ਤੋਂ ਖਫ਼ਾ 5 ਪਿੰਡਾਂ ਦੇ ਲੋਕਾਂ ਨੇ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ

12/14/2018 2:04:26 AM

 ਤਲਵਾਡ਼ਾ,  (ਜ.ਬ.)-  ਭਾਰਤ ਸਰਕਾਰ ਪੰਜਾਬ ਸਰਕਾਰ ਤੇ ਦੇਸ਼ ਦੀਆਂ ਵੱਡੀਆਂ ਮੋਬਾਇਲ ਕੰਪਨੀ ਦੀ ਕਾਰਜਪ੍ਰਣਾਲੀ ਤੋਂ ਖਫ਼ਾ ਤਲਵਾਡ਼ਾ ਦੇ 15 ਕਿਲੋਮੀਟਰ ਦੂਰ ਧਰਮਪੁਰ ਦੇਵੀ ਦੇ ਆਸਪਾਸ ਅਨੇਕ ਪਿੰਡਾਂ ਦੇ ਲੋਕਾਂ ਨੇ ਆਪਣੀ ਮੰਗ ’ਤੇ ਸਰਕਾਰੀ ਬੇਰੁਖ਼ੀ ਦੇ ਚਲਦੇ ਹੁਣ  ਸਖਤ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਪਿੰਡ ਦੇ ਯੂਥ ਕਲੱਬ ਦੀ ਅਗਵਾਈ ’ਚ ਸੈਂਕਡ਼ੇ ਲੋਕਾਂ ਨੇ ਆਪਣੀ ਮੀਟਿੰਗ ਕਰ ਕੇ ਜਾਰੀ ਬਿਆਨ ’ਚ ਦੱਸਿਆ ਕਿ ਅਸੀਂ ਪਿਛਲੇ 12 ਸਾਲ ਤੋਂ ਆਪਣੇ ਪਿੰਡ ’ਚ ਸੰਚਾਰ ਵਿਵਸਥਾ ਠੀਕ ਕਰਨ ਦੀ ਮੰਗ ਕਰਦੇ ਆ ਰਹੇ ਹਾਂ। ਅੱਜ ਤੱਕ ਭਾਰਤ ਸੰਚਾਰ ਨਿਗਮ ਨੇ ਸਾਨੂੰ ਦਿਲਾਸਾ  ਹੀ ਦਿੱਤਾ ਤੇ 10 ਵਾਰ ਬੀ.ਐੱਸ.ਐੱਨ.ਐੱਲ. ਦੇ ਅਫ਼ਸਰਾਂ ਨੇ ਇਸ ਕਾਰਜ  ਲਈ ਟਾਵਰ ਲਗਾਉਣ  ਲਈ ਜਿਹਡ਼ੀ ਜਗ੍ਹਾ ਸਿਲੈਕਟ ਕੀਤੀ, ’ਤੇ ਕਦੀ ਵੀ ਸਫ਼ਲਤਾ ਨਹੀਂ ਮਿਲੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਸੰਚਾਰ ਕੰਪਨੀ ਨੂੰ ਟਾਵਰ ਲਈ ਫ੍ਰੀ ਜ਼ਮੀਨ ਦੇਣ ਦੀ ਵੀ ਪੇਸ਼ਕਸ਼ ਕਰ ਚੁੱਕੇ ਹਨ ਪਰ ਅੱਜ ਤੱਕ ਕੋਈ ਲਾਭ ਲੋਕਾਂ ਨੂੰ ਨਹੀਂ ਹੋਇਆ।
 ਉੱਧਰ ਮੋਬਾਇਲ ਸਿਗਨਲ ਨਾ ਮਿਲਣ ਨਾਲ ਇਕ ਪਾਸੇ ਲੋਕਾਂ ਨੂੰ ਦੇਸ਼ ਦੀ ਸੰਚਾਰ ਕ੍ਰਾਤੀ ਤੋਂ ਵਾਂਝੇ ਕਰ ਰੱਖਿਆ ਦੂਜੇ ਪਾਸੇ ਸਰਕਾਰ ਨੇ ਜੋ ਆਨ ਲਾਈਨ ਕਣਕ ਸਕੀਮ ਸ਼ੁਰੂ ਕੀਤੀ ਹੈ ਉਸ ਦਾ ਲਾਭ ਵੀ ਲੋਕਾਂ ਨੂੰ ਬਿਨਾਂ ਸਿਗਨਲ ਨਹੀਂ ਮਿਲ ਪਾ ਰਿਹਾ। ਪਿੰਡ ’ਚ ਡਾਕਘਰ ਦੀ ਸੇਵਾ ਵੀ ਹਮੇਸ਼ਾ ਠੱਪ ਪਈ ਰਹਿੰਦੀ ਹੈ। ਸਰਕਾਰ ਦੀ ਇਸ ਵਾਅਦਾ ਖਿਲਾਫ਼ੀ ਨਾਲ ਅੱਜ ਧਰਮਪਰ, ਦੇਹਰੀਆਂ, ਭੋਲ, ਬਧਮਾਣੀਆਂ, ਸੁਖਚੈਨਪੁਰ, ਅਲੇਰਾ ਦੀ ਕਰੀਬ ਸੱਤ ਹਜ਼ਾਰ ਆਬਾਦੀ ਸਰਕਾਰ ਦੀ ਜਨ ਵਿਰੋਧੀ ਨੀਤੀ ਦੇ ਖਿਲਾਫ਼ ਹਰ ਸਮੇਂ ਸਡ਼ਕ ’ਤੇ ਉਤਰਨ ਲਈ ਤਿਆਰ ਹੈ।
 ਇਸ ਮੌਕੇ 5 ਪਿੰਡਾਂ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਸੰਚਾਰ ਕੰਪਨੀ ਦੁਆਰਾ ਜੇਕਰ ਜਲਦ ਹੀ ਮੋਬਾਇਲ ਟਾਵਰ ਨਹੀਂ ਲਾਇਆ ਗਿਆ ਤਾਂ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨਗੇ। ਲੋਕਾਂ ਨੇ ਆਪਣੀ ਮੀਟਿੰਗ ’ਚ ਫੈਸਲਾ ਕੀਤਾ ਕਿ ਕਾਂਗਰਸ, ਭਾਜਪਾ ਜਾਂ ਹੋਰ ਕਿਸੇ ਦਲ ਨੂੰ ਚੋਣਾਂ ’ਚ ਮੂੰਹ ਨਹੀਂ ਲਾਉਣਗੇ ਜਿਸ ਨੂੰ ਵੋਟ ਚਾਹੀਦੀ ਉਹ ਭਰੋਸਾ ਨਹੀਂ ਚੋਣਾਂ ਤੋਂ ਪਹਿਲਾਂ ਕੰਮ ਕਰ ਕੇ ਦਿਖਾਏ ਨਹੀਂ ਤਾਂ ਮੂੰਹ ਨਾ ਦਿਖਾਏ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡਾ ਮਸਲਾ ਹੱਲ ਨਾ ਹੋਇਆ ਤਾਂ 22 ਜਨਵਰੀ ਨੂੰ ਚੰਡੀਗਡ਼੍ਹ-ਤਲਵਾਡ਼ਾ ਸਡ਼ਕ ਮਾਰਗ ਨੂੰ ਜਾਮ ਕੀਤਾ ਜਾਵੇਗਾ। ਇਸ ਮੀਟਿੰਗ ’ਚ ਲੋਕਾਂ ਨੇ ਸਿਆਸੀ ਸਿਸਟਮ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
 ਇਸ ਸਮੇਂ ਪੰਚ ਸੰਤੋਸ਼ ਕੁਮਾਰ, ਯੋਗੇਸ਼ਵਰ ਸਿੰਘ, ਪੰਚ ਨਿਰਮਲਾ ਦੇਵੀ, ਪੰਚ ਮਹਿੰਦਰ ਲਾਲ, ਯੂਥ ਕਲੱਬ ਪ੍ਰਧਾਨ ਧੀਰਜ ਸਿੰਘ, ਕੁਲਬੀਰ ਸਿੰਘ ਨੰਬਰਦਾਰ, ਰੌਸ਼ਨ ਲਾਲ ਪਰਮਾਰ, ਜੋਗਿੰਦਰ ਪੁਜਾਰੀ, ਸੁਰੇਸ਼ ਕੁਮਾਰ, ਸੁਰਿੰਦਰ ਸਿੰਘ, ਚੰਦਰਸ਼ੇਖਰ, ਨਰਿੰਦਰ ਸਿੰਘ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ। 
 


Related News