ਕਬੱਡੀ ਖਿਡਾਰੀ ਨੰਗਲ ਅੰਬੀਆਂ ਦੇ ਰਿਸ਼ਤੇਦਾਰ ਨੂੰ ਗੋਲੀਆਂ ਮਾਰਨ ਦੇ ਮਾਮਲੇ ''ਚ ਹਥਿਆਰਾਂ ਸਣੇ 5 ਗ੍ਰਿਫ਼ਤਾਰ

10/31/2023 1:53:23 PM

ਲਾਂਬੜਾ/ਜਲੰਧਰ (ਵਰਿੰਦਰ, ਸ਼ੋਰੀ) : ਜਲੰਧਰ ਦਿਹਾਤੀ ਪੁਲਸ ਨੇ ਕਤਲ ਕੀਤੇ ਗਏ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਰਿਸ਼ਤੇਦਾਰ ਗੁਰਮੇਜ ਸਿੰਘ ’ਤੇ ਪਿੰਡ ਅਠੌਲਾ ਵਿਚ ਗੋਲੀਆਂ ਚਲਾਉਣ ਦਾ ਮਾਮਲਾ ਟਰੇਸ ਕਰ ਲਿਆ ਹੈ। ਗੁਰਮੇਜ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਅਮਰੀਕਾ ਵਿਚ ਰਚੀ ਗਈ ਸੀ, ਜਦੋਂ ਕਿ ਅਮਰੀਕਾ ਵਿਚ ਰਹਿ ਰਹੇ ਕ੍ਰਿਮੀਨਲ ਪੇਸ਼ੇ ਦੇ ਲੋਕਾਂ ਨੇ ਹੀ ਬਟਾਲਾ ਦੇ ਸ਼ੂਟਰਾਂ ਨੂੰ ਫੰਡਿੰਗ ਦੇ ਨਾਲ-ਨਾਲ ਹਥਿਆਰ ਮੁਹੱਈਆ ਕਰਵਾਏ ਸਨ।

ਪੁਲਸ ਨੇ ਗੋਲੀਆਂ ਚਲਾਉਣ ਵਾਲੇ 2 ਸ਼ੂਟਰਾਂ ਸਮੇਤ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਹਿਲਾਂ ਹੀ ਹਿਸਟਰੀਸ਼ੀਟਰ ਹਨ। ਉਨ੍ਹਾਂ ਕੋਲੋਂ 9 ਐੱਮ.ਐੱਮ. ਦੀ ਗਲੌਕ ਪਿਸਟਲ, 32 ਬੋਰ ਦੀ ਪਿਸਟਲ, 30 ਬੋਰ ਦਾ ਵੈਪਨ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਕਈ ਵਾਰ ਵਿਦੇਸ਼ ਤੋਂ ਗੈਂਗ ਨੂੰ ਫੰਡਿੰਗ ਕਰ ਚੁੱਕੇ ਸਨ, ਜਦੋਂ ਕਿ ਅਮਰੀਕਾ ਵਿਚ ਬੈਠੇ ਮੁੱਖ ਮੁਲਜ਼ਮ ਹੁਸੈਨਦੀਪ ਦੇ ਪਿਤਾ ਨੇ ਵੀ ਸ਼ੂਟਰਾਂ ਨੂੰ ਰੁਕਣ ਲਈ ਪਨਾਹ ਦਿੱਤੀ ਸੀ। ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ ਅਤੇ ਐੱਸ.ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ 22 ਅਕਤੂਬਰ ਨੂੰ 2 ਅਣਪਛਾਤੇ ਸ਼ੂਟਰਾਂ ਨੇ ਗੁਰਮੇਜ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਹਮਲੇ ਵਿਚ ਗੁਰਮੇਜ ਸਿੰਘ ਨੂੰ ਗੋਲੀਆਂ ਲੱਗੀਆਂ ਸਨ ਪਰ ਉਸ ਦੀ ਜਾਨ ਬਚ ਗਈ ਸੀ। ਇਸ ਮਾਮਲੇ ਵਿਚ ਥਾਣਾ ਲਾਂਬੜਾ ਵਿਖੇ ਕੇਸ ਦਰਜ ਕਰ ਕੇ ਉਨ੍ਹਾਂ ਅਤੇ ਡੀ.ਐੱਸ.ਪੀ. ਇਨਵੈਸਟੀਗੇਸ਼ਨ ਸੁਰਿੰਦਰਪਾਲ ਦੀ ਸੁਪਰਵਿਜ਼ਨ ਵਿਚ ਸੀ.ਆਈ.ਏ. ਸਟਾਫ ਦੇ ਇੰਚਾਰਜ ਪੁਸ਼ਪ ਬਾਲੀ ਅਤੇ ਥਾਣਾ ਲਾਂਬੜਾ ਦੇ ਇੰਚਾਰਜ ਅਮਨ ਸੈਣੀ ਆਪਣੀਆਂ-ਆਪਣੀਆਂ ਟੀਮਾਂ ਨਾਲ ਜਾਂਚ ਕਰ ਰਹੇ ਸਨ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਕਮਰੇ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਫ਼ੈਲੀ ਸਨਸਨੀ

ਬਟਾਲਾ ਦੇ ਰਹਿਣ ਵਾਲੇ ਹਨ 5 ਗ੍ਰਿਫ਼ਤਾਰ ਮੁਲਜ਼ਮ
ਇਸੇ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਗੁਰਮੇਜ ਸਿੰਘ ’ਤੇ ਗੋਲੀਆਂ ਚਲਾਉਣ ਵਾਲੇ 2 ਸ਼ੂਟਰ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਜਗਤਾਰ ਸਿੰਘ ਪਿੰਡ ਸ਼ਾਹਬਾਦ ਬਟਾਲਾ ਅਤੇ ਅਮਿਤਪਾਲ ਸਿੰਘ ਪੁੱਤਰ ਰਾਣਾ ਪ੍ਰਤਾਪ ਨਿਵਾਸੀ ਗ੍ਰੇਟਰ ਕੈਲਾਸ਼ ਬਟਾਲਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਹੀ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਗੁਰਮੇਜ ਸਿੰਘ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਸਨ ਅਤੇ ਉਸਦੀ ਹੱਤਿਆ ਲਈ ਅਮਰੀਕਾ ਵਿਚ ਰਹਿੰਦੇ ਹੁਸੈਨਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ ਨਿਵਾਸੀ ਸ਼ਾਹਬਾਦ ਬਟਾਲਾ ਅਤੇ ਪਵਿੱਤਰ ਸਿੰਘ ਪੁੱਤਰ ਸਿਕੰਦਰ ਸਿੰਘ ਨਿਵਾਸੀ ਚੌੜਾ ਪਿੰਡ ਬਟਾਲਾ ਨੇ ਸੁਪਾਰੀ ਦਿੱਤੀ ਸੀ। ਮੁਲਜ਼ਮਾਂ ਨੇ ਕਿਹਾ ਕਿ ਹੁਸੈਨਦੀਪ ਨੇ ਉਨ੍ਹਾਂ ਨੂੰ ਇਕ ਗਲੌਕ 9 ਐੱਮ.ਐੱਮ. ਪਿਸਟਲ ਅਤੇ 30 ਬੋਰ ਦਾ ਵੈਪਨ ਮੁਹੱਈਆ ਕਰਵਾਇਆ ਸੀ, ਜਦੋਂ ਕਿ ਪਵਿੱਤਰ ਸਿੰਘ ਨੇ 32 ਬੋਰ ਦਾ ਵੈਪਨ ਅਤੇ ਗੋਲੀਆਂ ਦਿਵਾਈਆਂ ਸਨ।

ਐੱਸ.ਐੱਸ.ਪੀ. ਭੁੱਲਰ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ਨਾਲ-ਨਾਲ ਇਨ੍ਹਾਂ ਦੇ ਗੈਂਗ ਦੇ 3 ਮੁਲਜ਼ਮਾਂ ਅਮਨਦੀਪ ਸਿੰਘ ਉਰਫ ਅਮਨ ਪਹਿਲਵਾਨ ਪੁੱਤਰ ਅਜੀਤ ਸਿੰਘ ਨਿਵਾਸੀ ਸੈਦੋਕੇ ਬਟਾਲਾ, ਵਿਜੇ ਮਸੀਹ ਪੁੱਤਰ ਅਸ਼ੋਕ ਮਸੀਹ ਅਤੇ ਹਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਦੋਵੇਂ ਨਿਵਾਸੀ ਸ਼ਾਹਬਾਦ ਪਿੰਡ ਬਟਾਲਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੇ ਮੰਨਿਆ ਕਿ ਅਮਰੀਕਾ ਤੋਂ ਹੁਸੈਨਦੀਪ ਸਿੰਘ ਅਤੇ ਪਵਿੱਤਰ ਸਿੰਘ ਨੇ 98 ਹਜ਼ਾਰ ਰੁਪਏ ਮੁਹੱਈਆ ਕਰਵਾਏ ਸਨ। ਉਕਤ ਪੈਸੇ ਵਿਜੇ ਮਸੀਹ ਨੇ ਆਪਣੇ ਆਧਾਰ ਕਾਰਡ ਜ਼ਰੀਏ ਵੈਸਟਰਨ ਯੂਨੀਅਨ ਤੋਂ ਕਢਵਾ ਕੇ ਆਪਸ ਵਿਚ ਵੰਡ ਲਏ ਸਨ। ਅਮਨ ਪਹਿਲਵਾਨ ਤੋਂ ਵੀ ਪੁਲਸ ਨੇ 32 ਬੋਰ ਦਾ ਪਿਸਟਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ, ਜਦੋਂ ਕਿ ਇਕ ਥਾਰ ਵੀ ਜ਼ਬਤ ਕੀਤੀ ਹੈ।

ਇਹ ਵੀ ਪੜ੍ਹੋ: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ

ਅਮਰੀਕਾ ਵਿਚ ਰਹਿ ਰਹੇ ਹੁਸੈਨਦੀਪ ਸਿੰਘ ਦੇ ਪਿਤਾ ਨੇ ਦਿੱਤੀ ਸੀ ਮੁਲਜ਼ਮਾਂ ਨੂੰ ਪਨਾਹ
ਐੱਸ.ਐੱਸ.ਪੀ. ਭੁੱਲਰ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੂੰ ਹੁਸੈਨਦੀਪ ਸਿੰਘ ਦੇ ਪਿਤਾ ਨੇ ਲੁਕਣ ਲਈ ਪਨਾਹ ਦਿੱਤੀ ਸੀ। ਜਾਂਚ ਵਿਚ ਪਤਾ ਲੱਗਾ ਕਿ ਹੁਸੈਨਦੀਪ ਸਿੰਘ ਅਮਰੀਕਾ ਵਿਚ ਵੀ ਦਸੰਬਰ 2022 ਵਿਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਫਿਰੌਤੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋਇਆ ਸੀ। ਇਸ ਤੋਂ ਇਲਾਵਾ ਸ਼ੂਟਰ ਅਮਿਤਪਾਲ ਪੇਸ਼ੇ ਤੋਂ ਕ੍ਰਿਮੀਨਲ ਹੈ, ਜਿਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਵਰਗੇ 6 ਕੇਸ ਦਰਜ ਹਨ। ਸ਼ੂਟਰ ਗੁਰਪ੍ਰੀਤ ਸਿੰਘ ਖ਼ਿਲਾਫ਼ ਨਸ਼ੇ ਦੇ 3 ਕੇਸ ਅਤੇ ਅਮਨਦੀਪ ਉਰਫ ਪਹਿਲਵਾਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਇਕ ਕੇਸ ਦਰਜ ਹੈ। ਸਾਰੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਇਸ ਗੱਲ ਦਾ ਵੀ ਪਤਾ ਲਾ ਰਹੀ ਹੈ ਕਿ ਹੁਸੈਨਦੀਪ ਨੇ ਕਿਸ ਰੰਜਿਸ਼ ਕਾਰਨ ਇਹ ਹਮਲਾ ਕਰਵਾਇਆ ਸੀ।

ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੌਤ ਦੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਟਾਂਡਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News