ਕਾਰ ਸਵਾਰ 4 ਨੌਜਵਾਨ ਰਿਵਾਲਵਰ ਸਮੇਤ ਗ੍ਰਿਫ਼ਤਾਰ

08/24/2019 2:13:50 AM

ਗੜ੍ਹਦੀਵਾਲਾ (ਜਤਿੰਦਰ)-ਐੱਸ. ਐੱਸ. ਪੀ. ਹੁਸ਼ਿਆਰਪੁਰ ਗੌਰਵ ਗਰਗ, ਐੱਸ. ਪੀ. ਇਨਵੈਸਟੀਗੇਸ਼ਨ ਹੁਸ਼ਿਆਰਪੁਰ ਧਰਮਵੀਰ ਸਿੰਘ ਅਤੇ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਐੱਚ. ਓ. ਗੜ੍ਹਦੀਵਾਲਾ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਿਚ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਕਾਰ ਸਵਾਰ 4 ਨੌਜਵਾਨਾਂ ਨੂੰ ਰਿਵਾਲਵਰ ਸਮੇਤ ਗ੍ਰਿਫ਼ਤਾਰ ਕਰ ਲਿਆ।

ਇਸ ਸਬੰਧੀ ਐੱਸ. ਐੱਚ. ਓ. ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 22 ਅਗਸਤ ਨੂੰ ਏ. ਐੱਸ. ਆਈ. ਗੁਰਦੀਪ ਸਿੰਘ, ਏ. ਐੱਸ. ਆਈ. ਕੁਲਦੀਪ ਸਿੰਘ, ਮਨਜਿੰਦਰ ਸਿੰਘ, ਐੱਚ. ਸੀ. ਜਗਜੀਤ ਸਿੰਘ, ਮਹੇਸ਼ ਕੁਮਾਰ, ਮਨਪ੍ਰੀਤ ਸਿੰਘ ਪੀ. ਐੱਚ. ਜੀ. ਅਤੇ ਹਰਮਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਟੋਲ ਪਲਾਜ਼ਾ ਮਾਨਗੜ੍ਹ ਨਜ਼ਦੀਕ ਪਿੰਡ ਮਾਂਗਾ ਨੂੰ ਜਾਂਦੇ ਕੱਚੇ ਰਸਤੇ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਕੱਚੇ ਰਸਤੇ ਮਾਂਗਾ ਦੀ ਤਰਫੋਂ ਇਕ ਚਿੱਟੇ ਰੰਗ ਦੀ ਵਰਨਾ ਕਾਰ ਨੰਬਰ ਪੀ ਬੀ 08 ਬੀ ਵੀ-1136 ਆ ਰਹੀ ਸੀ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਚਾਲਕ ਨੇ ਕਾਰ ਨੂੰ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਸ਼ੱਕ ਪੈਣ 'ਤੇ ਪੁਲਸ ਪਾਰਟੀ ਨੇ ਕਾਰ ਨੂੰ ਘੇਰ ਕੇ ਕਾਰ ਸਵਾਰ 4 ਨੌਜਵਾਨਾਂ ਨੂੰ ਕਾਬੂ ਕਰ ਲਿਆ।

ਉਕਤ ਨੌਜਵਾਨਾਂ ਦੀ ਤਲਾਸ਼ੀ ਲੈਣ 'ਤੇ ਅਮਨਦੀਪ ਸਿੰਘ ਪੁੱਤਰ ਓਮ ਲਾਲ ਵਾਸੀ ਪਿੰਡ ਖਿਆਲਾ ਬੁਲੰਦਾ ਥਾਣਾ ਗੜ੍ਹਦੀਵਾਲਾ ਕੋਲੋਂ ਇਕ 32 ਬੋਰ ਦਾ ਦੇਸੀ ਰਿਵਾਲਵਰ ਅਤੇ ਮਨਿੰਦਰ ਸਿੰਘ ਉਰਫ ਸੇਠੀ ਪੁੱਤਰ ਮੰਗਲ ਸਿੰਘ ਵਾਸੀ ਖੁਰਦਾਂ, ਸੁਖਰਾਜ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਖੁਰਦਾਂ ਅਤੇ ਕਮਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਖੁਰਦਾਂ ਕੋਲੋਂ 6 ਜਿੰਦਾ ਰੌਂਦ 32 ਬੋਰ ਬਰਾਮਦ ਹੋਏ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀਆਂ ਖਿਲਾਫ਼ ਗੜ੍ਹਦੀਵਾਲਾ ਅਤੇ ਹਰਿਆਣਾ ਥਾਣਿਆਂ ਵਿਚ ਵੱਖ-ਵੱਖ ਧਾਰਾਵਾਂ ਅਧੀਨ ਪਹਿਲਾਂ ਵੀ ਮਾਮਲੇ ਦਰਜ ਹਨ।


Karan Kumar

Content Editor

Related News