ਟਰਾਂਸਫਾਰਮਰਾਂ ’ਚੋਂ ਤੇਲ ਚੋਰੀ ਕਰਨ ਵਾਲੇ ਨਸ਼ਾ ਸਮੱਗਲਰ ਗੈਂਗ ਦੇ 4 ਮੈਂਬਰ ਚੜ੍ਹੇ ਪੁਲਸ ਦੇ ਅੜਿੱਕੇ

05/30/2023 9:15:50 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ) : ਟਾਂਡਾ ਪੁਲਸ ਨੇ ਇਲਾਕੇ ਅੰਦਰ ਟਰਾਂਸਫਾਰਮਰਾਂ ’ਚੋਂ ਬਿਜਲੀ ਦਾ ਤੇਲ ਚੋਰੀ ਕਰਨ ਵਾਲੇ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਥਾਣਾ ਟਾਂਡਾ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ’ਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ।

ਇਸੇ ਤਹਿਤ ਕੁਲਵੰਤ ਸਿੰਘ ਡੀ. ਐੱਸ. ਪੀ. ਸਬ-ਡਵੀਜ਼ਨ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਨਸ਼ਾ ਵੇਚਣ ਵਾਲੇ ਮਾੜੇ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੌਰਾਨ ਐੱਸ. ਆਈ. ਗੁਰਵਿੰਦਰ ਸਿੰਘ ਨੂੰ ਪੁਲਸ ਪਾਰਟੀ ਸਮੇਤ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਰੜਾ ਮੋੜ ’ਤੇ ਇਕ ਮਹਿੰਦਰਾ ਬੋਲੈਰੋ ਗੱਡੀ ਨੰਬਰ ਪੀ ਬੀ 02-ਸੀ ਆਰ-9704 ਨੂੰ ਰੋਕਿਆ, ਜਿਸ ’ਚੋਂ 4 ਵਿਅਕਤੀਆਂ ਨੂੰ ਭਾਰੀ ਮਾਤਰਾ ’ਚ ਨਸ਼ੇ ਵਾਲੇ ਪਦਾਰਥ ਅਤੇ ਗੱਡੀ ’ਚ ਬਿਜਲੀ ਦੇ ਟਰਾਂਸਫਾਰਮਰਾਂ ’ਚੋਂ ਚੋਰੀ ਕੀਤੇ ਹੋਏ ਤੇਲ ਸਮੇਤ ਕਾਬੂ ਕੀਤਾ।

ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਨੇ ਆਪਣੀ ਗੱਡੀ ਨੂੰ ਕਾਲੇ ਤਰਪਾਲ ਨਾਲ ਢਕ ਕੇ ਅੰਦਰ ਇਹ ਸਾਮਾਨ ਲੁਕੋ ਕੇ ਰੱਖਿਆਂ ਸੀ। ਇਨ੍ਹਾਂ ਕੋਲੋਂ ਚੋਰੀਸ਼ੁਦਾ ਤੇਲ ਤੋਂ ਇਲਾਵਾ ਤੇਲ ਕੱਢਣ ਲਈ ਵਰਤਿਆ ਜਾਂਦਾ ਸਾਜ਼ੋ-ਸਾਮਾਨ ਵੀ ਬਰਾਮਦ ਹੋਇਆ। ਇਨ੍ਹਾਂ ਨੇ ਥਾਣਾ ਟਾਂਡਾ ਤੇ ਹੋਰ ਵੱਖ-ਵੱਖ ਥਾਣਿਆਂ ਦੇ ਇਲਾਕਿਆਂ ’ਚੋਂ ਤੇਲ ਚੋਰੀ ਕੀਤਾ ਅਤੇ ਇਸ ਨੂੰ ਵੇਚ ਕੇ ਨਸ਼ੇ ਦੀ ਖਰੀਦੋ-ਫ਼ਰੋਖਤ ਕਰਕੇ ਵੱਖ-ਵੱਖ ਜਗ੍ਹਾ ਨਸ਼ਾ ਵੀ ਸਪਲਾਈ ਕਰਦੇ ਹਨ। ਇਨ੍ਹਾਂ ਸਾਰਿਆਂ ਨੇ ਰਲ ਕੇ ਇਕ ਗੈਂਗ ਬਣਾਇਆ ਹੋਇਆ ਹੈ । ਇਨ੍ਹਾਂ ’ਚੋਂ ਕੁਝ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮੇ ਦਰਜ ਹਨ ਤੇ ਹੁਣ ਜ਼ਮਾਨਤ ’ਤੇ ਬਾਹਰ ਆਏ ਹੋਏ ਹਨ। ਇਨ੍ਹਾਂ ਮੁਲਜ਼ਮਾਂ ਨੂੰ ਜ਼ਾਬਤੇ ਅਨੁਸਾਰ ਗ੍ਰਿਫ਼ਤਾਰ ਕਰਕੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਨ੍ਹਾਂ ਹੋਰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਦੀਪ ਸਿੰਘ ਉਰਫ ਸੁੱਖਾ ਪੁੱਤਰ ਸੰਤੋਖ ਸਿੰਘ ਵਾਸੀ ਭੱਟਾ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ, ਮੰਗਲ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਕੋਟਲਾ ਡੂੰਮ ਥਾਣਾ ਰਾਜਾਸਾਂਸੀ ਜ਼ਿਲ੍ਹਾ ਅੰਮ੍ਰਿਤਸਰ, ਹਰਪਾਲ ਸਿੰਘ ਉਰਫ ਬਾਦਲ ਪੁੱਤਰ ਗੁਰਦਿਆਲ ਸਿੰਘ ਵਾਸੀ ਸੰਧੂ ਕਾਲੋਨੀ ਘਨੂੰਪੁਰ ਕਾਲੇ ਥਾਣਾ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਤੇ ਰਿੰਕੂ ਸਾਗਰ ਪੁੱਤਰ ਜਗੀਰ ਸਿੰਘ ਵਾਸੀ ਘਨੂਪੁਰ ਕਾਲੇ ਵਾਲਾ ਮੋੜ ਸ੍ਰੀ ਹਰਿਕ੍ਰਿਸ਼ਨ ਨਗਰ ਗਲੀ ਨੰਬਰ 5 ਥਾਣਾ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ ਤੇ ਇਨ੍ਹਾਂ ਕੋਲੋਂ ਪੁਲਸ ਨੇ 565 ਗ੍ਰਾਮ ਨਸ਼ੇ ਵਾਲਾ ਪਦਾਰਥ, 370 ਲਿਟਰ ਚੋਰੀਸ਼ੁਦਾ ਟਰਾਂਸਫਾਰਮਰ ਦਾ ਤੇਲ, ਇਕ ਮਹਿੰਦਰਾ ਬੋਲੈਰੋ ਗੱਡੀ ਬਰਾਮਦ ਕਰਕੇ ਉਕਤ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


Manoj

Content Editor

Related News