ਕੱਪੜਾ ਵਪਾਰੀ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲੇ 3 ਮੈਂਬਰ ਕਾਬੂ

Tuesday, May 14, 2019 - 03:52 PM (IST)

ਨਵਾਂਸ਼ਹਿਰ (ਜੋਬਨ,ਤ੍ਰਿਪਾਠੀ)— ਨਵਾਂਸ਼ਹਿਰ ਦੀ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲੁੱਟਾਂ-ਖੋਹਾਂ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ। ਇਹ ਗੈਂਗ ਵੱਡੇ-ਵੱਡੇ ਵਪਾਰੀਆਂ ਨੂੰ ਕਾਲ ਕਰਕੇ ਉਨ੍ਹਾਂ ਨੂੰ ਲੱਕਾਂ ਰੁਪਏ ਦੀ ਫਿਰੌਤੀ ਦੀ ਮੰਗ ਕਰਦਾ ਸੀ। ਮਿਲੀ ਜਾਣਕਾਰੀ ਮੁਤਾਬਕ ਇਸੇ ਗੈਂਗ ਨੇ ਹੀ ਪਿਛਲੇ ਦਿਨੀਂ ਨਵਾਂਸ਼ਹਿਰ ਦੇ ਇਕ ਕੱਪੜਾ ਵਪਾਰੀ ਨੂੰ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਉਸ ਦੇ ਵਿਦੇਸ਼ ਬੈਠੇ ਬੇਟੇ ਸਮੇਤ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਪੁਲਸ ਨੇ ਇਨ੍ਹਾਂ ਦੇ ਕੋਲੋਂ ਇਕ ਰਿਵਾਲਵਰ, ਜ਼ਿੰਦਾ ਕਾਰਤੂਸ, ਮੋਬਾਇਲ ਫੋਨ, ਸਮੇਤ ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। ਪ੍ਰੈਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਟੀਚਰ ਕਲੋਨੀ ਵਾਸੀ ਰਾਕੇਸ਼ ਕੁਮਾਰ ਪੁੱਤਰ ਪ੍ਰੇਮ ਕੁਮਾਰ ਜੋ ਗਾਰਮੈਂਟਸ ਦਾ ਬਿਜ਼ਨੈੱਸ ਕਰਦਾ ਹੈ, ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ 25 ਅਪ੍ਰੈਲ ਨੂੰ ਉਸ ਦੇ ਮੋਬਾਇਲ ਫੋਨ 'ਤੇ ਕਿਸੇ ਅਣਪਛਾਤੇ ਕਾਲਰ ਨੇ ਕਾਲ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੇਣ ਜਾਂ ਪਰਿਵਾਰ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਾਲਰ ਲਗਾਤਾਰ ਨੈੱਟ ਫੋਨ ਕਾਲ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਹੈ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਥਾਣਾ ਸਿਟੀ ਨਵਾਂਸ਼ਹਿਰ 'ਚ ਮਾਮਲਾ ਦਰਜ ਕਰਕੇ ਐੱਸ. ਪੀ. (ਜਾਂਚ) ਵਜ਼ੀਰ ਸਿੰਘ ਖਹਿਰਾ ਦੀ ਅਗਵਾਈ 'ਚ ਡੀ. ਐੱਸ. ਪੀ. ਸਬ ਡਿਵੀਜ਼ਨ ਕੈਲਾਸ਼ ਚੰਦਰ, ਡੀ. ਐੱਸ. ਪੀ. (ਮੇਜਰ ਕ੍ਰਾਈਮ) ਪਰਮਜੀਤ ਸਿੰਘ ਅਤੇ ਇੰਸਪੈਕਟਰ ਕੁਲਜੀਤ ਰਾਏ ਐੱਸ. ਐੱਚ. ਓ. ਸਿਟੀ ਅਤੇ ਆਧਾਰਿਤ ਟੀਮ ਦਾ ਗਠਨ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਗੁਪਤ ਅਤੇ ਖੁਫੀਆਂ ਤੌਰ 'ਤੇ ਜਾਂਚ ਕਰਕੇ ਫਿਰੌਤੀ ਮੰਗਣ ਵਾਲੇ 3 ਅਰੋਪੀਆਂ ਦੀ ਪਛਾਣ ਜਗਤਾਰ ਸਿੰਘ ਉਰਫ ਲਾਡੀ ਪੁੱਤਰ ਸਵ. ਤਰਸੇਮ ਸਿੰਘ ਵਾਸੀ ਅਲੀਪੁਰ ਥਾਣਾ ਗੜਸ਼ੰਕਰ, ਵਿਨੋਦ ਕੁਮਾਰ ਉਰਫ ਵੀਨੂ ਪੁੱਤਰ ਜੀਤ ਰਾਮ ਵਾਸੀ ਕੁਨੈਲ ਥਾਣਾ ਗੜ•ਸ਼ੰਕਰ ਅਤੇ ਵਿਕਾਸ ਸ਼ਰਮਾ ਉਰਫ ਵਿੱਕੀ ਪੁੱਤਰ ਵਿਜੇ ਕੁਮਾਰ ਵਾਸੀ ਬੀਹੜਾਂ ਥਾਣਾ ਮਾਹਿਲਪੁਰ (ਹੁਸ਼ਿਆਰਪੁਰ) ਦੇ ਤੌਰ ਤੇ ਕਰਕੇ ਉਨ੍ਹਾਂ ਨੂੰ ਇਕ ਨਾਕੇ ਦੌਰਾਨ ਜਦੋਂ ਉਹ ਮੋਟਰਸਾਈਕਲ ਅਤੇ ਐਕਟਿਵਾ 'ਤੇ ਆ ਰਹੇ ਸਨ ਗ੍ਰਿਫਤਾਰ ਕੀਤਾ ਹੈ। 
ਗਿਰਫਤਾਰ ਆਰੋਪੀ ਵਪਾਰੀ ਦੀ ਦੁਕਾਨ ਦਾ ਰਹਿ ਚੁੱਕਾ ਹੈ ਕਰਮਚਾਰੀ
ਅਲਕਾ ਮੀਨਾ ਨੇ ਦੱਸਿਆ ਕਿ ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਗਿਰਫਤਾਰ ਆਰੋਪੀ ਜਗਤਾਰ ਸਿੰਘ ਉਰਫ ਲਾਡੀ ਕਰੀਬ 7-8 ਸਾਲ ਪਹਿਲਾਂ ਰੈਡੀਮੇਡ ਵਪਾਰੀ ਰਾਕੇਸ਼ ਕੁਮਾਰ ਦੀ ਦੁਕਾਨ 'ਤੇ ਕੰਮ ਕਰਦਾ ਸੀ। 2 ਸਾਲ ਤਕ ਉਪਰੋਕਤ ਦੁਕਾਨ 'ਤੇ ਕੰਮ ਕਰਨ ਤੋਂ ਬਾਅਦ ਉਸ ਨੇ ਨੌਕਰੀ ਛੱਡ ਦਿੱਤੀ ਸੀ, ਜਿਸ ਉਪਰੰਤ ਉਸ 'ਤੇ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ 'ਚ ਉਹ ਜੇਲ ਚਲਾ ਗਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਨਵਾਂਸ਼ਹਿਰ 'ਚ ਇਕ ਹੋਰ ਰੈਡੀਮੇਡ ਦੀ ਦੁਕਾਨ 'ਤੇ ਨੌਕਰੀ ਸ਼ੁਰੂ ਕੀਤੀ ਸੀ, ਜਿੱਥੇ ਉਸ ਦੀ ਜਾਣ-ਪਛਾਣ ਉਸੇ ਦੁਕਾਨ 'ਤੇ ਕੰਮ ਕਰਨ ਵਾਲੇ ਵਿਕਾਸ ਸ਼ਰਮਾ ਨਾਲ ਹੋਈ। ਇਸ ਉਪਰੰਤ ਉਨ੍ਹਾਂ ਦੀ ਜਾਣ ਪਛਾਣ ਵਿਨੋਦ ਕੁਮਾਰ ਉਰਫ ਵੀਨੂ ਨਾਲ ਹੋਈ।
ਜਲਦ ਅਮੀਰ ਬਣਨ ਦੇ ਚੱਕਰ 'ਚ ਲਾਡੀ ਨੇ ਵਿਕਾਸ ਸ਼ਰਮਾ ਅਤੇ ਵਿਨੋਦ ਕੁਮਾਰ ਨਾਲ ਬਣਾਈ ਸੀ ਫਿਰੌਤੀ ਦੀ ਯੋਜਨਾ
ਐੱਸ. ਐੱਸ. ਪੀ. ਨੇ ਦੱਸਿਆ ਕਿ ਜਲਦ ਅਮੀਰ ਬਣਨ ਦੇ ਚੱਕਰ ਵਿੱਚ ਜਗਤਾਰ ਸਿੰਘ ਉਰਫ ਲਾਡੀ ਨੇ ਵਿਕਾਸ ਸ਼ਰਮਾ ਅਤੇ ਵਿਨੋਦ ਕੁਮਾਰ ਦੇ ਨਾਲ ਮਿਲ ਕੇ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ, ਜਿਸ ਦੇ ਤਹਿਤ ਵਿਨੋਦ ਕੁਮਾਰ ਜੋ ਪਹਿਲਾਂ ਦੁਬਈ ਰਹਿ ਚੁੱਕਾ ਹੈ ਨੇ ਦੁਬਈ ਤੋਂ ਇਕ ਫੋਲ ਕਾਰਡ (ਕੈਸ਼ ਕਾਰਡ) ਕਾਲ ਕਰਨ ਲਈ ਮੰਗਵਾਇਆ ਸੀ, ਜਿਸ 'ਤੇ ਉਹ ਵਪਾਰੀ ਰਾਕੇਸ਼ ਕੁਮਾਰ ਨੂੰ ਪਰਿਵਾਰ ਨੂੰ ਜਾਨੋਂ ਮਾਰਨ ਦੀਆਂਧਮਕੀਆਂ ਦੇ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਸਨ। ਪੁਲਸ ਨੇ ਦੱਸਿਆ ਕਿ ਵਪਾਰੀ ਵੱਲੋਂ ਪੈਸੇ ਦੇਣ ਸੰਬੰਧੀ ਗੱਲ ਨੂੰ ਅੱਗੇ ਵੱਧਦਾ ਨਾ ਦੇਖ ਕੇ ਉਪਰੋਕਤ ਆਰੋਪੀ ਪਰਿਵਾਰ ਜੇ ਕਿਸੇ ਬੱਚੇ ਨੂੰ ਅਗਵਾ ਕਰਕੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਨੁਕਸਾਨ ਪੁਜਾਉਣ ਦੀ ਯੋਜਨਾ ਬਣਾ ਰਹੇ ਸਨ। 
ਗਿਰਫਤਾਰ ਆਰੋਪੀਆਂ ਨੇ ਗੜਸ਼ੰਕਰ ਰੋਡ 'ਤੇ ਸਥਿਤ ਕੈਮਿਸਟ ਨੂੰ ਲੁੱਟਣ ਦੀ ਕੋਸ਼ਿਸ ਵਿੱਚ ਕੀਤਾ ਸੀ ਜਾਨਲੇਵਾ ਹਮਲਾ
ਐੱਸ. ਐੱਸ. ਪੀ. ਨੇ ਦੱਸਿਆ ਕਿ 4 ਅਪ੍ਰੈਲ 2019 ਨੂੰ ਅਣਪਛਾਤੇ ਲੁਟੇਰਿਆਂ ਨੇ ਨਵਾਂਸ਼ਹਿਰ ਦੇ ਹਰਜਿੰਦਰ ਸਿੰਘ ਜੋ ਅਲਾਚੌਰ ਵਿੱਚ ਕੈਮਿਸਟ ਦੀ ਦੁਕਾਨ ਕਰਦਾ ਹੈ, ਨੂੰ ਰਾਤ ਦੇ ਸਮੇਂ ਦੁਕਾਨ ਬੰਦ ਕਰਦੇ ਜਦੋਂ ਵਾਪਸ ਨਵਾਂਸ਼ਹਿਰ ਆਪਣੇ ਘਰ ਆ ਰਿਹਾ ਸੀ ਤਾਂ ਉਪਰੋਕਤ ਆਰੋਪੀਆਂ ਨੇ ਲੁੱਟਣ ਦੀ ਨਿਯਤ ਨਾਲ ਮਾਰਨ ਦੀ ਕੋਸ਼ਿਸ ਕਰਦੇ ਹੋਏ ਪਿਸਤੌਲ ਨਾਲ ਫਾਇਰ ਕੀਤਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਪਰੋਕਤ ਆਰੋਪੀਆਂ ਨੇ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣਾ ਵੀ ਸਵੀਕਾਰ ਕੀਤਾ ਹੈ।
ਅਰੋਪੀਆਂ ਨੇ ਮੋਹਾਲੀ ਸਥਿਤ ਇਕ ਲੜਕੀ ਦੇ ਕਤਲ ਦੀ ਲਈ ਸੀ ਸੁਪਾਰੀ
ਐੱਸ. ਐੱਸ. ਪੀ. ਨੇ ਦੱਸਿਆ ਕਿ ਵਿਨੋਦ ਕੁਮਾਰ ਨੇ ਪੁਲਸ ਜਾਂਚ 'ਚ ਦੱਸਿਆ ਕਿ ਨਵੰਬਰ 2018 'ਚ ਜਦੋਂ ਉਹ ਦੁਬਈ 'ਚ ਸੀ ਤਾਂ ਟਰੱਕ ਡਰਾਇਵਰ ਸੁਲਤਾਨ ਰਾਹੀਂ ਕੀਤੀ ਮਾਰਫਤ ਅਮ੍ਰਿਤਸਰ ਵਾਸੀ ਯਾਦਵਿੰਦਰ ਸਿੰਘ ਨਾਲ ਹੋਈ ਗੱਲਬਾਤ 'ਚ ਉਸ ਨੂੰ ਮੋਹਾਲੀ ਸਥਿਤ ਇਕ ਲੜਕੀ ਦਾ ਕਤਲ ਕਰਨ ਦੀ ਸੁਪਾਰੀ ਮਿਲੀ ਸੀ, ਜਿਸ ਦੇ ਲਈ 90 ਹਜ਼ਾਰ ਰੁਪਏ ਦੀ ਰਾਸ਼ੀ ਉਸ ਦੇ ਖਾਤੇ 'ਚ ਟਰਾਂਸਫਰ ਕੀਤੀ ਗਈ ਸੀ। ਉਕਤ ਸੁਪਾਰੀ ਦੇ ਆਧਾਰ 'ਤੇ ਉਕਤ ਅਰੋਪੀ ਮੋਹਾਲੀ ਦੀ ਲੜਕੀ ਦਾ ਕਤਲ ਕਰਨ ਦੀ ਯੋਜਨਾ ਤਿਆਰ ਕਰ ਰਹੇ ਸਨ। 
ਅਰੋਪੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਲਿਆ ਪੁਲਸ ਰਿਮਾਂਡ 'ਤੇ
ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਅਰੋਪੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਅਰੋਪੀ ਵਿਨੋਦ ਕੁਮਾਰ ਉਰਫ ਬੀਨੂ 'ਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਅੱਧੀ ਦਰਜ਼ਨ ਤੋਂ ਵੱਧ ਅਪਰਾਧਕ ਮਾਮਲੇ ਪਹਿਲਾ ਤੋਂ ਹੀ ਦਰਜ ਹਨ। ਇਸੇ ਤਰ੍ਹਾਂ ਨਾਲ ਜਗਤਾਰ ਉਰਫ ਲਾਡੀ ਅਤੇ ਆਰਮ ਐਕਟ ਅਤੇ ਲੁੱਟ ਖੋਹ ਸਣੇ ਹੁਣ ਤੱਕ ਕੁੱਲ 4 ਮਾਮਲੇ ਦਰਜ ਹਨ ਜਦੋਂਕਿ ਵਿਕਾਸ 'ਤੇ ਮੌਜੂਦਾ ਮਾਮਲੇ ਦੇ ਇਲਾਵਾ ਗੜ•ਸ਼ੰਕਰ ਰੋਡ 'ਤੇ ਕੈਮਿਸਟ ਨੂੰ ਲੁੱਟਣ ਅਤੇ ਹੱਤਿਆ ਦੀ ਕੋਸ਼ਿਸ ਦਾ ਮਾਮਲਾ ਦਰਜ ਹੈ।


shivani attri

Content Editor

Related News