ਗੱਡੀ ਪਲਟਣ ਕਾਰਨ 3 ਪ੍ਰਵਾਸੀ ਮਜ਼ਦੂਰਾਂ ਦੀ ਮੌਤ

08/08/2020 5:04:23 PM

ਮੱਲ੍ਹੀਆਂ ਕਲਾਂ (ਟੁੱਟ) : ਅੱਜ ਇਥੇ ਪ੍ਰਵਾਸੀ ਮਜ਼ਦੂਰਾਂ ਨਾਲ ਲੱਦੀ ਗੱਡੀ ਖੰਭੇ ਨਾਲ ਟਕਰਾ ਗਈ, ਜਿਸ ਕਾਰਨ 3 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਅਤੇ 8 ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਸ ਚੌਕੀ ਉੱਗੀ ਦੇ ਇੰਚਾਰਜ ਐੱਸ. ਆਈ. ਲਵਲੀਨ ਕੁਮਾਰ ਨੇ ਦੱਸਿਆ ਕਿ ਪਿੰਡ ਫਤਿਹਪੁਰ ਦੇ ਇਤਿਹਾਸਕ ਗੁਰਦੁਆਰਾ ਤੀਰਥ ਸਾਹਿਬ ਵਿਖੇ ਕੰਮ ਚੱਲ ਰਿਹਾ ਹੈ। ਦਲਜੀਤ ਸਿੰਘ ਪੁੱਤਰ ਮਲਕੀਤ ਸਿੰਘ ਆਪਣੀ ਮਹਿੰਦਰਾ ਗੱਡੀ ਵਿਚ ਲੇਬਰ (ਪ੍ਰਵਾਸੀ ਮਜ਼ਦਰਾਂ) ਨੂੰ ਲੱਦ ਕੇ ਲੈ ਜਾ ਰਿਹਾ ਸੀ । ਗੁਰਦੁਆਰਾ ਸਾਹਿਬ ਤੋਂ ਕੁਝ ਕੁਝ ਦੂਰੀ 'ਤੇ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਕੰਧ ਵਿਚ ਜਾ ਵੱਜੀ। ਇਸ ਉਪਰੰਤ ਕੰਧ ਪ੍ਰਵਾਸੀ ਮਜ਼ਦੂਰਾਂ ਉਪਰ ਆ ਡਿੱਗੀ । ਇਸ ਹਾਦਸੇ 'ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਪ੍ਰਵਾਸੀ ਮਜ਼ਦੂਰਾਂ ਦੀ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਚਾਲਕ ਸਮੇਤ 8 ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ । ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਸ਼ਿਵ ਸ਼ੰਕਰ ਪੁੱਤਰ ਮੰਗਵੇਸ਼ਰ, ਅਰੁਣ ਭੰਡਾਰੀ, ਦੁੱਖੀ ਸਾਨੀ ਪੁੱਤਰ ਚਲਚਿੱਤਰ ਵਜੋਂ ਹੋਈ ਹੈ । ਪੁਲਸ ਨੇ ਲਾਸ਼ਾਂ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰੱਖਵਾ ਦਿੱਤੀਆਂ ਹਨ।

ਇਹ ਵੀ ਪੜ੍ਹੋ : ਹਥਿਆਰਾਂ ਨਾਲ ਲੈਸ 30 ਨੌਜਵਾਨਾਂ ਨੇ ਰੈਸਟੋਰੈਂਟ 'ਚ ਦਾਖ਼ਲ ਹੋ ਕੀਤਾ ਜਾਨਲੇਵਾ ਹਮਲਾ

ਗੈਸ ਚੜ੍ਹਨ ਕਾਰਨ 2 ਵਿਅਕਤੀਆਂ ਦੀ ਮੌਤ

ਮੰਡੀ ਚੋਹਲੀਆਂ ਵਿਖੇ ਮੈਂਥਾ ਪਲਾਂਟ ਵਿਚ ਗੈਸ ਚੜ੍ਹਨ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੁੱਖ ਥਾਣਾ ਅਫ਼ਸਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡੀ ਚੋਹਲੀਆਂ ਮੈਂਥਾ ਪੁਦੀਨਾ ਦੀ ਫੈਕਟਰੀ ਵਿਚ ਪਾਲਾ ਸਿੰਘ (50) ਅਤੇ ਫੁੰਮਣ ਸਿੰਘ ਸਿੰਘ (42) ਦੋਵੇਂ ਪੁੱਤਰ ਫੌਜਾ ਸਿੰਘ ਮੈਂਥਾ ਫੈਕਟਰੀ ਦੇ 15 ਡਰੰਮਾਂ ਦੀ ਸਫ਼ਾਈ ਕਰਨ ਲਈ ਉਤਰੇ ਹੀ ਸਨ ਕਿ ਗੈਸ ਚੜ੍ਹਨ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਉਨ੍ਹਾਂ ਦਾ ਬਚਾਅ ਕਰਨ ਗਏ ਗੁਰਦੀਪ ਸਿੰਘ ਪੁੱਤਰ ਇੰਦਰ ਸਿੰਘ ਨੂੰ ਵੀ ਗੈਸ ਚੜ੍ਹ ਗਈ। ਗੁਰਦੀਪ ਸਿੰਘ ਨੂੰ ਮੁੱਢਲੀ ਸਹਾਇਤਾ ਲਈ ਲੋਹੀਆਂ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਉਣ ਉਪਰੰਤ ਜਲੰਧਰ ਵਿਖੇ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦਸਿਆ ਕਿ ਘਰ ਵਾਲਿਆਂ ਨੇ ਬਿਆਨ ਦਿੱਤੇ ਹਨ ਕਿ ਉਨ੍ਹਾਂ ਨੇ ਕੋਈ ਵੀ ਕਾਰਵਾਈ ਨਹੀਂ ਕਰਵਾਉਣੀ ਹੈ। ਇਸ ਲਈ 174 ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਮਿਸਾਲ ਬਣੀ 'ਚਾਹ ਵਾਲੇ ਦੀ ਗੁਰੂ ਦਕਸ਼ਣਾ', ਦੁਕਾਨ ਨੂੰ ਬਣਾਇਆ ਹੈਲਪ ਡੈਸਕ


Anuradha

Content Editor

Related News